October 9, 2011 admin

ਅਸਤ ਹੋ ਗਿਆ ਕ੍ਰਿਕਟ ਜਗਤ ਦਾ ਸਿਤਾਰਾ ;ਨਵਾਬ ਪਟੌਦੀ

ਰਣਜੀਤ ਸਿੰਘ ਪ੍ਰੀਤ
ਭਗਤਾ-151206[ਬਠਿੰਡਾ]
ਮੋਬਾਇਲ ਸੰਪਰਕ;98157-07232

        ਉਧਰ ਭਾਰਤੀ ਕ੍ਰਿਕਟ ਟੀਮ ਇੰਗਲੈਂਡ ਵਿੱਚ ਬੁਰੀ ਤਰ੍ਹਾਂ ਹਾਰ ਗਈ ਅਤੇ ਇਧਰ ਭਾਰਤੀ ਕ੍ਰਿਕਟ ਦਾ ਇੱਕ ਅਹਿਮ ਹਸਤਾਖ਼਼ਰ, ਭਾਰਤੀ ਕ੍ਰਿਕਟ ਦਾ ਸਿਤਾਰਾ ਸਦਾ ਸਦਾ ਲਈ ਅਸਤ ਹੋ ਗਿਆ।ਇਸ ਮਹਾਂਨ ਕ੍ਰਿਕਟਰ ਮਨਸੂਰ ਅਲੀ ਖ਼ਾਨ  ਦਾ ਜਨਮ ਜਿਸ ਨੂੰ ਟਾਈਗਰ ਦੇ ਨਾਂਅ ਨਾਲ ਵੀ ਯਾਦ ਕੀਤਾ ਜਾਂਦਾ ਰਹੇਗਾ,5 ਜਨਵਰੀ 1941 ਨੂੰ ਇਫ਼ਤਿਖਾਰ ਅਲੀ ਖਾਂਨ ਜੋ ਪਟੌਦੀ ਦੇ ਅੱਠਵੇਂ ਨਵਾਬ ਅਤੇ ਸਾਬਕਾ ਕ੍ਰਿਕਟ ਕਪਤਾਨ ਸਨ, ਅਤੇ ਬੇਗਮ ਸਾਜਿਦਾ ਸੁਲਤਾਨ ਜੋ ਕਿ ਭੋਪਾਲ ਦੇ ਆਖ਼ਰੀ ਨਵਾਬ ਦੀ ਦੂਜੀ ਬੇਟੀ ਸੀ,ਦੇ ਘਰ ਭੋਪਾਲ ਵਿਖੇ ਹੋਇਆ। ਮਨਸੂਰ ਅਲੀ ਖ਼ਾਨ ਪਟੌਦੀ ਦੇ ਆਖ਼ਰੀ ਨੌਵੇਂ ਨਵਾਬ ਸਨ,ਕਿਉਂਕਿ 26 ਵੀਂ ਸੰਵਿਧਾਨਕ ਸੋਧ ਅਨੁਸਾਰ 1971 ਵਿੱਚ ਇਹ ਨਵਾਬੀ ਸਿਸਟਮ ਖ਼਼ਤਮ ਕਰ ਦਿੱਤਾ ਗਿਆ ਸੀ।
                ਮਨਸੂਰ ਅਲੀ ਖ਼ਾਨ ਨੇ ਲੜਕਿਆਂ ਦੇ ਦਿਹਰਾਦੂਨ  ਵੈੱਲਹਾਮ ਸਕੂਲ ਵਿੱਚ ,ਫਿਰ ਲਾਕਰਜ਼ ਪਾਰਕ ਪਰੈੱਪ ਸਕੂਲ [ਹਰਟਫੋਰਡਸ਼ਾਇਰ] ਵਿੱਚ, ਵਨਿਚੈਸਟਰ ਕਾਲਜ,ਅਤੇ ਬੈਲੀਓਲਕਾਲਜ ਔਕਸਫੋਰਡ ਵਿੱਚੋਂ ਤਾਲੀਮ ਹਾਸਲ ਕੀਤੀ। ਅਜੇ  ਮਨਸੂਰ ਦਾ 11 ਵਾਂ ਜਨਮ ਦਿਨ ਹੀ ਸੀ ਕਿ ਪਿਤਾ ਦੇ ਦਿਹਾਂਤ ਮਗਰੋਂ ਨੌਂਵੇਂ ਨਵਾਬ ਵਜੋਂ 1952 ਵਿੱਚ ਨਮ ਅੱਖਾਂ ਨਾਲ ਤਾਜਪੋਸ਼ੀ ਹੋਈ।
