October 8, 2011 admin

ਕਪੂਰਥਲਾ, ਮਾਨਸਾ ਅਤੇ ਫਰੀਦਕੋਟ ਜੇਲ੍ਹਾਂ ਦਾ ਉਦਘਾਟਨ ਇਸੇ ਮਹੀਨੇ-ਗਾਬੜੀਆ

ਕਪੂਰਥਲਾ – ‘ਪੰਜਾਬ ਸਰਕਾਰ ਨੇ ਜ਼ੇਲ੍ਹਾਂ ‘ਚ ਵਧੀ ਕੈਦੀਆਂ ਦੀ ਸੰਖਿਆ ਨੂੰ ਧਿਆਨ ‘ਚ ਰੱਖਦੇ ਹੋਏ 6 ਨਵੀਆਂ ਜ਼ੇਲ੍ਹਾਂ ਲਗਭਗ 308 ਕਰੋੜ ਦੀ ਲਾਗਤ ਨਾਲ ਬਣਾਈਆਂ ਹਨ। ਇਨ੍ਹਾਂ ‘ਚੋਂ 3 ਜ਼ੇਲ੍ਹਾਂ ਨਾਭਾ, ਰੋਪੜ ਤੇ ਪਠਾਨਕੋਟ ਚਾਲੂ ਕਰ ਦਿੱਤੀਆਂ ਗਈਆਂ ਹਨ, ਜਦਕਿ ਬਾਕੀ ਰਹਿੰਦੀਆਂ ਕਪੂਰਥਲਾ, ਮਾਨਸਾ ਅਤੇ ਫਰੀਦਕੋਟ ਦੀਆਂ ਮਾਡਰਨ ਜੇਲ੍ਹਾਂ ਦਾ ਉਦਘਾਟਨ ਇਸ ਮਹੀਨੇ ‘ਚ ਕਰ ਦਿੱਤਾ ਜਾਵੇਗਾ। ‘ ਉਕਤ ਸ਼ਬਦਾਂ ਦਾ ਪ੍ਰਗਟਾਵਾ ਜ਼ੇਲ੍ਹ ਮੰਤਰੀ ਸ. ਹੀਰਾ ਸਿੰਘ ਗਾਬੜੀਆ ਨੇ ਕਪੂਰਥਲਾ ਮਾਡਰਨ ਜ਼ੇਲ੍ਹ ਦੇ ਅਚਨਚੇਤ ਦੌਰੇ ਮੌਕੇ ਪ੍ਰੈਸ ਨਾਲ ਗੱਲਬਾਤ ਕਰਦੇ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਜੇਲ੍ਹਾਂ ਦੇ ਬਣਨ ਨਾਲ ਜੇਲ੍ਹਾਂ ਦੀ ਸਮਰੱਥਾ ਸਰਪਲਸ ਹੋ ਜਾਵੇਗੀ। ਜ਼ੇਲ੍ਹਾਂ ਬਨਾਉਣ ਦੀ ਲੋੜ ਬਾਰੇ ਦੱਸਦੇ ਉਨ੍ਹਾਂ ਕਿਹਾ ਕਿ ਕੇਵਲ ਲੁਧਿਆਣਾ ਜ਼ੇਲ੍ਹ ਨੂੰ ਛੱਡਕੇ ਬਾਕੀਆਂ ਸਾਰੀਆਂ 150 ਸਾਲ ਤੋਂ ਵੱਧ ਪੁਰਾਣੀਆਂ ਹਨ ਅਤੇ ਇਨ੍ਹਾਂ ਦੀ ਸਮਰੱਥਾ 11 ਹਜ਼ਾਰ ਦੇ ਕਰੀਬ ਸੀ। ਕਪੂਰਥਲਾ ਜੇਲ੍ਹ ਦਾ ਦੌਰਾ ਕਰਨ ਮਗਰੋਂ ਉਨ੍ਹਾਂ ਦੱਸਿਆ ਕਿ ਅਜਿਹੀ ਜ਼ੇਲ੍ਹ ਮੈਂ ਵਿਦੇਸ਼ਾਂ ‘ਚ ਨਹੀਂ ਵੇਖੀ। ਉਨ੍ਹਾਂ ਦੱਸਿਆ ਕਿ ਇਸ ਜ਼ੇਲ੍ਹ ‘ਚ ਕੈਦੀਆਂ ਨੂੰ ਪਰਿਵਾਰਾਂ ਨਾਲ ਰਹਿਣ ਦਾ ਮੌਕਾ ਵੀ ਦਿੱਤਾ ਜਾਵੇਗਾ ਅਤੇ ਇਸ ਲਈ 48 ਕੁਆਟਰ ਬਣਾਏ ਗਏ ਹਨ। ਉਨ੍ਹਾਂ ਜੇਲ੍ਹ ਦੇ ਵਾਰਡ, ਹਸਪਤਾਲ, ਸੀਵਰੇਜ਼ ਟਰੀਟਮੈਂਟ ਪਲਾਂਟ ਆਦਿ ਦਾ ਦੌਰਾ ਕੀਤਾ ਅਤੇ ਹਾਜ਼ਰ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਜ਼ੇਲ੍ਹ ‘ਚ ਲਗਾਏ ਫੁੱਲ-ਬੂਟਿਆਂ ਦੀ ਚੰਦੀ ਸੇਵਾ-ਸੰਭਾਲ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਇਸ ਮਹੀਨੇ ‘ਚ ਇਨ੍ਹਾਂ ਜੇਲ੍ਹਾਂ ਦਾ ਉਦਘਾਟਨ ਕਰ ਦਿੱਤਾ ਜਾਵੇਗਾ ਅਤੇ ਦੂਸਰੇ ਸ਼ਹਿਰਾਂ ਦੀਆਂ ਜ਼ੇਲ੍ਹਾਂ ‘ਚੋਂ ਕੈਦੀ ਇੱਥੇ ਤਬਦੀਲ ਕਰ ਦਿੱਤੇ ਜਾਣਗੇ। ਅਮਲੇ ਦੀ ਗੱਲ ਕਰਦੇ ਉਨ੍ਹਾਂ ਕਿਹਾ ਕਿ ਇਸ ਲਈ ਲੰਮੇ ਸਮੇਂ ਤੋਂ ਇਕ ਹੀ ਸਟੇਸ਼ਨ ‘ਤੇ ਤਾਇਨਾਤ ਕਰਮਚਾਰੀਆਂ ਦੀ ਚੋਣ ਕੀਤੀ ਜਾਵੇਗੀ। ਕਪੂਰਥਲਾ ਜ਼ੇਲ੍ਹ ਦੀ ਗੱਲ ਕਰਦੇ ਉਨ੍ਹਾਂ ਦੱਸਿਆ ਕਿ ਇਸ ‘ਤੇ ਕਰੀਬ 125 ਕਰੋੜ ਰੁਪਏ ਦੀ ਲਾਗਤ ਆਈ ਹੈ। ਇਹ ਜ਼ੇਲ੍ਹ ਜੁਲਾਈ 2010 ‘ਚ ਬਣ ਕੇ ਤਿਆਰ ਹੋਣੀ ਸੀ, ਪਰ ਕੰਪਨੀ ਵਾਧੂ ਸਮਾਂ ਲੈ ਗਈ, ਜਿਸ ਕਾਰਨ ਕੰਪਨੀ ਨੂੰ ਪੈਨਲਟੀ ਪਾਈ ਜਾਵੇਗੀ। ਇਸ ਮੌਕੇ ਹਾਜ਼ਰ ਡਿਪਟੀ ਕਮਿਸ਼ਨਰ ਡਾ. ਹਰਕੇਸ਼ ਸਿੰਘ ਸਿੱਧੂ ਨੇ ਜੇਲ੍ਹ ਦੇ ਇਕੱਲੇ-ਇਕੱਲੇ ਵਾਰਡ ਦਾ ਦੌਰਾ ਕੀਤਾ ਅਤੇ ਰਹਿੰਦੀਆਂ ਘਾਟਾਂ ਪੂਰੀਆਂ ਕਰਨ ਦੇ ਨਿਰਦੇਸ਼ ਦਿੱਤੇ।
ਕਾਂਜਲੀ ਵੈਟਲੈਂਡ ਦੀ ਗੱਲ ਕਰਦੇ ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪ੍ਰਾਜੈਕਟ ਪੂਰਾ ਹੋ ਗਿਆ ਹੈ ਅਤੇ ਟੈਂਡਰ ਜਾਰੀ ਕਰ ਦਿੱਤੇ ਗਏ ਹਨ। ਛੇਤੀ ਹੀ ਇਸ ਪ੍ਰਾਜੈਕਟ ਨੂੰ ਨਵਿਆਂਉਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਵਿਰਾਸਤੀ ਇਮਾਰਤਾਂ ਦੀ ਗੱਲ ਕਰਦੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਇਨ੍ਹਾਂ ਦੀ ਸੰਭਾਲ ਲਈ ਬਜਟ ‘ਚ ਵੱਡੀ ਰਕਮ ਰੱਖੀ ਹੈ ਅਤੇ ਤਰਜੀਹੀ ਅਧਾਰ ‘ਤੇ ਇਹ ਕੰਮ ਸ਼ੁਰੂ ਕਰ ਦਿੱਤੇ ਜਾਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਉਨ੍ਹਾਂ ਦੇ ਮੀਡੀਆ ਸਲਾਹਕਾਰ ਸੁਖਵਿੰਦਰ ਸਿੰਘ ਗਰਚਾ, ਐਸ. ਡੀ. ਐਮ. ਅਨੁਪਮਾ ਕਲੇਰ, ਐਕਸੀਅਨ ਵਰਿੰਦਰ ਸ਼ਰਮਾ, ਐਸ. ਡੀ. ਓ. ਮਹਾਂਵੀਰ ਸਿੰਘ, ਡਾ. ਰਾਜ ਕੁਮਾਰ, ਡੀ. ਐਸ. ਪੀ. ਦਲਜੀਤ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

Translate »