ਅੰਮ੍ਰਿਤਸਰ – ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸਿਸ ਦੇ ਮੈਂਬਰ, ਮੰਜਰੀ ਕੈਕਰ ਨੇ ਅੱਜ ਇੱਕ ਇਨਕਮ ਟੈਕਸ ਅਫਸਰਾਂ ਦੇ ਵੱਡੇ ਇਕੱਠ ਨੂੰ ਸਥਾਨਕ ਖਾਲਸਾ ਕਾਲਜ ਵਿਖੇ ਸੰਬੋਧਤ ਕੀਤਾ। ਉਨ੍ਹਾਂ ਨੇ ਇਨਕਮ ਟੈਕਸ ਅਧਿਕਾਰੀਆਂ ਨੂੰ ਵਿੱਤੀ ਸਾਲ ੨੦੧੧-੧੨ ਦੇ ਟੈਕਸ ਉਗਰਾਹੀ ਦੇ ਮਿੱਥੇ ਟੀਚਿਆਂ ਨੂੰ ਹਾਸਲ ਕਰਨ ਲਈ ਸਾਰੇ ਅਫਸਰਾਂ ਨੂੰ ਜੱਦੋ-ਜਹਿਦ ਕਰਨ ਦਾ ਹੋਕਾ ਦਿੱਤਾ। ਉਨ੍ਹਾਂ ਨੇ ਜਿੱਥੇ ਅਫਸ਼ਰਾਂ ਅਤੇ ਅਧਿਕਾਰੀਆਂ ਦੇ ਕੰਮ ਦੀ ਸ਼ਲਾਘਾ ਕੀਤੀ ਉੱਥੇ ਹੀ ਉਨ੍ਹਾਂ ਨੂੰ ਕਿਹਾ ਕਿ ਉਹ ਕੌਮੀ ਪੱਧਰ ਦੇ ਮਿੱਥੇ ਟੀਚਿਆਂ, ਜਿੰਨ੍ਹਾਂ ਵਿੱਚ ੫,੮੫,੦੦੦ ਕਰੋੜ ਰੁਪਏ ਦੀ ਟੈਕਸ ਕੁਲੈਕਸ਼ਨ ਦਾ ਟਾਰਗੈੱਟ ਹੈ, ਨੂੰ ਹਾਸਲ ਕਰਨ ਲਈ ਕਮਰ ਕੱਸ ਲੈਣ।
ਮੰਜਰੀ ਕੈਕਰ ਅਤੇ ਉਨ੍ਹਾਂ ਦੇ ਨਾਲ ਆਏ ਅੰਮ੍ਰਿਤਸਰ ਦੇ ਚੀਫ ਕਮਿਸ਼ਨਰ, ਕੇ.ਐਸ. ਪਠਾਨੀਆ ਨੂੰ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਮੀਤ ਪ੍ਰਧਾਨ, ਚਰਨਜੀਤ ਸਿੰਘ ਚੱਢਾ, ਆਨਰੇਰੀ ਸਕੱਤਰ, ਰਾਜਿੰਦਰਮੋਹਨ ਸਿੰਘ ਛੀਨਾ ਅਤੇ ਕੌਂਸਲ ਦੇ ਮੈਂਬਰ, ਹਰਮਿੰਦਰ ਸਿੰਘ, ਅਜਮੇਰ ਸਿੰਘ ਹੇਰ, ਪੀ.ਐਸ.ਸੇਠੀ ਅਤੇ ਕਾਲਜ ਦੇ ਪ੍ਰਿੰਸੀਪਲ, ਡਾ. ਦਲਜੀਤ ਸਿੰਘ ਨੇ ਫੁੱਲਾਂ ਦੇ ਗੁਲਦਸਤੇ ਭੇਟ ਕਰਕੇ ਜੀ ਆਇਆਂ ਆਖਿਆ।
