ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਅੰਤਰ ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਗਜ਼ਲ ਗਾਇਕ ਜਗਜੀਤ ਸਿੰਘ ਦੇ ਦੇਹਾਂਤ ਤੇ ਡੂੰਘੇ ਸ਼ੋਕ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਉਹ ਪੰਜਾਬੀ ਮਨ ਦੀ ਕੋਮਲਤਾ ਅਤੇ ਸੁਰੀਲੇ ਕੰਠ ਦਾ ਪੇਸ਼ਕਾਰ ਗਾਇਕ ਸੀ ਜਿਸ ਨੇ ਗੁਰਬਾਣੀ ਸੰਗੀਤ ਤੋਂ ਆਪਣਾ ਸਫਰ ਆਰੰਭ ਕਰਕੇ ਪੰਜਾਬੀ ਹਿੰਦੀ ਅਤੇ ਉਰਦੂ ਗਜ਼ਲ ਗਾਇਕੀ ਵਿੱਚ ਆਪਣਾ ਸਥਾਨ ਬਣਾਇਆ । ਡਾ. ਢਿੱਲੋਂ ਨੇ ਆਖਿਆ ਕਿ ਪਾਕਿਸਤਾਨੀ ਗਾਇਕ ਮਹਿੰਦੀ ਹਸਨ ਅਤੇ ਗੁਲਾਮ ਅਲੀ ਦੇ ਬਰਾਬਰ ਤੀਸਰਾ ਨਾਮ ਜਗਜੀਤ ਸਿੰਘ ਦਾ ਉਭਰਿਆ ਅਤੇ ਪਿਛਲੇ 40 ਸਾਲਾਂ ਵਿਚ ਉਸਨੇ ਗਜ਼ਲ ਗਾਇਕੀ ਨੂੰ ਘਰ-ਘਰ ਵਿਚ ਹਰਮਨ ਪਿਆਰੀ ਬਣਾਇਆ । ਡਾ. ਢਿੱਲੋਂ ਨੇ ਆਖਿਆ ਕਿ ਲੁਧਿਆਣਾ ਸ਼ਹਿਰ ਨੂੰ ਆਪਣੇ ਇਸ ਗਾਇਕ ਸਪੁੱਤਰ ਤੇ ਤਾਂ ਮਾਣ ਹੈ ਹੀ । ਸਮੁੱਚੇ ਵਿਸ਼ਵ ਵਿਚ ਪੰਜਾਬੀਆਂ ਨੂੰ ਵੀ ਉਸ ਦੀ ਕੀਰਤੀ ਤੇ ਫ਼ਖਰ ਰਹੇਗਾ । ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ ਡਾ. ਸਤਬੀਰ ਸਿੰਘ ਗੋਸਲ, ਰਜਿਸਟਰਾਰ ਡਾ. ਰਾਜ ਕੁਮਾਰ ਮਹੇ ਅਤੇ ਹੋਮ ਸਾਇੰਸ ਕਾਲਜ ਦੀ ਡੀਨ ਡਾ. ਨੀਲਮ ਗਰੇਵਾਲ ਨੇ ਵੀ ਡੂੰਘੇ ਅਫਸੋਸ ਦਾ ਪ੍ਰਗਟਾਵਾ ਕੀਤਾ ਹੈ ।