October 8, 2011 admin

ਸੁਖਬੀਰ ਸਿੰਘ ਬਾਦਲ ਨੇ ਕਣਕ ਦੇ ਤਜਵੀਜੀ ਸਮੱਰਥਨ ਮੁੱਲ ਨੂੰ ਨਕਾਰਦਿਆਂ 2200 ਰੁਪਏ ਦੀ ਮੰਗ ਕੀਤੀ

ਅੰਮ੍ਰਿਤਸਰ – ਖੇਤੀਬਾੜੀ ਲਾਗਤ ਮੁੱਲ ਕਮਿਸ਼ਨ ਵੱਲੋਂ ਸੁਝਾਏ ਗਏ 1350 ਰੁਪਏ ਦੇ ਤਜਵੀਜ਼ੀ ਘੱਟੋ ਘੱਟ ਸਮੱਰਥਨ ਮੁੱਲ ਨੂੰ ਨਕਾਰਦਿਆਂ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਖੇਤੀਬਾੜੀ ਲਾਗਤ ‘ਚ ਹੋਏ ਵਾਧੇ ਦੇ ਮੱਦੇਨਜ਼ਰ ਕੇਂਦਰ ਵੱਲੋਂ ਕਣਕ ਦੇ ਸਮੱਰਥਨ ਮੁੱਲ 2200 ਰੁਪਏ ਤੈਅ ਕਰਨ ਦੀ ਮੰਗ ਕੀਤੀ ਹੈ।
         ਅੰਮ੍ਰਿਤਸਰ ਦੇ ਲੋਕਾਂ ਨੂੰ 138 ਕਰੋੜ ਰੁਪਏ ਦੀ ਲਾਗਤ ਵਾਲੇ ਵਿਕਾਸ ਕਾਰਜ ਸਮੱਰਪਤ ਕਰਨ ਉਪਰੰਤ ਮੀਡੀਆ ਨਾਲ ਗੱਲਬਾਤ ਦੌਰਾਨ ਸ. ਬਾਦਲ ਨੇ ਕਿਹਾ ਕਿ ਇਕ ਪਾਸੇ ਜਿੱਥੇ ਕਾਂਗਰਸ ਦੀ ਕੇਂਦਰ ਸਰਕਾਰ ਵੱਲੋਂ ਸਬਸਿਡੀ ਵਾਪਿਸ ਲੈ ਲਏ ਜਾਣ ਕਾਰਨ ਡੀ.ਏ.ਪੀ. ਖਾਦ ਦਾ ਭਾਅ 437 ਰੁਪਏ ਪ੍ਰਤੀ ਥੈਲਾ ਤੋਂ ਵੱਧ ਕੇ 1125 ਰੁਪਏ ਪ੍ਰਤੀ ਥੈਲਾ ਹੋ ਗਿਆ ਹੈ ਉਥੇ ਕਣਕ ਦੇ ਸਮੱਰਥਨ ਮੁੱਲ ‘ਚ ਮਹਿਜ਼ 230 ਰੁਪਏ ਦਾ ਵਾਧਾ ਕਰਕੇ ਕਾਂਗਰਸ ਪਾਰਟੀ ਲੋਕਾਂ ਨੂੰ ਬੇਵਕੂਫ ਬਨਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਖੇਤੀਬਾੜੀ ਉਤਪਾਦਾਂ ਲਈ ਘੱਟੋ ਘੱਟ ਸਮੱਰਥਨ ਮੁੱਲ ਨੂੰ ਖੇਤੀਬਾੜੀ ਲਾਗਤ ਨਾਲ ਜੋੜਨ ਦੀ ਸਵਾਮੀਨਾਥਨ ਕਮਿਸ਼ਨ ਵੱਲੋਂ ਦਿੱਤੀ ਗਈ ਤਜ਼ਵੀਜ਼ ਨੂੰ ਲਾਗੂ ਕਰਨ ਦੀ ਸ਼੍ਰੋਮਣੀ ਅਕਾਲੀ ਦਲ ਹਮੇਸ਼ਾਂ ਤੋਂ ਹੀ ਮੰਗ ਕਰਦਾ ਰਿਹਾ ਹੈ ਪਰ ਕਾਂਗਰਸ ਪਾਰਟੀ ਨੇ ਬਹੁ-ਰਾਸ਼ਟਰੀ ਕੰਪਨੀਆਂ ਦੇ ਹਿਤਾਂ ਨੂੰ ਪਾਲਦਿਆਂ ਕਮਿਸ਼ਨ ਦੀਆਂ ਤਜ਼ਵੀਜ਼ਾਂ ਨੂੰ ਠੰਡੇ ਬਸਤੇ ‘ਚ ਪਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਕੇਂਦਰ ਦੀ ਕਾਂਗਰਸ ਸਰਕਾਰ ਨੇ ਖਾਦ ਕੰਪਨੀਆਂ ਨੂੰ ਅੰਨ੍ਹੀ ਲੁੱਟ ਮਚਾਉਣ ਦੀ ਖੁੱਲ੍ਹ ਦਿੰਦਿਆਂ ਖਾਦਾਂ ਦੀ ਵਿਕਰੀ ਤੋਂ ਕੰਟਰੋਲ ਹਟਾ ਦਿੱਤਾ ਜਿਸ ਦੇ ਚੱਲਦਿਆਂ ਹੁਣ ਡੀ.ਏ.ਪੀ. ਖਾਦ ਦੀ ਕੀਮਤ 6 ਮਹੀਨਿਆਂ ‘ਚ ਦੁੱਗਣੀ ਤੋਂ ਵੀ ਜ਼ਿਆਦਾ ਹੋ ਗਈ ਹੈ ਦੂਸਰੇ ਪਾਸੇ ਹੁਣ ਕਣਕ ਦੇ ਘੱਟੋ ਘੱਟ ਸਮੱਰਥਨ ਮੁੱਲ ‘ਚ ਨਿਗੂਣਾ ਵਾਧਾ ਕਰਕੇ ਮਗਰਮੱਛ ਦੇ ਹੰਝੂ ਵਹਾ ਰਹੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਉਦੋਂ ਤੱਕ ਆਰਾਮ ਨਾਲ ਨਹੀਂ ਬੈਠੇਗਾ ਜਦੋਂ ਤੱਕ ਕਣਕ ਦੇ ਘੱਟੋ ਘੱਟ ਸਮੱਰਥਨ ਮੁੱਲ ਨੂੰ ਡੀ.ਏ.ਪੀ ਖਾਦ ਦੇ ਵਧੇ ਮੁੱਲ ਦੇ ਹਿਸਾਬ ਨਾਲ ਨਹੀਂ ਵਧਾਇਆ ਜਾਂਦਾ।

         ਪੰਜਾਬ ‘ਚੋਂ ਪਿਛਲੇ ਸੀਜ਼ਨ ਦੌਰਾਨ ਖਰੀਦੇ ਗਏ ਝੋਨੇ ਦੀ ਚੁਕਾਈ ‘ਚ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ਵੱਲੋਂ ਜਾਣਬੁੱਝ ਕੇ ਵਰਤੀ ਗਈ ਢਿੱਲ-ਮੱਠ ਲਈ ਕਾਂਗਰਸ ਪਾਰਟੀ ‘ਤੇ ਵਰ੍ਹਦਿਆਂ ਸ. ਬਾਦਲ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਕਾਂਗਰਸ ਵੱਲੋਂ ਸੌੜੀ ਰਾਜਨੀਤੀ ਤਹਿਤ ਅਜਿਹਾ ਜਾਣਬੁੱਝ ਕੇ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਨੂੰ ਵਾਰ-ਵਾਰ ਬੇਨਤੀ ਕੀਤੀ ਜਾਂਦੀ ਰਹੀ ਹੈ ਕਿ ਸੂਬੇ ਤੋਂ ਅਨਾਜ ਦੀ ਚੁਕਾਈ ‘ਚ ਤੇਜੀ ਲਿਆਂਦੀ ਜਾਵੇ ਅਤੇ ਖਰੀਦ ਕੀਤੀ ਜਾਣ ਵਾਲੀ ਫਸਲ ਦੇ ਰੱਖ-ਰਖਾਅ ਲਈ ਗੋਦਾਮਾਂ ਵਾਸਤੇ ਹੋਰ ਫੰਡ ਜਾਰੀ ਕੀਤੇ ਜਾਣ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੀਆਂ ਇੰਨ੍ਹਾਂ ਚਾਲਾਂ ਦੇ ਬਾਵਜੂਦ ਅਕਾਲੀ—ਭਾਜਪਾ ਸਰਕਾਰ ਨੇ 1745 ਖਰੀਦ ਕੇਂਦਰਾਂ ‘ਚ ਖਰੀਦ ਏਜੰਸੀਆਂ ਰਾਹੀਂ ਖਰੀਦ ਆਰੰਭ ਕਰ ਦਿੱਤੀ ਹੈ ਅਤੇ ਮੰਡੀਆਂ ‘ਚ ਇਕ ਇਕ ਦਾਣੇ ਦੀ ਖਰੀਦ ਨੂੰ ਯਕੀਨੀ ਬਣਾਵੇਗੀ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਖਰੀਦ ਕੀਤੀ ਗਈ ਫਸਲ ਦੀ ਕਿਸਾਨ ਨੂੰ 72 ਘੰਟਿਆਂ ‘ਚ ਅਦਾਇਗੀ ਯਕੀਨੀ ਬਨਾਉਣ ਲਈ ਰਾਜ ਸਰਕਾਰ ਵੱਲੋਂ ਸਾਰੇ ਪ੍ਰਬੰਧ ਕਰ ਲਏ ਗਏ ਹਨ।
         ਕਣਕ ਤੇ ਝੋਨੇ ਦੇ ਖੁੱਲ੍ਹੇ ਵਪਾਰ ਦੀ ਮੰਗ ਕਰਦਿਆਂ ਉਪ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਆਪਣੀਆਂ ਫਸਲਾਂ ਵਾਹਗਾ ਸਰਹੱਦ ਰਾਹੀਂ ਹੋਰਨਾਂ ਮੁਲਕਾਂ ਨੂੰ ਨਿਰਯਾਤ ਕਰਨ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਕਣਕ ਤੇ ਬਾਸਮਤੀ ਚਾਵਲ ਦੀ ਖਾੜੀ ਦੇਸ਼ਾਂ ਖਾਸਕਰ ਈਰਾਨ, ਇਰਾਕ ਅਤੇ ਅਫ਼ਗਾਨਿਸਤਾਨ ਵਰਗੇ ਦੇਸ਼ਾਂ ‘ਚ ਵੱਡੀ ਮੰਗ ਹੈ ਅਤੇ ਪੰਜਾਬ ਦੇ ਕਿਸਾਨਾਂ ਨੂੰ ਇਨ੍ਹਾਂ ਦੇਸ਼ਾਂ ‘ਚ ਆਪਣੀ ਫਸਲ ਭੇਜਣ ਨਾਲ ਵੱਡਾ ਲਾਭ ਪਹੁੰਚੇਗਾ।
         ਇਸ ਤੋਂ ਪਹਿਲਾਂ ਸ. ਬਾਦਲ ਨੇ ਅੰਮ੍ਰਿਤਸਰ-ਅਜਨਾਲਾ ਏਅਰਪੋਰਟ ਸੜਕ ਨੂੰ 18.57 ਕਰੋੜ ਰੁਪਏ ਦੀ ਲਾਗਤ ਨਾਲ ਛੇ-ਮਾਰਗੀ ਕਰਨ, ਕਿਚਲੂ ਚੌਂਕ ਵਿਖੇ 22 ਕਰੋੜ ਰੁਪਏ ਦੀ ਲਾਗਤ ਨਾਲ ਫਲਾਈਓਵਰ ਬਨਾਉਣ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕੈਂਪਸ ‘ਚ 12 ਕਰੋੜ ਰੁਪਏ ਦੀ ਲਾਗਤ ਨਾਲ ਹੈਰੀਟੇਜ ਵਿਲੇਜ਼, ਮਜੀਠਾ ਸੜਕ ਨੂੰ 8.34 ਕਰੋੜ ਰੁਪਏ ਦੀ ਲਾਗਤ ਨਾਲ ਚਹੁੰ ਮਾਰਗੀ ਕਰਨ, ਗੋਲ ਬਾਗ਼ ਨੂੰ 5 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਤ ਕਰਨ, ਸੀ-ਡਵਿਜ਼ਨ ਪੁਲਿਸ ਥਾਣੇ ਦੇ ਖੇਤਰ ‘ਚ 3.80 ਕਰੋੜ ਰੁਪਏ ਦੀ ਲਾਗਤ ਨਾਲ ਸੀ.ਸੀ.ਟੀਵੀ ਕੈਮਰੇ ਲਗਾਉਣ, ਯੂਬੀਡੀਸੀ ਕੈਨਾਲ ਵਿਖੇ 25.30 ਕਰੋੜ ਰੁਪਏ ਦੀ ਲਾਗਤ ਨਾਲ ਬਹੁ-ਮਾਰਗੀ ਪੁੱਲ ਬਨਾਉਣ, ਤਾਰਾਂ ਵਾਲਾ ਪੁੱਲ ਵਿਖੇ 9.21 ਕਰੋੜ ਰੁਪਏ ਦੀ ਲਾਗਤ ਨਾਲ ਯੂਬੀਡੀਸੀ ਕਨਾਲ ਦੇ ਨਾਲ ਚਹੁੰ-ਮਾਰਗੀ ਸੜਕ ਬਨਾਉਣ ਅਤੇ ਅੰਮ੍ਰਿਤਸਰ ਗੇਟ ਤੋਂ ਭੰਡਾਹੀ ਪੁੱਲ ਤੱਕ 34 ਕਰੋੜ ਰੁਪਏ ਦੀ ਲਾਗਤ ਨਾਲ 8 ਮਾਰਗੀ ਸੜਕ ਦੇ ਨੀਂਹ ਪੱਥਰ ਰੱਖਣ ਤੋਂ ਇਲਾਵਾ ਸੀ.ਆਈ.ਆਈ. ਵੱਲੋਂ ਲਗਾਏ ਗਏ ‘ਡੈਸਟੀਨੇਸ਼ਨ ਪੰਜਾਬ-2011’ ਮੇਲੇ ਦਾ ਉਦਘਾਟਨ ਕੀਤਾ।
         ਇਸ ਮੌਕੇ ਹੋਰਨਾਂ ਤੋਂ ਇਲਾਵਾ ਸਨਅਤ ਮੰਤਰੀ ਸ੍ਰੀ ਤੀਕਸ਼ਣ ਸੂਦ, ਸ੍ਰ ਹੀਰਾ ਸਿੰਘ ਗਾਬੜੀਆ, ਸੈਰ ਸਪਾਟਾ ਮੰਤਰੀ ਪੰਜਾਬ, ਸਾਂਸਦ ਸ. ਨਵਜੋਤ ਸਿੰਘ ਸਿੱਧੂ, ਸਾਬਕਾ ਮੰਤਰੀ ਸ. ਬਿਕਰਮ ਸਿੰਘ ਮਜੀਠੀਆ, ਸ੍ਰ ਇੰਦਰਬੀਰ ਸਿੰਘ ਬੁਲਾਰੀਆ, ਮੁੱਖ ਪਾਰਲੀਮਾਨੀ ਸਕੱਤਰ, ਸੀ.ਆਈ.ਆਈ. ਦੇ ਉੱਤਰੀ ਜ਼ੋਨ ਦੇ ਸਾਬਕਾ ਚੇਅਰਮੈਨ ਹਰਪਾਲ ਸਿੰਘ, ਸੀ.ਆਈ.ਆਈ. ਪੰਜਾਬ ਦੀ ਚੇਅਰਪਰਸਨ ਸ੍ਰੀਮਤੀ ਕਾਮਨਾ ਰਾਜ ਅੱਗਰਵਾਲ ਅਤੇ ਪੰਜਾਬ ਰਾਜ ਸਨਅਤੀ ਵਿਕਾਸ ਕਮਿਸ਼ਨ ਦੇ ਚੇਅਰਮੈਨ ਸ. ਉਂਕਾਰ ਸਿੰਘ ਥਾਪਰ, ਡਾ: ਬਲਦੇਵ ਰਾਜ ਚਾਵਲਾ, ਚੇਅਰਮੈਨ ਜਲ ਸਪਲਾਈ, ਇੰਜ: ਸ਼ਵੇਤ ਮਲਿਕ ਮੇਅਰ  ਵੀ ਹਾਜਿਰ ਸਨ।

Translate »