ਬਿਕਰਮਜੀਤ ਸਿੰਘ ‘ਜੀਤ’
sethigem@yahoo.com
ਪਾਪ ਕਮਾਇਆ ਸੀ ਰਾਵਣ ਨੇਂ
ਸਦੀਆਂ ਤੋਂ ਓਹ ਫੂਕਿਆ ਜਾਵੇ
ਸੱਚ ਭਲਾਈ ਓੜਕ ਉਭਰੇ
ਝੂਠ ਬੁਰਾਈ ਲਾਹਨਤ ਖਾਵੇ
ਪਰ ਅਜ ਸਰੇ-ਆਮ ਹਾਂ ਫ਼ਿਰਦੇ
ਰਾਵਣ ਵਰਗੇ ਕਰਮ ਅਸਾਂ ਦੇ
ਪਾ ਕੇ ਉੱਪਰ ਖੱਲ ਭੇਡ ਦੀ
ਪਰ ਤਨ ਧਨ ਤੇ ਨਜ਼ਰ ਟਿਕਾਂਦੇ
ਭੇਖੀ ਭਗਤ ਹਾਂ ਬਗਲੇ ਵਰਗੇ
ਧਰਮ ਕਰਮ ਦੀ ਡੋੰਡੀ ਕਰੀਏ
ਕਥਨੀ ਕਰਨੀ ਵੱਖ ਵੱਖ ਸਾਡੀ
ਨਿਜ-ਹਿਤ ਕਾਰਣ ਆਗੂ ਬਣੀਏ
ਈਸ਼ਵਰ ਦੇਵੇ ਸਦਬੁਧੀ ਸਾਨੂੰ
ਮੱਤ ਸਾਡੀ ਹੁਣ ਆਵੇ ਥਾਂ
ਲਈਏ ਮੂਲ ਪਛਾਣ ਆਪਣਾਂ
ਸੱਚੇ ਪਿਤਾ ਦਾ ਜਪੀਏ ਨਾਂ
ਆਓ ਚੁਕਿਏ ਮਿਲ ਕੇ ਬੀੜਾ
ਬਣਾਈਏ ਸੁਥਰਾ ਇਹ ਸੰਸਾਰ
ਕਰੀਏ ਕਰਮ ਸਦ ਉੱਚੇ ਸੁੱਚੇ
ਰਾਵਣ ਮਨ ਚੋਂ ਸੁੱਟੀਏ ਬਾਹਰ
ਅਸੀਂ ਪ੍ਰਭੂ ਦੀ ਅੰਸ਼ ਹਾਂ ਸਾਰੇ
ਇਹ ਗਲ ਪੱਕੀ ਲਈਏ ਜਾਣ
ਕੱਲ ਵੀ ਸਤਯੁਗ ਵਾਂਗੂੰ ਲੱਗੇ
ਕਰੀਏ ਉੱਦਮ ਰੱਬ ਦੇਵੇ ਤਾਣ
‘ਜੀਤ’ ਦੀ ਮਨਸ਼ਾ ਹੋਵੇ ਪੂਰਨ
ਕਰੇ ਮੇਹਰ ਓਹ ਸੱਚਾ ਸਾਈਂ
ਦਾਨਵਤਾ ਦੀ ਬੱਲੇ ਹੋਲੀ
ਜਿੱਤੇ ਮਾਨਵਤਾ ਹਰ ਥਾਈਂ
=====================