                ਸੱਜੂ ਬੱਲੇਬਾਜ ਅਤੇ ਸੱਜੂ ਹੀ ਮੀਡੀਅਮ ਪੇਸ ਗੇਂਦਬਾਜ ,ਜਿਸ ਦੀ ਉਮਰ ਮਹਿਜ 20 ਸਾਲ ਸੀ ਤਾਂ ਇੱਕ ਕਾਰ ਹਾਦਸੇ ਦੌਰਾਂਨ 1961 ਵਿੱਚ ਸੱਜੀ ਅੱਖ ਸਦਾ ਲਈ ਨਕਾਰਾ ਹੋ ਗਈ ,ਉਸ ਸਮੇ ਜੂਨੀਅਰ ਪਟੌਦੀ ਵਜੋਂ ਜਾਣੇ ਜਾਂਦੇ, ਪਟੌਦੀ ਨੇੇ ਪੂਰਾ ਅਭਿਆਸ ਕਰਦਿਆਂ ਕ੍ਰਿਕਟ ਨਾਲ ਨਾਤਾ ਬਣਾਈ ਰੱਖਿਆ,ਸਭ ਦੀਆਂ ਸੋਚਾਂ ਤੋਂ ਉਲਟ ਉਸ ਨੇ 1961 ਵਿੱਚ ਇੰਗਲੈਂਡ ਵਿਰੁੱਧ ਪਹਿਲਾ ਟੈਸਟ ਮੈਚ ਖੇਡਿਆ। ਦੂਜੇ ਕੋਲਕਾਤਾ ਮੈਚ,ਚ 64 ਅਤੇ ਤੀਜੇ ਚੇਨੱਈ ਮੈਚ ਵਿੱਚ ਪਹਿਲਾ ਸੈਂਕੜਾ ਦਰਜ ਕਰਦਿਆਂ 103 ਰਨ ਬਣਾਏ। ਉਹ1961 ਤੋਂ 1975 ਤੱਕ ਟੀਮ ਨਾਲ ਜੁੜੇ ਰਹੇ। ਜਦ ਭਾਰਤੀ ਕਪਤਾਨ ਨਾਰੀ ਕੌਨਟਰੈਕਟਰ ਜ਼ਖ਼ਮੀ ਹੋ ਕਿ ਟੀਮ ਤੋਂ ਬਾਹਰ ਹੋ ਗਏ, ਤਾਂ ਮਾਰਚ 1962 ਵਿੱਚ ਜੂਨੀਅਰ ਪਟੌਦੀ ਟੀਮ ਦੇ ਕਪਤਾਨ ਬਣੇ। ਸਭ ਤੋਂ ਛੋਟੀ ਉਮਰ ਦੇ ਭਾਰਤੀ ਕਪਤਾਨ ਬਣਨ ਵਾਲਾ ਰਿਕਾਰਡ ਅਜੇ ਵੀ ਉਹਦੇ ਨਾਂਅ ਦਰਜ ਹੈ। ਵਿਸ਼ਵ ਵਿੱਚ ਛੋਟੀ ਉਮਰ ਦੇ ਕਪਤਾਨ ਵਾਲਾ ਰਿਕਾਰਡ 2004 ਤੋਂ ਜਿ਼ੰ਼ਬਾਬਵੇ ਦੇ ਤਾਤੈਂਡਾ ਤਾਇਬੂ ਦੇ ਨਾਂਅ ਚੱਲੀ ਆ ਰਿਹਾ ਹੈ।