ਕੈਕਰ ਜੋ ਕਿ ੧੯੭੪ ਬੈਚ ਦੇ ਇੰਡੀਅਨ ਰੈਵੀਨਿਊ ਸਰਵਿਸ ਦੇ ਅਫਸਰ ਹਨ ਅਤੇ ਉਨ੍ਹਾਂ ਕੋਲ ਪੰਜਾਬ ਤੋਂ ਇਲਾਵਾ ਉੱਤਰ ਪ੍ਰਦੇਸ਼, ਨਵੀਂ ਦਿੱਲੀ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ ਅਤੇ ਜੰਮੁ ਅਤੇ ਕਸ਼ਮੀਰ ਰਾਜਾਂ ਦਾ ਚਾਰਜ ਹੈ, ਨੇ ਖਾਲਸਾ ਕਾਲਜ ਦੀ ਆਲੀਸ਼ਾਨ ਅਤੇ ਇਤਿਹਾਸਕ ਆਰਕੀਟੈਕਟ ਸਟਾਈਲ ਨੂੰ ਸਲਾਹਿਆ। ਉਨ੍ਹਾਂ ਨੇ ਆਪਣੇ ਸੰਬੋਧਨ ਦੇ ਦੌਰਾਨ ਕੋਈ ੧੦੦ ਦੇ ਕਰੀਬ ਅਫਸਰਾਂ ਨੂੰ ਇਹ ਹਦਾਇਤਾਂ ਦਿੱਤੀਆਂ ਕਿ ਉਹ ਰਾਤ-ਦਿਨ ਮਿਹਨਤ ਕਰਕੇ ਆਪਣੇ ਦਿੱਤੇ ਹੋਏ ਟੀਚਿਆਂ ਨੂੰ ਪ੍ਰਾਪਤ ਕਰਨ।
ਕੈਕਰ ਨੇ ਇਕ ਮਿਡ-ਟਰਮ ਰੀਵੀਓ ਮੀਟਿੰਗ ਨੂੰ ਵੀ ਸੰਬੋਧਨ ਕੀਤਾ ਜਿੱਥੇ ਉਨ੍ਹਾਂ ਨੇ ਇਨਕਮ ਟੈਕਸ ਰਿਟਰਨਾਂ ਦਾ ਜਲਦ ਤੋਂ ਜਲਦ ਨਿਪਟਾਰਾ ਕਰਨ ਲਈ ਕਿਹਾ ਤਾਂ ਕਿ ਆਮ ਲੋਕ ਕਿਸੇ ਵੀ ਤਰ੍ਹਾਂ ਦੀ ਖੱਜਲ ਖੁਆਰੀ ਦਾ ਸਾਹਮਣਾ ਨਾ ਕਰਨ। ਉਨ੍ਹਾਂ ਨੇ ਅਫਸਰਾਂ ਨੂੰ ਘੱਟ ਰਹੇ ਅਡਵਾਂਸ ਟੈਕਸ ਦੀ ਉਗਰਾਹੀ ‘ਤੇ ਅਗਾਹ ਕੀਤਾ ਅਤੇ ਕਿਹਾ ਕਿ ਇਸ ਖੇਤਰ ਵਿੱਚ ਉਹ ਖਾਸ ਧਿਆਨ ਦੇਣ। ਉਨ੍ਹਾਂ ਨੇ ਕਿਹਾ ਕਿ ਇਸ ਵਿੱਤੀ ਸਾਲ ਦੇ ਅਜੇ ਵੀ ਛੇ ਮਹੀਨੇ ਬਾਕੀ ਹਨ ਅਤੇ ਅਫਸਰਾਂ ਦੇ ਕੋਲ ਇਹ ਸਮਾਂ ਹੇ ਕਿ ਉਹ ਆਪਣੇ ਦਿੱਤੇ ਹੋਏ ਕੰਮਾਂ ਦੀ ਸਮੀਖਿਆ ਕਰਨ ਅਤੇ ਨਵੇਂ ਨਿਯਮ ਅਪਣਾਉਣ ਤਾਂ ਕਿ ਟੀਚੇ ਪ੍ਰਾਪਤ ਹੋ ਸਕਣ।
ਇਸ ਮੌਕੇ ‘ਤੇ ਹਰਭਜਨ ਸਿੰਘ, ਕਮਿਸ਼ਨਰ-੧; ਸੁਰਿੰਦਰਜੀਤ ਸਿੰਘ, ਕਮਿਸ਼ਨਰ ਅਪੀਲ ਅਤੇ ਐਡਿਸ਼ਨਲ ਕਮਿਸ਼ਨਰ, ਆਭਾ ਰਾਣੀ ਅਤੇ ਟੀ.ਪੀ. ਸਿੰਘ ਵੀ ਮੋਜੂਦ ਸਨ।