October 8, 2011 admin

ਜ਼ਿਲ੍ਹਾ ਮੈਜਿਸਟਰੇਟ ਵੱਲੋਂ ਬਿਨਾਂ ਪ੍ਰਵਾਨਗੀ/ਲਾਇਸੰਸ ਤੋਂ ਪਟਾਕੇ ਵੇਚਣ ਅਤੇ ਸਟੋਰ ਕਰਨ ‘ਤੇ ਪਾਬੰਦੀ ਦੇ ਆਦੇਸ਼

ਪਟਿਆਲਾ – ਦੀਵਾਲੀ ਅਤੇ ਹੋਰ ਤਿਓਹਾਰਾਂ ਮੌਕੇ ਪਟਾਕਿਆਂ ਦੇ ਥੋਕ ਅਤੇ ਰਿਟੇਲ ਦੁਕਾਨਦਾਰਾਂ ਵੱਲੋਂ ਬਿਨਾਂ ਲਾਇਸੰਸ ਅਤੇ ਮਨਜ਼ੂਰੀ ਤੋਂ ਪਟਾਕਿਆਂ ਦੀ ਵਰਤੋਂ, ਖਰੀਦ ਅਤੇ ਸਟੋਰੇਜ਼ ਕਾਰਨ ਵਾਪਰਦੇ ਹਾਦਸਿਆਂ ਨੂੰ ਰੋਕਣ ਲਈ ਜ਼ਿਲ੍ਹਾ ਮੈਜਿਸਟਰੇਟ ਪਟਿਆਲਾ ਸ਼੍ਰੀ ਵਿਕਾਸ ਗਰਗ ਨੇ ਫੌਜਦਾਰੀ, ਜ਼ਾਬਤਾ, ਸੰਘਤਾ 1973 ਦੀ ਧਾਰਾ 144 ਅਧੀਨ ਮਨਾਹੀ ਦੇ ਹੁਕਮ ਜਾਰੀ ਕੀਤੇ ਹਨ । ਮਨਾਹੀ ਦੇ ਇਨ੍ਹਾਂ ਹੁਕਮਾਂ ਅਨੁਸਾਰ ਮਾਣਯੋਗ ਸੁਪਰੀਮ ਕੋਰਟ ਵੱਲੋਂ ਆਵਾਜ਼ੀ ਅਤੇ ਵਾਤਾਵਰਣ ਪ੍ਰਦੂਸ਼ਣ ਨੂੰ ਰੋਕਣ ਸਬੰਧੀ ਜਾਰੀ ਕੀਤੇ ਆਦੇਸ਼ਾਂ ਤਹਿਤ ਅਜਿਹੇ ਪਟਾਕਿਆਂ ਨੂੰ ਬਣਾਉਣ, ਵੇਚਣ, ਵਰਤਣ ਅਤੇ ਸਟੋਰ ਕਰਨ ‘ਤੇ ਮੁਕੰਮਲ ਪਾਬੰਦੀ ਹੋਵੇਗੀ ਜਿਨ੍ਹਾਂ ਦੇ ਚਲਾਏ ਜਾਣ ‘ਤੇ ਚੱਲਣ ਵਾਲੇ ਸਥਾਨ ਤੋਂ ਚਾਰ ਮੀਟਰ ਦੇ ਦਾਇਰੇ ਅੰਦਰ 125 ਡੀ.ਬੀ. (ਏ.ਆਈ) ਜਾਂ 145 ਡੀ.ਬੀ. (ਸੀ) ਪੀ.ਕੇ ਤੋਂ ਵੱਧ ਆਵਾਜ਼ ਤੇ ਧਮਕ ਪੈਦਾ ਹੁੰਦੀ ਹੋਵੇ ।

