ਫਤਹਿਗੜ੍ਹ ਸਾਹਿਬ – ਫਤਹਿਗੜ੍ਹ ਸਾਹਿਬ ਦੇ ਪਿੰਡ ਚਨਾਰਥਲ ਕਲਾਂ ਵਿਖੇ ਮਨਾਏ ਜਾਂਦੇ ਦੁਸਹਿਰੇ ਦੇ ਤਿਉਹਾਰ ਨੇ ਪੰਜਾਬ ਵਿੱਚ ਇਸ ਨਗਰ ਦੀ ਵਿਲੱਖਣ ਪਹਿਚਾਣ ਬਣਾ ਦਿੱਤੀ ਹੈ। ਨਗਰ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਲਗਭੱਗ ਪਿਛਲੇ 137 ਸਾਲਾਂ ਤੋਂ ਇਹ ਤਿਉਹਾਰ ਬੜੀ ਧੂਮ ਧਾਮ ਤੇ ਉਤਸ਼ਾਹ ਪੂਰਵਕ ਮਨਾਇਆ ਜਾ ਰਿਹਾ ਹੈ। ਦਸ ਦਿਨ ਚੱਲਦੇ ਇਸ ਮਹਾਂਉਤਸਵ ਵਿੱਚ ਰਾਮ ਲੀਲਾ ਕਲੱਬ ਵੱਲੋਂ ਰਾਮ ਲੀਲਾ ਕਰਵਾਈ ਜਾਂਦੀ ਹੈ। ਇਸ ਵਾਰ ਹਰਾਮ ਲੀਲਾ ਦਾ ਉਦਘਾਟਨ ਤੋਂ ਲੈ ਕੇ ਹੁਣ ਤੱਕ ਵੱਖੋ ਵੱਖ ਰਾਜਨੀਤਿਕ ਤੇ ਸਮਾਜਿਕ ਸ਼ਖਸ਼ੀਅਤਾਂ ਨੇ ਆਪਣੀ ਹਾਜ਼ਰੀ ਲਗਵਾਈ। ਰਾਮ ਲੀਲਾ ਦੇ ਸੱਤਵੇਂ ਦਿਨ ‘ਤੇ ਸ੍ਰੀ ਸ਼ਿਵ ਕੁਮਾਰ ਐਸ.ਐਸ.ਪੀ. ਜ਼ੋਨਲ ਵਿਜੀਲੈਂਸ ਨੇ ਇਲਾਕੇ ਤੋਂ ਆਏ ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਕੋਈ ਵੀ ਧਾਰਮਿਕ ਕੰਮ ਕਰਨ ਨਾਲ ਜਿੱਥੇ ਸਾਨੂੰ ਦਿਲੀ ਸਕੂਨ ਮਿਲਦਾ ਹੈ, ਉੱਥੇ ਹੀ ਇਹ ਤਿਉਹਾਰ ਵਿਰਸੇ ਨੂੰ ਸੁਰਜੀਤ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।
ਸ੍ਰੀ ਸ਼ਿਵ ਕੁਮਾਰ ਨੇ ਆਖਿਆ ਕਿ ਸਾਨੂੰ ਹਰੇਕ ਧਰਮ ਇਹੀ ਸਿੱਖਿਆ ਦਿੰਦਾ ਹੈ ਕਿ ਸਾਨੂੰ ਅਜਿਹੇ ਕਾਰਜ ਕਰਨੇ ਚਾਹੀਦੇ ਹਨ ਜਿਸ ਨਾਲ ਸਮਾਜ ਨੂੰ ਸਹੀ ਸੇਧ ਮਿਲੇ ਅਤੇ ਗੁਰੂਆਂ ਪੀਰਾਂ ਦੇ ਪਾਏ ਹੋਏ ਪੂਰਨਿਆਂ ‘ਤੇ ਚੱਲ ਕੇ ਆਉਣ ਵਾਲੀ ਪੀੜ੍ਹੀ ਦੇਸ਼ ਦਾ ਵਿਕਾਸ ਕਰ ਸਕੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਿਸ ਉਤਸ਼ਾਹ ਨਾਲ ਉਹ ਰਾਮ ਲੀਲਾ ਨੂੰ ਵੇਖ ਰਹੇ ਹਨ, ਉਸੇ ਜੋਸ਼ ਨਾਲ ਸਮਾਜਿਕ ਬੁਰਾਈਆਂ ਖਿਲਾਫ ਡਟ ਕੇ ਮੁਕਾਬਲਾ ਕਰਨ। ਉਨ੍ਹਾਂ ਨੋਜਵਾਨ ਪੀੜ੍ਹੀ ਨੂੰ ਸੰਦੇਸ਼ ਦਿੰਦਿਆਂ ਆਖਿਆ ਕਿ ਸਾਡੀ ਇਸ ਪਵਿੱਤਰ ਧਰਤੀ ‘ਤੇ ਜੋ ਨਸ਼ੇ ਦਾ ਛੇਵਾ ਦਰਿਆ ਵਗ ਰਿਹਾ ਹੈ। ਇਸ ਨੂੰ ਠੱਲ੍ਹ ਪਾਉਣ ਲਈ ਸਾਨੂੰ ਧਾਰਮਿਕ ਸਮਾਗਮਾਂ ਤੇ ਖੇਡਾਂ ਨਾਲ ਜੁੜ ਕੇ ਆਪਣੇ ਜੀਵਨ ਨੂੰ ਖੁਸ਼ਹਾਲ ਤੇ ਆਪਣੇ ਮਿਪਆਂ ਦੇ ਸੁਪਨਿਆਂ ਨੂੰ ਸਾਕਾਰ ਕਰਨਾ ਚਾਹੀਦਾ ਹੈ। ਇਸ ਮੌਕੇ ਹੋਰਨਾਂ ਤੋਂ ਇਨਾਵਾ ਸ੍ਰ: ਹਰੀ ਸਿੰਘ ਟੌਹੜਾ ਪ੍ਰਧਾਨ ਪੰਜਾਬ ਸਟੇਟ ਕਰਮਚਾਰੀ ਦਲ, ਸ੍ਰ: ਨਨਦੀਪ ਸਿੰਘ ਬੱਬੂ ਪ੍ਰਧਾਨ ਰਾਮ ਲੀਲਾ ਕਲੱਬ, ਸ: ਅਵਤਾਰ ਸਿੰਘ ਠੇਕੇਦਾਰ, ਸ੍ਰ: ਸੰਜੀਵ ਕੁਮਾਰ, ਸ: ਜੱਗਾ ਸਿੰਘ, ਸ: ਜਗਦੀਪ ਸਿੰਘ ਨੰਬਰਦਾਰ, ਸ: ਰਛਪਾਲ ਸਿੰਘ ਵੀ ਸਾਮਲ ਹੋਏ ।