                 ਮਨਸੂਰ ਅਲੀ ਖਾਨ ਪਟੌਦੀ ਨੇ ਕੁੱਲ 46 ਟੈਸਟ ਮੈਚ ਖੇਡੇ,ਜਿਨ੍ਹਾਂ ਵਿੱਚ 34਼,91 ਦੀ ਔਸਤ ਨਾਲ 2793 ਰਨ ਬਣਾਏ। ਜਦੋਂ ਕਿ 310 ਫ਼ਸਟ ਕਲਾਸ, ਖੇਡੇ ਮੈਚਾਂ ਵਿੱਚ 33,67 ਦੀ ਔਸਤ ਨਾਲ 15425 ਦੌੜਾਂ ਬਣਾਈਆਂ। ਆਪਣੀ ਜਿ਼ਦਗੀ ਦਾ ਉੱਚ ਸਕੋਰ ਨਾਬਾਦ 203 ਰਨ ਵੀ ਬਣਾਏ । ਪਟੌਦੀ ਨੇ 40 ਮੈਚਾਂ ਵਿੱਚ ਕਪਤਾਨੀ ਕੀਤੀ,9 ਮੈਚ ਭਾਰਤ ਨੇ ਜਿੱਤੇ,ਅਤੇ 19 ਹਾਰੇ। ਇਸ ਤਰ੍ਹਾਂ ਸਭ ਤੋਂ ਵੱਧ ਕਾਮਯਾਬ ਕਪਤਾਨ ਬਣੇ। ਕਿਓਂਕਿ ਇਸ ਤੋਂ ਪਹਿਲਾਂ ਭਾਰਤੀ ਟੀਮ ਨੇ ਜੋ 79 ਮੈਚ ਖੇਡੇ ਸਨ,ਉਹਨਾਂ ਵਿੱਚੋਂ ਸਿਰਫ਼ 8 ਹੀ ਜਿੱਤੇ ਸਨ,ਅਤੇ 31 ਹਾਰੇ ਸਨ। ਇੱਕ ਹੋਰ ਤੱਥ ਅਨੁਸਾਰ ਭਾਰਤ ਨੇ ਵਿਦੇਸ਼ਾਂ ਵਿੱਚ ਜੋ 33 ਮੈਚ ਖੇਡੇ ਸਨ,ਉਹਨਾਂ ਵਿੱਚੋਂ ਕੋਈ ਵੀ ਨਹੀਂ ਸੀ ਜਿਤਿਆ। ਮਨਸੂਰ ਅਲੀ ਖਾਨ ਅਜਿਹਾ ਕਪਤਾਨ ਰਿਹਾ ਜਿਸ ਨੇ ਵਿਦੇਸ਼ੀ ਧਰਤੀ’ਤੇ ਪਹਿਲੀ ਵਾਰ ਟੈਸਟ ਸੀਰੀਜ਼ ਜਿੱਤੀ। ਅਜਿਹਾ 1968 ਵਿੱਚ ਨਿਊਜ਼ੀਲੈਂਡ ਵਿਰੁੱਧ ਰਿਕਾਰਡ ਬਣਾਇਆ।ਸਨ 1970 ਵਿੱਚ ਉਸ ਤੋਂ ਟੀਮ ਦੀ ਅਗਵਾਈ ਵਾਪਿਸ ਲੈ ਲਈ ਗਈ। ਸਨ 1957 ਤੋਂ 1970 ਦੌਰਾਂਨ 137 ਫ਼ਸਟ ਕਲਾਸ ਮੈਚ ਖੇਡੇ,ਜਿਨ੍ਹਾਂ ਵਿੱਚ 22,29 ਦੀ ਔਸਤ ਨਾਲ 3054 ਰਨ ਬਣਾਏ। ਟਾਈਗਰ ਪਟੌਦੀ ਨੇ ਟੈਸਟ ਮੈਚਾਂ ,ਚ 6 ਸੈਂਕੜੇ,16 ਅਰਧ ਸੈਂਕੜੇ ਬਣਾਏ।ਫ਼ਸਟ ਕਲਾਸ ਮੈਚਾਂ ਵਿੱਚ ਇਹ ਅੰਕੜਾ 33 ਅਤੇ 75 ਰਿਹਾ। ਟੈਸਟ ਮੈਚਾਂ ,ਚ 132 ਗੇਂਦਾਂ ਕੀਤੀਆਂ ਅਤੇ ਇੱਕ ਵਿਕਟ ਲਈ,ਦੂਸਰੇ ਮੈਚਾਂ ਵਿੱਚ 1192 ਗੇਦਾਂ ਪਿੱਛੇ 10 ਵਿਕਟਾਂ ਲਈਆਂ। ਗੇਂਦਬਾਜ਼ੀ ਔਸਤ ਕ੍ਰਮਵਾਰ 88,00 ਅਤੇ 77,59 ਰਹੀ। ਕ੍ਰਮਵਾਰ ਕੈਚ 27 ਅਤੇ 208 ਰਹੇ।