ਮਨਾਹੀ ਦੇ ਇਨ੍ਹਾਂ ਹੁਕਮਾਂ ਅਨੁਸਾਰ ਪਟਿਆਲਾ ਜ਼ਿਲ੍ਹੇ ਵਿੱਚ ਕੋਈ ਵੀ ਵਿਅਕਤੀ ਬਿਨਾਂ ਪ੍ਰਵਾਨਗੀ/ਲਾਇਸੈਂਸ ਪਟਾਕਿਆਂ ਨੂੰ ਵੇਚ ਅਤੇ ਸਟੋਰ ਨਹੀਂ ਕਰ ਸਕੇਗਾ। ਲਾਇਸੰਸ ਪ੍ਰਾਪਤ ਕਰਨ ਦੇ ਬਾਵਜੂਦ ਵੀ ਕਿਸੇ ਵੀ ਦੁਕਾਨਦਾਰ ਵੱਲੋਂ ਮੰਜੂਰਸ਼ੁਦਾ ਪਟਾਕੇ ਦੁਕਾਨ ਤੋਂ ਬਾਹਰ ਰੱਖਕੇ, ਤੰਗ ਮੁਹੱਲਿਆਂ, ਗਲੀਆਂ, ਬਜ਼ਾਰਾਂ ਵਿੱਚ ਰੱਖ ਕੇ ਨਹੀਂ ਵੇਚੇ ਜਾਣਗੇ ਬਲਕਿ ਪ੍ਰਸ਼ਾਸ਼ਨ ਵੱਲੋਂ ਨਿਰਧਾਰਿਤ ਕੀਤੇ ਸਥਾਨਾਂ ‘ਤੇ ਆਪਣੇ ਪੱਧਰ ‘ਤੇ ਲੋਹੇ ਦੀਆਂ ਚਾਦਰਾਂ ਨਾਲ ਆਰਜ਼ੀ ਦੁਕਾਨਾਂ ਦੀ ਉਸਾਰੀ ਕਰਕੇ ਹੀ ਵੇਚੇ ਜਾ ਸਕਣਗੇ ਅਤੇ ਸਮੂਹ ਰਜਿਸਟਰਡ ਪਟਾਕੇ ਵਿਕਰੇਤਾ ਆਪਣੇ ਪੱਧਰ ‘ਤੇ ਇਨ੍ਹਾਂ ਦੁਕਾਨਾਂ ਦੇ ਬਾਹਰ ਅਤੇ ਅੰਦਰ ਅੱਗ ਬੁਝਾਊ ਯੰਤਰ ਅਤੇ ਹੋਰ ਲੋੜੀਂਦੇ ਪ੍ਰਬੰਧ ਰੱਖਣ ਨੂੰ ਯਕੀਨੀ ਬਣਾਉਣਗੇ। ਮਨਾਹੀ ਦੇ ਹੁਕਮਾਂ ਅਨੁਸਾਰ ਕਿਸੇ ਵੀ ਵਿਅਕਤੀ ਵੱਲੋਂ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਪਟਾਕੇ ਚਲਾਉਣ ‘ਤੇ ਪਾਬੰਦੀ ਹੋਵੇਗੀ । ਜੰਗਲਾਤ, ਹਸਪਤਾਲਾਂ, ਵਿਦਿਅਕ ਸੰਸਥਾਵਾਂ, ਅਦਾਲਤਾਂ, ਧਾਰਮਿਕ ਸੰਸਥਾਵਾਂ ਜਾਂ ਕੋਈ ਵੀ ਖੇਤਰ ਜਿਹੜਾ ਕਿ ਸਮਰੱਥ ਅਧਿਕਾਰੀ ਵੱਲੋਂ ਸਾਇਲੈਂਸ ਜ਼ੋਨ ਐਲਾਨਿਆ ਗਿਆ ਹੋਵੇ, ਜਾਂ ਨਾਭਾ ਵਿਖੇ ਸਥਿਤ ਐਲ.ਪੀ.ਜੀ ਬਾਟਲਿੰਗ ਪਲਾਂਟ ਅਤੇ ਜ਼ਿਲ੍ਹੇ ਵਿੱਚੋਂ ਲੰਘਦੀਆਂ ਗੈਸ ਪਾਈਪ ਲਾਈਨਾਂ ਅਤੇ ਅਜਿਹੇ ਹੀ ਹੋਰ ਅਹਿਮ ਪਲਾਂਟਾਂ ਦੇ 500 ਮੀਟਰ ਦੇ ਘੇਰੇ ਵਿੱਚ ਕਿਸੇ ਵੀ ਤਰ੍ਹਾਂ ਦੇ ਪਟਾਕੇ ਚਲਾਉਣ ‘ਤੇ ਮੁਕੰਮਲ ਪਾਬੰਦੀ ਹੋਵੇਗੀ ।

         ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਜਿਹੜੇ ਛੋਟੇ ਪਟਾਕੇ, ਫੁੱਲਝੜੀਆਂ, ਮੋਮਬੱਤੀਆਂ, ਅਨਾਰ, ਮਿਤਾਬੀ ਪੈਨਸਲ ਅਤੇ ਸੱਪ ਇਸ ਪਾਬੰਦੀ ਅਧੀਨ ਨਹੀਂ ਆਉਦੇ ਉਹ ਮੰਜ਼ੂਰਸ਼ੁਦਾ ਪਟਾਕੇ ਪਟਿਆਲਾ ਵਿਖੇ ਪੋਲੋ ਗਰਾਊਂਡ ਦੀ ਲੋਅਰ ਮਾਲ ਵਾਲੀ ਚਾਰ ਦੀਵਾਰੀ ਨਾਲ, ਭੂਪਿੰਦਰਾ ਰੋਡ, ਤ੍ਰਿਪੜੀ ਵਿਖੇ ਪਾਣੀ ਵਾਲੀ ਟੈਂਕੀ, ਬਸ ਸਟੈਂਡ ਨੇੜੇ ਵੀਰ ਹਕੀਕਤ ਰਾਏ ਗਰਾਊਂਡ, ਬਡੂੰਗਰ ਰੋਡ ‘ਤੇ ਖਾਲੀ ਗਰਾਊਂਡ ਵਿਖੇ, ਅਰਬਨ ਅਸਟੇਟ ਦੇ ਗਰਾਊਂਡ ਵਿਖੇ ਅਤੇ ਐਸ.ਐਸ.ਟੀ. ਨਗਰ ਦੇ ਗਰਾਊਂਡ ਵਿਖੇ ਪਟਾਕੇ ਵੇਚੇ ਜਾ ਸਕਣਗੇ। ਇਸੇ ਤਰ੍ਹਾਂ ਰਾਜਪੁਰਾ ਦੇ ਝੰਡਾ ਗਰਾਊਂਡ, ਨਿਰਮਲ ਸਟੇਡੀਅਮ ਰਾਜਪੁਰਾ ਦਾ ਗਰਾਊਂਡ, ਐਨ.ਟੀ. ਕੋਐਡ ਸਕੂਲ ਦਾ ਗਰਾਊਂਡ, ਨਾਭਾ ਦੇ ਰਿਪੁਦਮਨ ਕਾਲਜ ਗਰਾਊਂਡ, ਸੀਨੀਅਰ ਸੈਕੰਡਰੀ ਸਕੂਲ ਦੇ ਗਰਾਊਂਡ, ਪੁਰਾਣਾ ਸਿਨੇਮਾ ਮੈਹਸ ਗੇਟ, ਦੁਲੱਦੀ ਗੇਟ ਅਤੇ ਪੁਰਾਣਾ ਹਾਈ ਕੋਰਟ ਵਾਲੇ ਗਰਾਊਂਡ ਵਿਖੇ ਪਟਾਕੇ ਵੇਚੇ ਜਾ ਸਕਣਗੇ।

         ਜ਼ਿਲ੍ਹਾ ਮੈਜਿਸਟ੍ਰੇਟ ਨੇ ਹੋਰ ਦੱਸਿਆ ਕਿ ਇਸੇ ਤਰ੍ਹਾਂ ਸਮਾਣਾ ਦੇ ਰਾਮ ਲੀਲਾ ਗਰਾਊਂਡ, ਨਗਰ ਕੌਂਸਲ ਦਾ ਗਰਾਊਂਡ ਅਤੇ ਪਾਤੜਾਂ ਵਿਖੇ ਪਬਲਿਕ ਕਾਲਜ ਲੜਕੀਆਂ ਤੇ ਨਿਆਲ ਕਾਲਜ ਵਿਖੇ ਹੀ ਪਟਾਕੇ ਵੇਚੇ ਜਾ ਸਕਣਗੇ। ਉਹਨਾਂ ਕਿਹਾ ਕਿ ਇਹਨਾਂ ਸਥਾਨਾਂ ਤੋਂ ਇਲਾਵਾ ਹੋਰ ਸਥਾਨਾਂ ‘ਤੇ ਪਟਾਕੇ ਵੇਚਣ ‘ਤੇ ਪੂਰਨ ਪਾਬੰਦੀ ਹੋਵੇਗੀ ਅਤੇ ਇਹ ਹੁਕਮ 6 ਦਸੰਬਰ 2011 ਤੱਕ ਜਾਰੀ ਰਹਿਣਗੇ। 

Translate »