ਗੁਰੂ ਨਾਨਕ ਦੇਵ ਯੂਨੀਵਰਸਿਟੀ ‘ਚ ‘ਸੀ’ ਜ਼ੋਨ ਦਾ ਅੰਤਰ-ਜ਼ੋਨਲ ਫਾਈਨਲ ਯੁਵਕ ਮੇਲਾ ਸ਼ੁਰੂ
ਅੰਮ੍ਰਿਤਸਰ – ਗੁਰੂ ਨਾਨਕ ਦੇਵ ਯੂਨੀਵਰਸਿਟੀ ‘ਚ ਅੱਜ ‘ਸੀ’ ਜ਼ੋਨ ਦਾ ਅੰਤਰ-ਜ਼ੋਨਲ ਫਾਈਨਲ ਯੁਵਕ ਮੇਲੇ ਦਾ ਉਦਘਾਟਨ ਯੂਨੀਵਰਸਿਟੀ ਦੇ ਡੀਨ, ਅਕਾਦਮਿਕ ਮਮਾਲੇ, ਡਾ. ਰਜਿੰਦਰਜੀਤ ਕੌਰ ਪੁਆਰ ਨੇ ਸ਼ਮ੍ਹਾਂ ਰੌਸ਼ਨ ਕਰਕੇ ਕੀਤਾ। ਇਹ ਫਾਈਨਲ ਯੁਵਕ ਮੇਲਾ ਅੱਜ ਇਥੇ ਯੂਨੀਵਰਸਿਟੀ ਦੇ ਦਸਮੇਸ਼ ਆਡੀਟੋਰੀਅਮ ਵਿਚ ਸ਼ੁਰੂ ਹੋਇਆ ਜਿਹੜਾ ਕਿ 10 ਅਕਤੂਬਰ ਤਕ ਚੱਲੇਗਾ। ਯੁਵਕ ਮੇਲੇ ਦਾ ਆਰੰਭ ਪ੍ਰਮਾਤਮਾ ਦੀ ਉਸਤਤ ਸਮੂਹ ਸ਼ਬਦ/ਭਜਨ ਦੇ ਮੁਕਾਬਲਿਆਂ ਨਾਲ ਹੋਇਆ।
ਇਸ ਮੌਕੇ ਵਿਦਿਆਰਥੀ ਕਲਾਕਾਰਾਂ ਨੂੰ ਸੰਬੋਧਨ ਕਰਦਿਆਂ ਡਾ. ਰਜਿੰਦਰਜੀਤ ਕੌਰ ਪੁਆਰ ਨੇ ਕਿਹਾ ਕਿ ਸਟੇਜ ਤੇ ਆ ਕੇ ਬੱਚਿਆ ਵਿਚ ਆਤਮ-ਵਿਸ਼ਵਾਸ ਪੈਦਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਯੁਵਕ-ਮੇਲੇ ਨੌਜੁਆਨਾਂ ਵਿਚ ਰਲ-ਮਿਲ ਕੇ ਅਤੇ ਅਨੁਸ਼ਾਸਨ ਵਿਚ ਰਹਿ ਕੇ ਕੰਮ ਕਰਨ ਦੀ ਭਾਵਨਾ ਨੂੰ ਵਧਾਉਂਦੇ ਹਨ। ਉਨ੍ਹਾਂ ਕਿਹਾ ਕਿ ਸਾਡਾ ਵਿਰਸਾ ਬਹੁਤ ਅਮੀਰ ਹੈ ਅਤੇ ਸਾਨੂੰ ਇਸ ‘ਤੇ ਮਾਣ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵੱਲੋਂ ਕਰਵਾਏ ਜਾਂਦੇ ਯੁਵਕ ਮੇਲਿਆਂ ਦਾ ਮੁੱਖ ਉਦੇਸ਼ ਆਪਣੀ ਵਿਰਾਸਤ ਤੋਂ ਜਾਣੂ ਕਰਵਾਉਣਾ ਅਤੇ ਸੰਭਾਲਣਾ ਵੀ ਹੈ।
