October 8, 2011 admin

ਡਿਪਟੀ ਕਮਿਸ਼ਨਰ ਵੱਲੋਂ ਕਮਰਜੀਤ ਸੇਖੋਂ ਦੀ ਪੁਸਤਕ ‘ਪੈੜ ਚਾਲ’ ਦੀ ਘੁੰਡ ਚੁਕਾਈ

ਪਟਿਆਲਾ – ਪੰਜਾਬੀ ਸਾਹਿਤ ਵਿਚ ਆਪਣੀ ਪਲੇਠੀ ਕਵਿਤਾਵਾਂ ਦੀ ਪੁਸਤਕ ਨਾਲ ਦਸਤਕ ਦੇਣ ਵਾਲੇ ਕਮਰਜੀਤ ਸਿੰਘ ਸੇਖੋਂ ਦੀ ਪਹਿਲੀ ਸਾਹਿਤਕ ਪੁਸਤਕ ‘ਪੈੜ ਚਾਲ’ ਦੀ ਘੁੰਡ ਚੁਕਾਈ ਡਿਪਟੀ ਕਮਿਸ਼ਨਰ ਪਟਿਆਲਾ ਵਿਕਾਸ ਗਰਗ ਵਲੋਂ ਮਿੰਨੀ ਸਕੱਤਰੇਤ ਵਿਖੇ ਰੱਖੇ ਗਏ ਸਮਾਗਮ ਦੌਰਾਨ ਕੀਤੀ। ਇਸ ਮੌਕੇ ਐਸ.ਡੀ.ਐਮ ਪਟਿਆਲਾ ਅਨਿਲ ਕੁਮਾਰ ਗਰਗ ਵੀ ਵਿਸ਼ੇਸ਼ ਤੌਰ ਤੇ ਹਾਜਰ ਹੋਏ। ਇਸ ਮੌਕੇ ਬੋਲਦਿਆਂ ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਵਿਕਾਸ ਗਰਗ ਨੇ ਕਿਹਾ ਕਿ ਕਮਰਜੀਤ ਸੇਖੋਂ ਦੀਆਂ ਕਵਿਤਾਵਾਂ ਸਹਿਜ ਸਰਲ ਸ਼ਬਦਾਂ ਨਾਲ ਬੁਣੀਆਂ ਹਨ ਜੋ ਪਾਠਕ ਮਨ ਨਾਲ ਸਿੱਧਾ ਰੂਹ ਦਾ ਰਿਸਤਾ ਕਾਇਮ ਕਰਨਗੀਆਂ। ਉਨਾਂ ਕਿਹਾ ਕਿ ਐਸ.ਡੀ.ਐਮ ਦਫਤਰ ਦਾ ਬਤੌਰ ਸੁਪਰਡੈਂਟ ਕਾਰਜਭਾਰ ਸੰਭਾਲਣ ਦੇ ਨਾਲ-ਨਾਲ ਕਮਰਜੀਤ ਸੇਖੋਂ ਸਾਹਿਤਕ ਖੇਤਰ ਵਿਚ ਵੀ ਆਪਣੀਆਂ ਲਿਖਤਾਂ ਕਾਰਣ ਆਉਣ ਵਾਲੇ ਸਮੇਂ ‘ਚ ਨਵੀਆਂ ਪੈੜਾਂ ਪਾਏਗਾ।
ਇਸ ਮੌਕੇ ਬੋਲਦਿਆਂ ਐਸ.ਡੀ.ਐਮ ਪਟਿਆਲਾ ਅਨਿਲ ਕੁਮਾਰ ਗਰਗ ਨੇ ਕਿਹਾ ਕਿ ਕਮਰਜੀਤ ਸੇਖੋਂ ਦੀਆਂ ਕਵਿਤਾਵਾਂ ‘ਚ ਵਰਤਮਾਨ ਸਮੇਂ ਜਿੰਦਗੀ ਦੀਆਂ ਮੁਸ਼ਕਿਲਾਂ ਅਤੇ ਦੁੱਖਾਂ ਸੁੱਖਾਂ ਦੀ ਪੇਸ਼ਕਾਰੀ ਕੀਤੀ ਗਈ ਹੈ ਜੋ ਹਰ ਪਾਠਕ ਦੇ ਮਨ ਨੂੰ ਟੁੰਬੇਗੀ। ਇਸ ਮੌਕੇ ਬੋਲਦਿਆਂ ਲੇਖਕ ਕਮਰਜੀਤ ਸੇਖੋਂ ਨੇ ਕਿਹਾ ਕਿ ਆਮ ਆਦਮੀ ਦੀ ਜਿੰਦਗੀ ਵਿਚਲੀ ਪੈੜ ਚਾਲ ਨੂੰ ਕਵਿਤਾਵਾਂ ਦੇ ਰੂਪ ਵਿਚ ਲੋਕਾਂ ਤੱਕ ਪਹੁੰਚਾਉਣ ਲਈ ਉਨਾਂ ਡਾ.ਅਮਰਜੀਤ ਕੌਂਕੇ ਦੇ ਮਾਰਗ ਦਰਸ਼ਨ ਵਿਚ ਕਿਤਾਬ ਦਾ ਪ੍ਰਕਾਸ਼ਨ ਕਰਵਾਇਆ ਹੈ। ਇਸ ਮੌਕੇ ਸਿਵਲ ਡਿਫੈਂਸ ਦੇ ਨੁਮਾਇੰਦਿਆਂ ‘ਚ ਦੇਵ ਇੰਦਰ ਸਿੰਘ ਜੇਜੀ, ਪ੍ਰਸਿੱਧ ਲੇਖਕ ਡਾ.ਅਮਰਜੀਤ ਕੌਂਕੇ, ਭੁਪਿੰਦਰ ਸਿੰਘ ਸੋਹੀ, ਜਤਿੰਦਰ ਸਿੰਘ ਤਰੈਂ, ਅਮਰੀਕ ਸਿੰਘ ਖਰੌੜ, ਜਸਬੀਰ ਸਿੰਘ, ਹਮੀਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ‘ਚ ਸਿਵਲ ਡਿਫੈਂਸ ਦੇ ਨੁਮਾਇੰਦੇ ਹਾਜਰ ਸਨ।

Translate »