ਸੇਵਾ ਦਾ ਅਧਿਕਾਰ ਕਾਨੂੰਨ ਲਾਗੂ ਹੋਣ ਨਾਲ ਆਮ ਲੋਕ ਸਰਕਾਰੀ ਦਫਤਰਾਂ ਵਿਚ ਪ੍ਰੇਸਾਨ ਨਹੀਂ ਹੋਣਗੇ -ਮੁੱਖ ਸਕੱਤਰ ਪੰਜਾਬ
ਖਮਾਣੋਂ- ਮੁੱਖ ਸਕੱਤਰ ਪੰਜਾਬ ਸ੍ਰੀ ਐਸ.ਸੀ.ਅਗਰਵਾਲ ਨੇ ਅਚਨਚੇਤ ਖਮਾਣੋਂ ਅਨਾਜ ਮੰਡੀ ਦਾ ਦੌਰਾ ਕਰਕੇ ਝੋਨੇ ਦੀ ਖਰੀਦ ਦਾ ਜ਼ਾਇਜ਼ਾ ਲਿਆ । ਉਨ੍ਹਾਂ ਵੱਖ ਵੱਖ ਖਰੀਦ ਏਜੰਸੀਆਂ ਵੱਲੋਂ ਕੀਤੀ ਜਾ ਰਹੀ ਖਰੀਦ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਅਤੇ ਖਰੀਦ ਏਜੰਸੀਆਂ ਦੇ ਜ਼ਿਲ੍ਹਾ ਮੈਨੇਜਰਾਂ ਨੂੰ ਹਦਾਇਤ ਕੀਤੀ ਕਿ ਕਿਸਾਨਾਂ ਵੱਲੋਂ ਮੰਡੀਆਂ ਵਿਚ ਲਿਆਂਦੀ ਜਾ ਰਹੀ ਝੋਨੇ ਦੀ ਫਸਲ ਦੀ ਨਾਲੋ ਨਾਲ ਖਰੀਦ ਅਤੇ ਖਰੀਦੇ ਗਏ ਝੋਨੇ ਦੀ 72 ਘੰਟਿਆਂ ਦੇ ਅੰਦਰ ਅੰਦਰ ਚੁਕਾਈ ਯਕੀਨੀ ਬਣਾਈ ਜਾਵੇ ਤਾਂ ਜੋ ਕਿਸਾਨਾਂ ਨੂੰ ਮੰਡੀਆਂ ਵਿਚ ਝੋਨਾ ਢੇਰੀ ਕਰਨ ਵਿਚ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ । ਉਨ੍ਹਾਂ ਇਸ ਮੌਕੇ ਕਿਸਾਨਾਂ ਨੂੰ ਪੰਜਾਬ ਸਰਕਾਰ ਵੱਲੋਂ ਭਰੋਸਾ ਦਿਵਾਇਆ ਕਿ ਝੋਨੇ ਦੀ ਖਰੀਦ ਦੇ ਸਾਰੇ ਪੁਖਤਾ ਇੰਤਜਾਮ ਕੀਤੇ ਗਏ ਹਨ ਅਤੇ ਕਿਸਾਨਾਂ ਨੂੰ ਝੋਨਾ ਵੇਚਣ ਲਈ ਕਿਸੇ ਵੀ ਪ੍ਰੇਸਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਯਸ਼ਵੀਰ ਮਹਾਜਨ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਹੁਣ ਤੱਕ ਵੱਖ ਵੱਖ ਖਰੀਦ ਏਜੰਸੀਆਂ ਅਤੇ ਵਪਾਰੀਆਂ ਵੱਲੋਂ 69383 ਟਨ ਝੋਨੇ ਦੀ ਖਰੀਦ ਕੀਤੀ ਗਈ ਹੈ ਜਦੋਂ ਕਿ ਪਿਛਲੇ ਸਾਲ ਇਸ ਸਮੇਂ ਤੱਕ ਸਿਰਫ 42553 ਟਨ ਝੋਨੇ ਦੀ ਹੀ ਖਰੀਦ ਕੀਤੀ ਗਈ ਸੀ । ਉਨ੍ਹਾਂ ਦੱਸਿਆ ਕਿ ਪਨਗਰੇਨ ਨੇ 17051, ਮਾਰਕਫੈਡ ਨੇ 10984, ਪਨਸਪ ਨੇ 24678 , ਵੇਅਰ ਹਾਊਸ ਨੇ 7075, ਪੰਜਾਬ ਐਗਰੋ ਨੇ 9145 ਅਤੇ ਵਪਾਰੀਆਂ ਨੇ 450 ਟਨ ਝੋਨੇ ਦੀ ਖਰੀਦ ਕੀਤੀ ਹੈ ।