ਉਨ੍ਹਾਂ ਕਿਹਾ ਕਿ ਯੁਵਕ ਮੇਲੇ ਬੱਚਿਆਂ ਨੂੰ ਪੜਾਈ ਦੇ ਮਾਨਸਕਿ ਤਣਾਅ ਤੋਂ ਦੂਰ ਕਰਨ ਵਿਚ ਸਹਾਈ ਹੁੰਦੇ ਹਨ ਅਤੇ ਵਿਦਿਆਰਥੀਆਂ ਵਿਚ ਵਿਦਿਆ ਪ੍ਰਾਪਤ ਕਰਨ ਲਈ ਨਵਾਂ ਜੋਸ਼ ਭਰਦੇ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਇਨ੍ਹਾਂ ਮੇਲਿਆਂ ਜ਼ਰੀਏ ਯੁਵਕ ਉਸਾਰੂ ਕਾਰਜਾਂ ਵੱਲ ਧਿਆਨ ਦੇਣਗੇ ਅਤੇ ਨਸ਼ਿਆਂ ਦੀ ਲਾਹਨਤ ਤੋਂ ਬਚਣਗੇ। ਉਨਾਂ੍ਹ ਕਿਹਾ ਕਿ ਮੇਲੇ ਦੀਆਂ ਆਈਟਮਾਂ ਰਾਹੀਂ ਸਮਾਜ ਨੂੰ ਸਮਾਜਿਕ ਕੁਰੀਤੀਆਂ ਤੋਂ ਨਿਜਾਤ ਦਿਵਾਉਣ ਦਾ ਸੁਨੇਹਾ ਦੇਣ ਦਾ ਇਕ ਵਧੀਆ ਪਲੇਟਫਾਰਮ ਮਿਲਦਾ ਹੈ।
ਅੱਜ ਯੁਵਕ ਮੇਲੇ ਦੇ ਪਹਿਲੇ ਦਿਨ ਸ਼ਬਦ/ਭਜਨ, ਸਮੂਹ ਗਾਇਨ (ਭਾਰਤੀ), ਗੀਤ ਗਜ਼ਲ ਫੁਲਕਾਰੀ, ਰੰਗੋਲੀ, ਫਲਾਵਰ ਅਰੇਂਜਮੈਂਟ (ਫਰੈਸ਼) ਅਤੇ ਫਲਾਵਰ ਅਰੇਂਜਮੈਂਟ (ਡਰਾਈ) ਦੇ ਮੁਕਾਬਲੇ ਕਰਵਾਏ ਗਏ।
ਇਸ ਤੋਂ ਪਹਿਲਾਂ ਯੁਵਕ ਭਲਾਈ ਵਿਭਾਗ ਦੀ ਡਾਇਰੈਕਟਰ, ਡਾ. ਜਗਜੀਤ ਕੌਰ ਨੇ ਮੁੱਖ ਮਹਿਮਾਨ ਨੂੰ ਜੀ ਆਇਆਂ ਆਖਿਆ ਅਤੇ ਵਿਦਿਆਰਥੀਆਂ ਦੇ ਰੂ-ਬ-ਰੂ ਕਰਵਾਇਆ। ਉਨ੍ਹਾਂ ਕਿਹਾ ਕਿ ਇਸ ਯੁਵਕ ਮੇਲੇ ਵਿਚ ਜਲੰਧਰ ਜ਼ਿਲੇ ਦੇ 22 ਕਾਲਜਾਂ ਦੀਆਂ ਟੀਮਾਂ 36 ਆਈਟਮਾਂ ਵਿਚ ਹਿੱਸਾ ਲੈ ਰਹੀਆਂ ਹਨ। ਇਸ ਮੌਕੇ ਉਨ੍ਹਾਂ ਡਾ. ਪੁਆਰ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ।
