ਫਤਹਿਗੜ੍ਹ ਸਾਹਿਬ- ਕਿਸਾਨ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਖੇਤੀ ਅਤੇ ਹੋਰ ਸਹਾਇਕ ਧੰਦਿਆਂ ਵਿੱਚ ਲਗਾ ਕੇ ਜਿੱਥੇ ਖੇਤੀ ਦੀ ਲਾਗਤ ਨੂੰ ਘਟਾਇਆ ਜਾ ਸਕਦਾ ਹੈ, ਉੱਥੇ ਖੇਤੀ ਨੂੰ ਲਾਹੇਵੰਦ ਧੰਦਾ ਵੀ ਬਣਾਇਆ ਜਾ ਸਕਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਸਰਹਿੰਦ ਸ: ਦੀਦਾਰ ਸਿਘ ਭੱਟੀ ਨੇ ਸੋਹਨ ਫਾਰਮ ਸਰਹਿੰਦ ਵਿਖੇ ਹਾੜੀ ਦੀਆਂ ਫਸਲਾਂ ਸਬੰਧੀ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਦਾ ਉਦਘਾਟਨ ਕਰਨ ਸਮੇਂ ਕਿਸਾਨਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਕਿਸਾਨ ਸਿਖਲਾਈ ਕੈਂਪਾਂ ਵਿੱਚ ਸ਼ਮੂਲੀਅਤ ਕਰਕੇ ਆਧੁਨਿਕ ਖੇਤੀ ਤਕਨੀਕਾਂ ਅਤੇ ਖੇਤੀਬਾੜੀ ਤੇ ਹੋਰ ਸਹਾਇਕ ਧੰਦਿਆਂ ਵਿੱਚ ਹੋ ਰਹੀਆਂ ਨਵੀਆਂ ਖੋਜਾਂ ਦੀ ਜਾਣਕਾਰੀ ਹਾਸਲ ਕਰਕੇ ਖੇਤੀਬਾੜੀ ਦੇ ਧੰਦੇ ਨੂੰ ਨਵੀਂ ਦਿਸ਼ਾ ਦੇਣ ਲਈ ਅੱਗੇ ਆਉਣ। ਉਨ੍ਹਾਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਪੰਜਾਬ ਸਰਕਾਰ ਵੱਲੋਂ ਸਬਸਿਡੀ ਤੇ ਦਿੱਤੇ ਜਾ ਰਹੇ ਹੈਪੀਸੀਡਰ ਅਤੇ ਰੋਟਾਵੇਟਰ ਦੀ ਸਹਾਇਤਾ ਨਾਲ ਜ਼ਮੀਨ ਵਿਚ ਹੀ ਵਾਉਣ ਨੂੰ ਤਰਜ਼ੀਹ ਦੇਣ ਕਿਉਂਕਿ ਅਜਿਹਾ ਕਰਨ ਨਾਲ ਜਿੱਥੇ ਜ਼ਮੀਨ ਦੀ ਉਪਜਾਊ ਸ਼ਕਤੀ ਵੱਧੇਗੀ ਉੱਥੇ ਕਣਕ ਦੇ ਝਾੜ ਵਿਚ ਵੀ ਵਾਧਾ ਹੋਵੇਗਾ । ਉਨ੍ਹਾਂ ਆਖਿਆ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਜਿੱਥੇ ਧਰਤੀ ਦੀ ਜੰਮਣ ਸ਼ਕਤੀ ਘੱਟਦੀ ਹੈ, ਉੱਥੇ ਕਈ ਤਰ੍ਹਾਂ ਦੇ ਮਿੱਤਰ ਕੀੜੇ ਵੀ ਮਰ ਜਾਂਦੇ ਹਨ। ਇਸ ਲਈ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗੇ ਲਗਾਉਣ ਦੀ ਬਜਾਏ ਰੋਟਾਵੇਟਰ ਦੀ ਸਹਾਇਤਾ ਨਾਲ ਜ਼ਮੀਨ ਵਿੱਚ ਹੀ ਵਾਹੁਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਸਹਿਕਾਰੀ ਸਭਾਵਾਂ ਨੂੰ 10 ਲੱਖ ਰੁਪਏ ਦੀ ਮਸ਼ੀਨਰੀ ਖਰੀਦਣ ਤੇ 3 ਲੱਖ ਰੁਪਏ ਦੀ ਸਬਸਿਡੀ ਮੁਹੱਈਆ ਕਰਵਾ ਰਹੀ ਹੈ ਤਾਂ ਜੋ ਛੋਟੇ ਕਿਸਾਨ ਟਰੈਕਟਰ, ਡਰਿੱਲ, ਰੋਟਾਵੇਟਰ ਅਤੇ ਲੇਜਰ ਲੈਵਲਰ ਦੀ ਵਰਤੋਂ ਕਰ ਸਕਣ।