               27 ਦਸੰਬਰ 1969 ਨੂੰ ਫਿ਼ਲਮੀ ਅਦਾਕਾਰਾ ਸ਼ਰਮੀਲਾ ਟੈਗੋਰ ਨਾਲ ਮਨਸੂਰ ਅਲੀ ਖਾਨ ਦਾ ਨਿਕਾਹ ਹੋਇਆ। ਜਿਸ ਤੋਂ ਆਪ ਦੇ ਘਰ ਬੇਟਾ ਸੈਫ਼ ਅਲੀ ਖਾਨ 16 ਅਗਸਤ 1970 ਨੂੰ ਜਨਮਿਆਂ। ਬੇਟੀ ਸੋਹਾ ਅਲੀ ਖਾਨ 4 ਅਕਤੂਬਰ 1978 ਨੂੰ,ਅਤੇ ਛੋਟੀ ਬੇਟੀ ਸਬਾ ਅਲੀ ਖਾਨ ਦਾ ਜਨਮ ਹੋਇਆ। ਆਪ ਦੇ ਅੰਕਲ ਸ਼ੇਰ ਅਲੀ ਖਾਨ,ਅਤੇ ਪਹਿਲੇ ਕਜ਼ਨ ਨਵਾਬ ਸ਼ਾਹਯਾਰ ਖਾਨ ਪਾਕਿਸਤਾਨ ਵਿੱਚ ਵਿਦੇਸ਼ ਸੈਕਰੇਟਰੀ ਰਹੇ ਹਨ। ਸਨ 1973 ਨੂੰ ਉਸ ਦੀ ਟੀਮ,ਚ ਵਾਪਸੀ ਹੋਈ ਅਤੇ ਇੰਗਲੈਂਡ ਟੂਰ ਦੇ 5 ਟੈਸਟ ਮੈਚਾਂ ਦੀ ਕਪਤਾਨੀ ਸੌਂਪੀ ਗਈ। ਮੁੰਬਈ,ਚ ਉਸ ਨੇ 1975 ਨੂੰ ਵੈਸਟ ਇੰਡੀਜ਼ ਵਿਰੁੱਧ ਆਖ਼ਰੀ ਮੈਚ ਖੇਡਿਆ। 1993 ਤੋਂ 1996 ਤੱਕ ਉਹ ਆਈ ਸੀ ਸੀ ਮੈਚ ਰੈਫ਼ਰੀ ਰਿਹਾ। ਜੂਨ 2005 ਵਿੱਚ ਕਾਲੇ ਹਿਰਨ ਦੇ ਸਿ਼ਕਾਰ ਕਰਨ ਦੀ ਵਜ੍ਹਾ ਕਰਕੇ ਦੋ ਦਿਨ ਜੇਲ੍ਹ ਵੀ ਜਾਣਾ ਪਿਆ।
             1964 ਵਿੱਚ ਅਰਜੁਨਾ ਐਵਾਰਡ,ਅਤੇ 1969 ਵਿੱਚ ਪਦਮ ਸ਼੍ਰੀ ਪ੍ਰਾਪਤ ਕਰਤਾ 70 ਸਾਲਾਂ ਦੇ ਮਨਸੂਰ ਅਲੀ ਖਾਨ ਪਟੌਦੀ ਨੂੰ ਫ਼ੇਫੜਿਆਂ ਦੀ ਇਨਫੈਕਸ਼ਨ ਸਦਕਾ ਦਿੱਲੀ ਦੇ ਸਰ ਗੰਗਾ ਰਾਮ ਹਸਪਤਾਲ ਵਿਖੇ 20 ਅਗਸਤ 2011 ਨੂੰ ਦਾਖ਼ਲ ਕਰਵਾਇਆ ਗਿਆ,ਜਿੱਥੇ 22 ਸਤੰਬਰ 2011 ਨੂੰ ਉਹਨਾਂ ਦਾ ਇੰਤਕਾਲ ਹੋ ਗਿਆ।