ਅਗਲੇ ਦਿਨਾਂ ਵਿਚ ਹੋਣ ਵਾਲੇ ਮੁਕਾਬਲਿਆਂ ਵਿਚ 8 ਅਕਤੂਬਰ ਨੂੰ ਸਵੇਰੇ 9 ਵਜੇ ਦਸਮੇਸ਼ ਆਡੀਟੋਰੀਅਮ ਵਿਚ ਫੋਕ ਓਰਕੈਸਟਰਾ, ਫੈਂਸੀ ਡਰੈਸ, ਸਕਿੱਟ, ਮਾਈਮ, ਹਿਸਟ੍ਰਾਨਿਕਸ ਅਤੇ ਦੂਜੀ ਸਟੇਜ (ਬਾਬਾ ਬੁੱਢਾ ਭਵਨ) ‘ਤੇ ਸਵੇਰੇ 9.30 ਵਜੇ ਐਲੋਕਿਊਸ਼ਨ, ਕਵਿਤਾ ਉਚਾਰਨ ਤੇ ਵਾਦ-ਵਿਵਾਦ ਦੇ ਮੁਕਾਬਲੇ ਹੋਣਗੇ। ਇਸੇ ਦਿਨ ਤੀਜੀ ਸਟੇਜ (ਗੁਰੂ ਨਾਨਕ ਭਵਨ ਆਡੀਟੋਰੀਅਮ) ‘ਤੇ ਸਵੇਰੇ 9 ਵਜੇ ਲੋਕ ਗੀਤ, ਕਲਾਸੀਕਲ ਇੰਸਟਰੂਮੈਂਟਲ (ਪਰਕਸ਼ਨ), ਕਲਾਸੀਕਲ ਵੋਕਲ, ਵਾਰ ਗਾਇਨ ਅਤੇ ਕਵੀਸ਼ਰੀ ਆਇਟਮਾਂ ਦੇ ਮੁਕਾਬਲੇ ਹੋਣਗੇ।
9 ਅਕਤੂਬਾਰ ਨੂੰ ਹੋਣ ਵਾਲੀਆਂ ਆਈਟਮਾਂ ਵਿਚ ਸਵੇਰੇ 9.30 ਦਸਮੇਸ਼ ਆਡੀਟੋਰੀਅਮ ਵਿਖੇ ਮਮਿੱਕਰੀ, ਇਕਾਂਗੀ, ਭੰਗੜਾ ਤੇ ਸਮੂਹ ਪੱਛਮੀ ਸੰਗੀਤ ਅਤੇ ਦੂਜੀ ਸਟੇਜ (ਗੁਰੂ ਨਾਨਕ ਭਵਨ ਆਡੀਟੋਰੀਅਮ) ਵਖੇ ਪੱਛਮੀ ਸੰਗੀਤ ਵੋਕਲ (ਸੋਲੋ) ਦੇ ਮੁਕਾਬਲੇ ਹੋਣਗੇ। ਇਸੇ ਦਿਨ ਤੀਜੀ ਸਟੇਜ (ਸੰਗਤ ਹਾਲ) ‘ਤੇ ਸਵੇਰੇ 10 ਵਜੇ ਪੇਂਟਿੰਗ (ਲੈਂਡਸਕੇਪ), ਓਨ ਦੀ ਸਪਾਟ ਫੋਟੋਗ੍ਰਾਫੀ, ਸਕੈਚਿੰਗ, ਪੋਸਟਰ ਮੇਕਿੰਗ ਅਤੇ ਦੁਪਹਿਰ 1 ਵਜੇ ਪੇਂਟਿੰਗ (ਸਟਿੱਲ ਲਾਈਫ), ਕਲੇਅ ਮਾਡਲਿੰਗ, ਕਾਰਟੂਨਿੰਗ ਅਤੇ ਕੋਲਾਜ਼ ਦੇ ਮੁਕਾਬਲੇ ਹੋਣਗੇ। 10 ਅਕਤੂਬਰ ਸਵੇਰੇ 9.30 ਵਜੇ ਦਸਮੇਸ਼ ਆਡੀਟੋਰੀਅਮ ਵਿਚ ਗਰੁੱਪ ਡਾਂਸ ਅਤੇ ਗਿੱਧੇ ਦੇ ਮੁਕਾਬਲੇ ਹੋਣਗੇ।