ਸ੍ਰੀ ਮਹਾਜਨ ਨੇ ਮੁੱਖ ਸਕੱਤਰ ਦੇ ਧਿਆਨ ਵਿਚ ਲਿਆਂਦਾ ਕਿ ਸਾਲ 2009 ਵਿਚ ਮਾਰਕਫੈਡ, ਪਨਸਪ, ਪੰਜਾਬ ਐਗਰੋ ਅਤੇ ਵੇਅਰ ਹਾਊਸ ਵੱਲੋਂ ਖਰੀਦੀ ਗਈ ਕਰੀਬ 15 ਹਜ਼ਾਰ ਟਨ ਕਣਕ ਖਮਾਣੋਂ ਵਿਖੇ ਸਬ ਡਵੀਜ਼ਨਲ ਕੰਪਲੈਕਸ ਦੇ ਨਿਰਮਾਣ ਲਈ ਰੱਖੇ ਗਏ 7 ਏਕੜ ਰਕਬੇ ਵਿੱਚ ਸਟੋਰ ਕੀਤੀ ਗਈ ਸੀ ਜੋ ਕਿ ਬਰਸਾਤਾਂ ਕਾਰਨ ਗਲ-ਸੜ੍ਹ ਜਾਣ ਕਰਕੇ ਵੱਡੀ ਪੱਧਰ ਤੇ ਉਸ ਕਣਕ ਵਿਚ ਸੁਸਰੀ ਪੈਦਾ ਹੋ ਗਈ ਅਤੇ ਦੂਰ ਤੱਕ ਬਦਬੂ ਫੈਲ ਗਈ ਹੈ ਜੋ ਕਿ ਨਾਲ ਲੱਗਦੀ ਤਹਿਸੀਲ ਵਿੱਚ ਕੰਮ ਕਰਦੇ ਕਰਮਚਾਰੀਆਂ ਅਤੇ 6-7 ਕਿਲੋਮੀਟਰ ਦੇ ਏਰੀਏ ਵਿਚ ਰਹਿੰਦੇ ਲੋਕਾਂ ਲਈ ਭਾਰੀ ਪ੍ਰੇਸ਼ਾਨੀ ਦਾ ਕਾਰਨ ਬਣ ਗਈ ਹੈ । ਇਸ ਲਈ ਇਸ ਅਨਾਜ ਨੂੰ ਤੁਰੰਤ ਇੱਥੋਂ ਚੁਕਵਾਇਆ ਜਾਣਾ ਚਾਹੀਦਾ ਹੈ ਤਾਂ ਜੋ ਇੱਥੋ ਦੇ ਵਸਨੀਕ ਕਿਸੇ ਮਹਾਮਾਰੀ ਦਾ ਸ਼ਿਕਾਰ ਨਾ ਹੋ ਜਾਣ । ਮੌਕੇ ਤੇ ਹੀ ਮੁੱਖ ਸਕੱਤਰ ਸ੍ਰੀ ਅਗਰਵਾਲ ਨੇ ਵੱਖ ਵੱਖ ਖਰੀਦ ਏਜੰਸੀਆਂ ਦੇ ਮੈਨੇਜਿੰਗ ਡਾਇਰੈਕਟਰਾਂ ਨੂੰ ਨਿਰਦੇਸ਼ ਦਿੱਤੇ ਕਿ ਇਸ ਕਣਕ ਨੂੰ ਇੱਥੋ ਚੁੱਕਣ ਵਾਸਤੇ ਤੁਰੰਤ ਹੰਗਾਮੀ ਕਦਮ ਚੁੱਕੇ ਜਾਣ ਤਾਂ ਜੋ ਲੋਕਾਂ ਨੂੰ ਇਸ ਪ੍ਰੇਸ਼ਾਨੀ ਤੋਂ ਬਚਾਇਆ ਜਾ ਸਕੇ ।
