ਹੁਸ਼ਿਆਰਪੁਰ – ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਚੋਣਕਾਰ ਰਜਿਸਟਰੇਸ਼ਨ ਅਫ਼ਸਰ ਵਿਧਾਨ ਸਭਾ ਹਲਕਾ 44-ਚੱਬੇਵਾਲ ਦੀ ਪ੍ਰਧਾਨਗੀ ਹੇਠ ਅੱਜ ਦਫ਼ਤਰ ਵਧੀਕ ਡਿਪਟੀ (ਵਿਕਾਸ) ਵਿਖੇ ਵੋਟਰ ਸੂਚੀਆਂ ਦੀ ਸੁਧਾਈ ਸਬੰਧੀ ਇੱਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਅਤੇ ਚੋਣ ਸੁਪਰਵਾਈਜ਼ਰ ਹਾਜ਼ਰ ਹੋਏ। ਕਾਨੂੰਗੋ (ਚੋਣਾਂ) ਅਤਿੰਦਰ ਕੁਮਾਰ ਵੀ ਇਸ ਮੀਟਿੰਗ ਵਿੱਚ ਹਾਜ਼ਰ ਸਨ।
ਸ੍ਰੀ ਹਰਮਿੰਦਰ ਸਿੰਘ ਨੇ ਮੀਟਿੰਗ ਵਿੱਚ ਹਾਜ਼ਰ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਧਾਨ ਸਭਾ ਹਲਕਾ 44-ਚੱਬੇਵਾਲ ਦੇ ਵੋਟਰਾਂ ਦੀਆਂ ਨਵੀਆਂ ਵੋਟਾਂ ਬੀ ਐਲ ਓਜ਼ ਵੱਲੋਂ 4 ਅਕਤੂਬਰ ਤੋਂ 20 ਅਕਤੂਬਰ ਤੱਕ ਬਣਾਈਆਂ ਜਾ ਰਹੀਆਂ ਹਨ ਜਿਨ੍ਹਾਂ ਦੀ ਉਮਰ 1 ਜਨਵਰੀ 2012 ਨੂੰ 18 ਸਾਲ ਜਾਂ ਇਸ ਤੋਂ ਵੱਧ ਹੋਵੇ, ਉਹ ਫਾਰਮ ਨੰਬਰ 6 ਭਰ ਕੇ ਆਪਣੀ ਵੋਟ ਬਣਾ ਸਕਦਾ ਹੈ। ਉਨ੍ਹਾਂ ਦੱਸਿਆ ਕਿ 9 ਅਕਤੂਬਰ ਅਤੇ 16 ਅਕਤੂਬਰ ਨੂੰ ਵਿਧਾਨ ਸਭਾ ਹਲਕੇ ਦੇ ਸਾਰੇ ਪੋਲਿੰਗ ਬੂਥਾਂ ਤੇ ਬੀ ਐਲ ਓਜ਼ ਬੈਠਣਗੇ ਅਤੇ ਯੋਗ ਵੋਟਰਾਂ ਪਾਸੋਂ ਦਾਅਵੇ ਅਤੇ ਇਤਰਾਜ ਪ੍ਰਾਪਤ ਕਰਨਗੇ। 10 ਅਕਤੂਬਰ ਨੂੰ ਗਰਾਮ ਪੰਚਾਇਤ ਵਿੱਚ ਵੋਟਰ ਸੂਚੀਆਂ ਪੜ੍ਹ ਕੇ ਸੁਣਾਈਆਂ ਜਾਣਗੀਆਂ ਤਾਂ ਜੋ ਵੋਟਰ ਸੂਚੀ ਵਿੱਚ ਕਿਸੇ ਕਿਸਮ ਦੀ ਕੋਈ ਗਲਤੀ ਨਾ ਰਹਿ ਜਾਵੇ। ਉਨ੍ਹਾਂ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਉਹ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਲਈ ਲਗਾਏ ਗਏ ਬੀ ਐਲ ਓਜ਼ ਨੂੰ ਵੋਟਾਂ ਬਣਾਉਣ ਲਈ ਸਹਿਯੋਗ ਦੇਣ ਅਤੇ 1 ਜਨਵਰੀ 2012 ਨੂੰ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਨੌਜਵਾਨਾਂ ਨੂੰ ਜਿਨ੍ਹਾਂ ਦੀਆਂ ਵੋਟਾਂ ਨਹੀਂ ਬਣੀਆਂ ਵੋਟਾਂ ਬਣਾਉਣ ਲਈ ਪ੍ਰੇਰਿਤ ਕਰਨ ਅਤੇ ਇਸ ਸਬੰਧੀ ਵੱਧ ਤੋਂ ਵੱਧ ਪ੍ਰਚਾਰ ਕੀਤਾ ਜਾਵੇ ਤਾਂ ਜੋ ਵੋਟਾਂ ਬਣਾਉਣ ਦਾ ਟੀਚਾ ਪੂਰਾ ਕੀਤਾ ਜਾ ਸਕੇ।