ਫਤਹਿਗੜ੍ਹ ਸਾਹਿਬ- ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਸ੍ਰੀ ਦਿਲਬਾਗ ਸਿੰਘ ਹਾਂਸ ਨੇ ਦੱਸਿਆ ਕਿ ਦੁੱਧ ਉਤਪਾਦਕਾਂ ਨੂੰ ਡੇਅਰੀ ਦੇ ਧੰਦੇ ਨੂੰ ਵਿਗਿਆਨਕ ਤਕਨੀਕ ਅਪਣਾ ਕੇ ਹੋਰ ਲਾਹੇਵੰਦ ਬਣਾਉਣ ਦੇ ਢੰਗ ਤਰੀਕਿਆਂ ਤੋਂ ਜਾਣੂ ਕਰਵਾਉਣ ਲਈ ਖਮਾਣੋਂ ਬਲਾਕ ਦੇ ਪਿੰਡ ਬਡਲਾ ਵਿਖੇ ਇੱਕ ਰੋਜ਼ਾ ਦੁੱਧ ਉਤਪਾਦਕ ਜਾਗਰੂਕਤਾ ਕੈਂਪ ਆਤਮਾ ਦੇ ਸਹਿਯੋਗ ਨਾਲ ਲਗਾਇਆ ਗਿਆ। ਇਸ ਕੈਂਪ ਦੀ ਪ੍ਰਧਾਨਗੀ ਡਾਇਰੈਕਟਰ ਡੇਅਰੀ ਵਿਕਾਸ ਪੰਜਾਬ ਸ: ਇੰਦਰਜੀਤ ਸਿੰਘ ਸਰਾਂ ਨੇ ਕੀਤੀ। ਸ੍ਰੀ ਹਾਂਸ ਨੇ ਇਸ ਕੈਂਪ ਦੌਰਾਨ ਦੁੱਧ ਉਤਪਾਦਕਾਂ ਨੂੰ ਪ੍ਰੇਰਤ ਕੀਤਾ ਕਿ ਉਹ ਮਾਡਲ ਕੈਟਲ ਸ਼ੈਡਾਂ ਦਾ ਨਿਰਮਾਣ ਕਰਕੇ ਚੰਗੀ ਨਸਲ ਦੀਆਂ ਮੱਝਾਂ ਗਾਵਾਂ ਹੀ ਪਾਲਣ ਤਾਂ ਜੋ ਉਨ੍ਹਾਂ ਤੋਂ ਵਧੇਰੇ ਦੁੱਧ ਉਤਪਾਦਨ ਲਿਆ ਜਾ ਸਕੇ। ਸ੍ਰੀ ਹਾਂਸ ਵੱਲੋਂ ਦੁੱਧ ਉਤਪਾਦਕਾਂ ਨੂੰ ਡੇਅਰੀ ਵਿਭਾਗ ਵੱਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ, ਦੁਧਾਰੂ ਪਸ਼ੂਆਂ ਦੀਆਂ ਨਸਲਾਂ ਸਬੰਧੀ ਅਤੇ ਸੂਚਨਾ ਐਕਟ 2005 ਸਬੰਧੀ ਲੋਕਾਂ ਨੂੰ ਜਾਣੂ ਕਰਵਾਇਆ ਗਿਆ।
ਸ੍ਰੀ ਹਾਂਸ ਨੇ ਇਹ ਵੀ ਦੱਸਿਆ ਕਿ ਇਸ ਕੈਂਪ ਦੌਰਾਨ ਮੋਬਾਇਲ ਲੈਬਾਰਟਰੀ ਰਾਹੀਂ ਕੈਟਲ ਫੀਡ ਅਤੇ ਖਲਾਂ ਦੇ ਸੈਂਪਲ ਚੈਕ ਕੀਤੇ ਗਏ ਅਤੇ ਦੁੱਧ ਉਤਪਾਦਕਾਂ ਨੂੰ ਮੌਕੇ ਤੇ ਹੀ ਰਿਪੋਰਟ ਦਿੱਤੀ ਗਈ। ਉਨ੍ਹਾਂ ਕਿਸਾਨਾਂ ਨੂੰ ਪ੍ਰੇਰਤ ਕੀਤਾ ਕਿ ਉਹ ਪਸ਼ੂਆਂ ਤੋਂ ਵਧੇਰੇ ਦੁੱਧ ਲੈਣ ਲਈ ਚੰਗੇ ਮਿਆਰ ਦੀ ਕੈਟਲ ਫੀਡ ਦੀ ਹੀ ਵਰਤੋਂ ਕਰਨ ਅਤੇ ਜਹਿਰਾਂ ਤੋਂ ਰਹਿਤ ਦੁੱਧ ਦੀ ਪ੍ਰਾਪਤੀ ਲਈ ਹਰੇ ਚਾਰੇ ਨੂ ੰਘੱਟ ਤੋਂ ਘੱਟ ਲੋੜ ਮੁਤਾਬਕ ਹੀ ਰਸਾਇਣਕ ਖਾਦਾਂ ਅਤੇ ਕੀਟ ਨਾਸ਼ਕ ਦਵਾਈਆਂ ਦੀ ਵਰਤੋਂ ਕੀਤੀ ਜਾਵੇ। ਸ੍ਰੀ ਚਰਨਜੀਤ ਸਿੰਘ ਡੇਅਰੀ ਵਿਕਾਸ ਇੰਸਪੈਕਟਰ ਫਤਹਿਗੜ੍ਹ ਸਾਹਿਬ ਵੱਲੋਂ ਪਸ਼ੂਆਂ ਦੀ ਖੁਰਾਕ ਅਤੇ ਸੁਚੱਜੇ ਪ੍ਰਬੰਧ ਬਾਰੇ ਜਾਣਕਾਰੀ ਦਿੱਤੀ ਗਈ। ਡਾ: ਸੋਫਤ ਵੱਲੋਂ ਪਸ਼ੂਆਂ ਦੀਆਂ ਆਮ ਬਿਮਾਰੀਆਂ ਅਤੇ ਉਨ੍ਹਾਂ ਦੀ ਰੋਕਥਾਮ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਕੈਂਪ ਵਿੱਚ ਡੇਅਰੀ ਵਿਕਾਸ ਇੰਸਪੈਕਟਰ ਚਤਾਮਲੀ ਸ੍ਰੀ ਰਮੇਸ਼ ਕੁਮਾਰ, ਸ੍ਰੀ ਸੰਤੋਖ ਸਿੰਘ, ਪਿੰਡ ਦੀ ਸਰਪੰਚ ਸ੍ਰੀਮਤੀ ਮਨਜੀਤ ਕੌਰ ,ਸ੍ਰੀ ਜੀਤ ਸਿੰਘ, ਸ੍ਰੀ ਜਰਨੈਲ ਸਿੰਘ ਅਤੇ ਗੁਰਪ੍ਰੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਦੁੱਧ ਉਤਪਾਦਕਾਂ ਨੇ ਸ਼ਮੂਲੀਅਤ ਕੀਤੀ।