October 8, 2011 admin

ਖੇਡਾਂ ‘ਚ ਪੰਜਾਬ ਬੁਲੰਦੀਆਂ ਛੂਹ ਰਿਹੈ- ਜੱਥੇਦਾਰ ਗਾਬੜੀਆ

– 37ਵੀਆਂ ਪੰਜਾਬ ਰਾਜ ਮਹਿਲਾ ਖੇਡਾਂ ਦੀ ਸ਼ੁਰੂਆਤ
– 12 ਖੇਡ ਮੁਕਾਬਲੇ, 1827 ਖਿਡਾਰਣਾਂ

ਲੁਧਿਆਣਾ – ਪੰਜਾਬ ਦੇ ਜੇਲ੍ਹ, ਸੱਭਿਆਚਾਰਕ ਤੇ ਸੈਰ-ਸਪਾਟਾ ਅਤੇ ਛਪਾਈ ਤੇ ਲਿਖਣ ਸਮੱਗਰੀ ਮੰਤਰੀ ਸ. ਹੀਰਾ ਸਿੰਘ ਗਾਬੜੀਆ ਨੇ ਕਿਹਾ ਹੈ ਕਿ ਬਾਕੀ ਖੇਤਰਾਂ ਵਾਂਗ ਪੰਜਾਬ ਖੇਡਾਂ ‘ਚ ਵੀ ਬੁਲੰਦੀਆਂ ਛੂਹ ਰਿਹਾ ਹੈ ਅਤੇ ਉਹ ਸਮਾਂ ਦੂਰ ਨਹੀਂ ਜਦੋਂ ਪੰਜਾਬ ਸਿਰਫ ਦੇਸ਼ ‘ਚ ਹੀ ਨਹੀਂ ਬਲਕਿ ਸਮੁੱਚੇ ਸੰਸਾਰ ‘ਚ ਖੇਡਾਂ ਵਿਚ ਅੱਵਲ ਹੋਵੇਗਾ।
                        ਗੁਰੂ ਨਾਨਕ ਸਟੇਡੀਅਮ ਵਿਖੇ ਸ਼ੁਰੂ ਹੋਈਆਂ ਚਾਰ ਰੋਜ਼ਾ 37ਵੀਆਂ ਪੰਜਾਬ ਰਾਜ ਮਹਿਲਾ ਖੇਡਾਂ ਦੇ ਉਦਘਾਟਨੀ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਜੱਥੇਦਾਰ ਗਾਬੜੀਆ ਨੇ ਕਿਹਾ ਕਿ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵੱਲੋਂ ਖੇਡਾਂ ਪ੍ਰਤੀ ਚੁੱਕੇ ਸਾਰਥਕ ਕਦਮਾਂ ਦੀ ਬਦੌਲਤ ਮੌਜੂਦਾ ਸਮੇਂ ‘ਚ ਖੇਡਾਂ ਦੇ ਖੇਤਰ ‘ਚ ਕ੍ਰਾਂਤੀਕਾਰੀ ਤਬਦੀਲੀ ਆਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਜਿਹੜੇ ਖਿਡਾਰੀਆਂ ਦੀ ਪਹਿਲਾਂ ਕੋਈ ਪੁੱਛ-ਪ੍ਰਤੀਤ ਨਹੀਂ ਸੀ, ਅੱਜ ਉਨ੍ਹਾਂ ਨੂੰ ਰੁਜ਼ਗਾਰ ਦੇ ਨਾਲ-ਨਾਲ ਪੂਰਾ ਮਾਣ-ਸਨਮਾਨ ਵੀ ਮਿਲ ਰਿਹਾ ਹੈ।
                        ਇਸ ਮੌਕੇ ਵੱਖੋ-ਵੱਖ 12 ਖੇਡ ਮੁਕਾਬਲਿਆਂ ਲਈ ਪੂਰੇ ਪੰਜਾਬ ‘ਚੋਂ ਆਈਆਂ ਹੋਈਆਂ 1827 ਖਿਡਾਰਣਾਂ ਨੂੰ ਸੰਦੇਸ਼ ਦਿੰਦਿਆ ਜੱਥੇਦਾਰ ਗਾਬੜੀਆ ਨੇ ਕਿਹਾ ਕਿ ਖੇਡਾਂ ‘ਚ ਮੋਹਰੀ ਬਣਨ ਦੇ ਨਾਲ-ਨਾਲ ਪੰਜਾਬ ਦੇ ਅਮੀਰ ਸੱਭਿਆਚਾਰ ਅਤੇ ਵਿਰਸੇ ਨੂੰ ਸੰਭਾਲਣ ਦੀ ਵੀ ਅਜੋਕੇ ਸਮੇਂ ‘ਚ ਬਹੁਤ ਲੋੜ ਹੈ। ਉਨ੍ਹਾਂ ਇਸ ਗੱਲ ‘ਤੇ ਖੁਸ਼ੀ ਦਾ ਇਜ਼ਹਾਰ ਕੀਤਾ ਕਿ ਅੱਜ ਹਰੇਕ ਖੇਤਰ ‘ਚ ਕੁੜੀਆਂ ਅਹਿਮ ਭੂਮਿਕਾ ਅਦਾ ਕਰ ਰਹੀਆਂ ਹਨ ਅਤੇ ਹਰ ਪੱਧਰ ‘ਤੇ ਮੱਲ੍ਹਾਂ ਮਾਰ ਕੇ ਆਪਣਾ, ਮਾਪਿਆਂ ਅਤੇ ਦੇਸ਼ ਦਾ ਨਾਂ ਕਮਾ ਰਹੀਆਂ ਹਨ।
                        ਜੱਥੇਦਾਰ ਗਾਬੜੀਆ ਨੇ ਖਿਡਾਰਣਾਂ ਨੂੰ ਪ੍ਰਣ ਦਿਵਾਇਆ ਕਿ ਦੇਸ਼ ਦਾ ਨਾਂ ਉੱਚਾ ਚੁੱਕਣ ਦੇ ਨਾਲ-ਨਾਲ ਸਮਾਜ ਨੂੰ ਨਵੀਂ ਸੇਧ ਅਤੇ ਸਾਰਥਕ ਤੇ ਸਕਾਰਾਤਮਕ ਦਿੱਖ ਦੇਣ ਲਈ ਹਰੇਕ ਨੂੰ ਨਿੱਜੀ ਪੱਧਰ ‘ਤੇ ਹੰਭਲੇ ਮਾਰਨ ਲਈ ਸਦਾ ਤਿਆਰ ਰਹਿਣਾ ਚਾਹੀਦਾ ਹੈ। ਉਨ੍ਹਾਂ ਰਾਜ ਪੱਧਰੀ ਇਨ੍ਹਾਂ ਖੇਡਾਂ ਦੇ ਸੁਚਾਰੂ ਪ੍ਰਬੰਧ ਲਈ ਖੇਡ ਵਿਭਾਗ ਦੇ ਡਾਇਰੈਕਟਰ ਪਦਮਸ੍ਰੀ ਪਰਗਟ ਸਿੰਘ ਦੀ ਜੰਮਕੇ ਪ੍ਰਸੰਸਾ ਕੀਤੀ। ਜੱਥੇਦਾਰ ਗਾਬੜੀਆ ਨੇ ਖਿਡਾਰਣਾਂ ਦੇ ਖਾਣ-ਪੀਣ, ਰਹਿਣ ਤੇ ਹੋਰ ਖਰਚਿਆਂ ਲਈ ਇਕ ਲੱਖ ਦੀ ਸਹਾਇਤਾ ਰਾਸ਼ੀ ਦੇਣ ਦਾ ਵੀ ਐਲਾਨ ਕੀਤਾ।
                        ਕਾਬਿਲੇਗੌਰ ਹੈ ਕਿ 11 ਅਕਤੂਬਰ ਤੱਕ ਚੱਲਣ ਵਾਲੀਆਂ ਪੰਜਾਬ ਰਾਜ ਮਹਿਲਾ ਖੇਡਾਂ ‘ਚ 200 ਤੋਂ ਵਧੇਰੇ ਅਧਿਕਾਰੀਆਂ ਦੀ ਤਾਇਨਾਤੀ ਕੀਤੀ ਗਈ ਹੈ ਅਤੇ ਸਾਰੇ ਜ਼ਿਲ੍ਹਿਆਂ ਦੀਆਂ 1827 ਖਿਡਾਰਣਾਂ ਅਥਲੈਟਿਕਸ, ਬੈਡਮਿੰਟਨ, ਬਾਸਕਿਟਬਾਲ, ਜਿਮਨਾਸਟਿਕ, ਹਾਕੀ, ਹੈਂਡਬਾਲ, ਕਬੱਡੀ, ਖੋਹ-ਖੋਹ, ਲਾਅਨ ਟੈਨਿਸ, ਤੈਰਾਕੀ, ਟੇਬਲ ਟੇਨਿਸ ਅਤੇ ਵਾਲੀਵਾਲ ਦੇ ਮੁਕਾਬਲਿਆਂ ‘ਚ ਭਾਗ ਲੈ ਰਹੀਆਂ ਹਨ।
                        ਉਦਘਾਟਨੀ ਸਮਾਰੋਹ ਦੌਰਾਨ ਸ. ਪ੍ਰੀਤਮ ਸਿੰਘ ਭਰੋਵਾਲ, ਸ. ਸੁਖਵਿੰਦਰਪਾਲ ਸਿੰਘ ਗਰਚਾ, ਸ. ਅਮਰਜੀਤ ਸਿੰਘ ਭਾਟੀਆ ਤੋਂ ਇਲਾਵਾ ਖੇਡ ਵਿਭਾਗ ਦੇ ਉੱਚ ਅਧਿਕਾਰੀ ਤੇ ਸਾਰੇ ਜ਼ਿਲ੍ਹਿਆ ਦੇ ਖੇਡ ਅਫਸਰ ਹਾਜ਼ਰ ਸਨ।

Translate »