ਇਸ’ਤੇ ਪ੍ਰਧਾਨ ਮੰਤਰੀ ਸਰਦਾਰ ਮਨਮੋਹਨ ਸਿੰਘ,ਕੌਮਾਂਤਰੀ ਕ੍ਰਿਕਟ ਕੌਂਸਲ ਦੇ ਪ੍ਰਧਾਨ ਸ਼ਰਦ ਪਵਾਰ,ਆਈ ਸੀ ਸੀ ਦੇ ਮੁਖ ਕਾਰਜਕਾਰੀ ਹਾਰੁਨ ਲੌਰਗਟ,ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ,ਇੰਗਲੈਂਡ ਕ੍ਰਿਕਟ ਬੋਰਡ ਦੇ ਪ੍ਰਧਾਨ ਜਾਈਲਜ ਕਲਾਰਕ,ਦੋਨੋ ਭੈਣਾਂ ਕਰੀਨਾ ਕਪੂਰ,ਕਰਿਸ਼ਮਾਂ ਕਪੂਰ,ਕ੍ਰਿਕਟ ਖਿਡਾਰੀ ਕਪਿਲ ਦੇਵ,ਅਜੇ ਜੁਡੇਜਾ,ਅੰਸ਼ਮਨ ਗਾਇਕਵਾਰਡ,ਸਰੋਦ ਵਾਦਕ ਅਮਜਦ ਅਲੀ ਖਾਨ,ਦਿੱਲੀ ਦੀ ਮਖ ਮੰਤਰੀ ਸ਼ੀਲਾ ਦੀਕਸ਼ਤ,ਪਾਕਿਸਤਾਨ ਦੇ ਹਾਈ ਕਮਿਸ਼ਨਰ ਸ਼ਾਹਿਦ ਮਲਿਕ,ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਂਨ ਆਈ ਐਸ ਬਿੰਦਰਾ,ਨੇ ਸ਼ਰਧਾਂਜਲੀ ਭੇਂਟ ਕੀਤੀ, ਇਸ ਉਪਰੰਤ ਉਹਨਾਂ ਦੀ ਅੱਖ ਦਾਨ ਕੀਤੀ ਗਈ। ਮ੍ਰਿਤਕ ਦੇਹ ਨੂੰ 23 ਸਤੰਬਰ ਨੂੰ ਪਟੌਦੀ ਪੈਲੇਸ ਵਿੱਚ ਸੈਫ ਅਲੀ ਖਾਨ ਵੱਲੋਂ ਜੁਮੇ ਦੀ ਨਮਾਜ਼ ਪੜ੍ਹਨ ਉਪਰੰਤ  ਇਫ਼ਤਿਖਾਰ ਅਲੀ ਖਾਂਨ ਦੀ ਕਬਰ ਦੇ ਸਮੀਪ ਹੀ ਸਪੁਰਦ ਇ ਖ਼ਾਕ ਕਰ ਦਿੱਤਾ ਗਿਆ। ਇਸ ਸਮੇਂ ਬਹੁਤ ਵੱਡੀ ਭੀੜ ਜਮ੍ਹਾਂ ਸੀ।ਜਿਸ ਵਿੱਚ ਬਹੁਤ ਨਾਮੀ ਗਰਾਮੀ ਹਸਤੀਆਂ ਵੀ ਸ਼ਾਮਲ ਸਨ। ਭਾਵੇਂ ਜਿਸਮਾਨੀ ਤੌਰ’ਤੇ ਉਹ ਹੁਣ ਮੌਜੂਦ ਨਹੀਂ, ਪਰ ਇੱਕ ਸਫ਼ਲ ਕਪਤਾਨ ਵਜੋਂ ਭਾਰਤੀ ਕ੍ਰਿਕਟ ਇਤਿਹਾਸ ਦਾ ਉਹ ਅਹਿਮ ਪੰਨਾ ਬਣੇ ਰਹੇ ਹਨ, ਅਤੇ ਹਮੇਸ਼ਾਂ ਬਣੇ ਰਹਿਣਗੇ।

 

Translate »