ਸ: ਭੱਟੀ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਹਾੜੀ ਦੇ ਸੀਜਨ ਵਿੱਚ ਕਣਕ ਦੀ ਬਿਜਾਈ ਲਈ ਯੂਨੀਵਰਸਿਟੀ ਵੱਲੋਂ ਸਿਫਾਰਸ਼ ਕੀਤੀਆਂ ਗਈਆਂ ਕਣਕ ਦੀਆਂ ਵਧੇਰੇ ਝਾੜ ਦੇਣ ਵਾਲੀਆਂ ਕਿਸਮਾਂ ਨੂੰ ਹੀ ਬੀਜਣ ਨੂੰ ਤਰਜੀਹ ਦੇਣ ਅਤੇ ਪ੍ਰਵਾਨਤ ਬੀਜ ਦਵਾਈ ਨਾਲ ਸੋਧ ਕੇ ਹੀ ਬੀਜੇ ਜਾਣ ਤਾਂ ਜੋ ਕਿਸਾਨਾਂ ਨੂੰ ਫਸਲ ਤੋਂ ਵਧੇਰੇ ਝਾੜ ਮਿਲ ਸਕੇ ਅਤੇ ਕਣਕ ਦੀ ਫਸਲ ਬਿਮਾਰੀਆਂ ਤੋਂ ਰਹਿਤ ਹੋ ਸਕੇ। ਉਨ੍ਹਾਂ ਕਿਸਾਨਾਂ ਨੂੰ ਇਹ ਵੀ ਸੱਦਾ ਦਿੱਤਾ ਕਿ ਉਹ ਧਰਤੀ ਹੇਠਲੇ ਪਾਣੀ ਦੀ ਬੱਚਤ ਲਈ ਲੇਜਰ ਲੈਵਲਰ ਦੀ ਵਰਤੋਂ ਕਰਨ। ਉਨ੍ਹਾਂ ਇਹ ਵੀ ਆਖਿਆ ਕਿ ਖੇਤੀ ਲਾਗਤ ਨੂੰ ਘਟਾਉਣ ਵਾਸਤੇ ਕਿਸਾਨ ਰੋਟਾਵੇਟਰ ਅਤੇ ਕਣਕ ਦੀ ਬਿਜਾਈ ਲਈ 0 ਟਿੱਲ ਡਰਿੱਲ ਦੀ ਵਰਤੋਂ ਕਰਨ। ਉਨ੍ਹਾਂ ਕਿਹਾ ਕਿ ਪਾਣੀ ਦੀ ਸਵੱਛਤਾ ਲਈ ਚਾਹੀਦਾ ਹੈ ਕਿ ਅਸੀਂ ਘੱਟ ਤੋਂ ਘੱਟ ਕੀਟ ਨਾਸ਼ਕ ਅਤੇ ਨਦੀਨ ਨਾਸ਼ਕ ਦਵਾਈਆਂ ਦੀ ਵਰਤੋਂ ਕਰੀਏ।
ਖੇਤੀਬਾੜੀ ਵਿਭਾਗ ਦੇ ਸੰਯੁਕਤ ਡਾਇਰੈਕਟਰ ਡਾ: ਤਰਸੇਮ ਸਿੰਘ ਨੇ ਦੱਸਿਆ ਕਿ ਆਉਂਦੇ ਹਾੜੀ ਦੇ ਸੀਜਨ ਵਿੱਚ 35 ਲੱਖ ਹੈਕਟੇਅਰ ਰਕਬਾ ਕਣਕ ਦੀ ਫਸਲ ਹੇਠ ਲਿਆਂਦਾ ਜਾਵੇਗਾ ਜਿਸ ਤੋਂ ਕਿ 155 ਲੱਖ ਟਨ ਕਣਕ ਦੀ ਪੈਦਾਵਾਰ ਹੋਣ ਦਾ ਟੀਚਾ ਮਿਥਿਆ ਗਿਆ ਹੈ । ਉਨ੍ਹਾਂ ਦੱਸਿਆ ਕਿ 40 ਹਜ਼ਾਰ ਹੈਕਟੇਅਰ ਰਕਬਾ ਤੇਲ ਬੀਜਾਂ ਅਤੇ 13 ਹਜ਼ਾਰ ਹੈਕਟੇਅਰ ਰਕਬਾ ਦਾਲਾਂ ਹੇਠ ਲਿਆਉਣ ਦਾ ਟੀਚਾ ਮਿਥਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਇਸ ਸਾਲ ਕਿਸਾਨਾਂ ਨੂੰ ਕਰੀਬ 13 ਲੱਖ ਕੁਇੰਟਲ ਕਣਕ ਦਾ ਸੋਧਿਆ ਹੋਇਆ ਬੀਜ ਸਬਸਿਡੀ ਤੇ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ 1 ਹਜ਼ਾਰ ਕੁਇੰਟਲ ਦਾਲਾਂ ਅਤੇ 1 ਹਜ਼ਾਰ ਕੁਇੰਟਲ ਸੋਧੇ ਹੋਏ ਤੇਲ ਬੀਜ ਵੀ ਕਿਸਾਨਾਂ ਨੂੰ ਮੁਹੱਈਆ ਕਰਵਾਏ ਜਾਣਗੇ । ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਹਾੜੀ ਦੇ ਸੀਜਨ ਵਿੱਚ ਜਿੱਥੇ ਸਾਢੇ ਚਾਰ ਲੱਖ ਟਨ ਡੀ.ਏ.ਪੀ. ਅਤੇ ਸਾਢੇ ਤੇਰਾਂ ਲੱਖ ਟਨ ਯੂਰੀਏ ਦੇ ਪ੍ਰਬੰਧ ਕੀਤੇ ਗਏ ਹਨ । ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਡਾ: ਕੁਲਦੀਪ ਸਿੰਘ ਜੋਸਨ ਨੇ ਦੱਸਿਆ ਕਿ ਜ਼ਿਲ੍ਹੇ ਦੇ ਕਿਸਾਨਾਂ ਦੀ ਮਿਹਨਤ ਸਦਕਾ ਝੋਨੇ ਅਤੇ ਕਣਕ ਦੇ ਔਸਤ ਝਾੜ ਵਿੱਚ ਫਤਹਿਗੜ੍ਰ ਸਾਹਿਬ ਜ਼ਿਲ੍ਹਾ ਮੋਹਰੀ ਚਲਿਆ ਆ ਰਿਹਾ ਹੈ। ਉਨ੍ਹਾਂ ਕਿਸਾਨਾਂ ਨੂੰ ਸੁਝਾਅ ਦਿੱਤਾ ਕਿ ਉਹ ਮਿੱਟੀ ਦੀ ਪਰਖ ਕਰਵਾ ਕੇ ਹੀ ਲੋੜੀਂਦੀਆਂ ਖਾਦਾਂ ਦੀ ਵਰਤੋਂ ਕਰਨ ਕਿਉਂਕਿ ਲੋੜ ਤੋਂ ਵੱਧ ਖਾਦਾਂ ਦੀ ਵਰਤੋਂ ਫਸਲਾਂ ਲਈ ਘਾਤਕ ਸਿੱਧ ਹੁੰਦੀ ਹੈ। ਇਸ ਮੌਕੇ ਕਿਸਾਨ ਆਗੂ ਸ: ਪਿਸ਼ੌਰਾ ਸਿੰਘ ਸਿੱਧੂਪੁਰ,ਸ: ਬਲਦੇਵ ਸਿੰਘ ਮੀਆਂਪੁਰ, ਸ: ਬਲਦੇਵ ਸਿੰਘ ਦਮਹੇੜੀ ਨੇ ਵੀ ਸੰਬੋਧਨ ਕੀਤਾ। ਇਸ ਕੈਂਪ ਦੌਰਾਨ ਯੂਨੀਵਰਸਿਟੀ ਦੇ ਖੇਤੀ ਮਾਹਿਰ ਡਾ: ਦਲਵਿੰਦਰ ਸਿੰਘ ਬੈਨੀਪਾਲ ਨੇ ਖਾਦਾਂ ਦੀ ਸੁਚੱਜੀ ਵਰਤੋਂ, ਡਾ: ਜਗਦੇਵ ਸਿੰਘ ਕੁਲਾਰ ਨੇ ਕੀੜਿਆਂ ਦੀ ਰੋਕਥਾਮ, ਡਾ: ਐਸ.ਐਸ. ਠਾਕੁਰ, ਡਾ: ਐਸ.ਪੀ. ਐਸ. ਬਰਾੜ ਨੇ ਫਸਲਾਂ ਦੀਆਂ ਬਿਮਾਰੀਆਂ ਅਤੇ ਡਾ: ਸੁਰਜੀਤ ਸਿੰਘ ਨੇ ਨਦੀਨਾਂ ਦੀ ਰੋਕਥਾਮ ਬਾਰੇ ਕਿਸਾਨਾਂ ਨੂੰ ਜਾਣੂ ਕਰਵਾਇਆ। ਇਸ ਕੈਂਪ ਵਿੱਚ ਡਾ: ਰਜੀਵ ਨੰਦਾ ਨੇ ਡੇਅਰੀ ਵਿਕਾਸ, ਸ੍ਰੀ ਵਰਿੰਦਰ ਕੁਮਾਰ ਨੇ ਫਸਲੀ ਕਰਜ਼ਿਆਂ, ਭੂਮੀ ਰੱਖਿਆ ਅਫਸਰ ਦਲਬੀਰ ਸਿੰਘ ਤੋਂ ਇਲਾਵਾ ਹੋਰ ਮਾਹਰਾਂ ਨੇ ਵੀ ਸੰਬੋਧਨ ਕੀਤਾ ।