ਸ੍ਰੀ ਅਗਰਵਾਲ ਨੇ ਇਸ ਉਪਰੰਤ ਐਸ.ਡੀ.ਐਮ ਦਫਤਰ, ਤਹਿਸੀਲ ਅਤੇ ਥਾਣਾ ਖਮਾਣੋਂ ਵਿਖੇ ਸੇਵਾ ਅਧਿਕਾਰ ਕਾਨੂੰਨ ਅਧੀਨ ਆਮ ਲੋਕਾਂ ਨੂੰ ਸਮਾਂਬੱਧ ਸੇਵਾਵਾਂ ਦੇਣ ਲਈ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਕੀਤੇ ਗਏ ਪ੍ਰਬੰਧਾ ਦਾ ਜ਼ਾਇਜ਼ਾ ਲਿਆ ਅਤੇ ਸਬੰਧਿਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਕਾਨੂੰਨ ਦਾ ਲਾਭ ਹਰ ਆਮ ਆਦਮੀ ਨੂੰ ਪਹੁੰਚਾਉਣ ਲਈ ਲੋਕਾਂ ਪ੍ਰਤੀ ਆਪਣੀ ਜਿੰਮੇਂਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ । ਉਨ੍ਹਾਂ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਇਹ ਵੀ ਨਿਰਦੇਸ਼ ਦਿੱਤੇ ਕਿ ਇਸ ਕਾਨੂੰਨ ਅਧੀਨ ਆਉਂਦੀਆਂ 67 ਸੇਵਾਵਾਂ ਸਬੰਧੀ ਵੱਧ ਤੋਂ ਵੱਧ ਲੋਕਾਂ ਨੂੰ ਜਾਣੂ ਕਰਵਾਇਆ ਜਾਵੇ ਤਾਂ ਜੋ ਕੋਈ ਵੀ ਆਮ ਵਿਅਕਤੀ ਇਨ੍ਹਾ ਸੇਵਾਵਾਂ ਦੇ ਲਾਭ ਤੋਂ ਵਾਂਝਾ ਨਾ ਰਹੇ । ਡਿਪਟੀ ਕਮਿਸ਼ਨਰ ਨੇ ਮੁੱਖ ਸਕੱਤਰ ਦੇ ਧਿਆਨ ਵਿਚ ਲਿਆਂਦਾ ਕਿ ਜ਼ਿਲ੍ਹੇ ਵਿਚ ਸੇਵਾ ਦਾ ਅਧਿਕਾਰ ਕਾਨੂੰਨ ਪੂਰੀ ਤਰ੍ਹਾਂ ਲਾਗੂ ਕਰਨ ਲਈ ਪਹਿਲਾਂ ਹੀ ਵੱਖ ਵੱਖ ਵਿਭਾਗਾਂ ਦੇ ਸਬੰਧਿਤ ਅਧਿਕਾਰੀਆਂ ਨਾਲ ਤਿੰਨ ਮੀਟਿੰਗਾਂ ਕਰਕੇ ਇਹ ਸੇਵਾਵਾਂ ਪ੍ਰਦਾਨ ਕਰਨ ਲਈ ਸਮੁੱਚੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਸਾਰੇ ਵਿਭਾਗਾਂ ਦੇ ਦਫਤਰਾਂ ਦੇ ਬਾਹਰ, ਸੁਵਿਧਾ ਕੇਂਦਰਾਂ ਦੇ ਬਾਹਰ ਅਤੇ ਜਨਤਕ ਸਥਾਨਾਂ ਤੇ ਸੇਵਾ ਦਾ ਅਧਿਕਾਰ ਕਾਨੂੰਨ ਸਬੰਧੀ ਜਾਣਕਾਰੀ ਮਹੁੱਈਆ ਕਰਨ ਵਾਲੇ ਸੂਚਨਾ ਬੋਰਡ ਲਗਵਾਏ ਗਏ ਹਨ। ਉਨ੍ਹਾਂ ਦੱਸਿਆ ਕਿ ਸਾਰੇ ਬੀ.ਡੀ.ਪੀ.ਓਜ਼ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਸਾਰੇ ਪਿੰਡਾਂ ਦੀਆਂ ਪੰਚਾਇਤਾਂ ਨਾਲ ਮੀਟਿੰਗਾਂ ਕਰਕੇ ਉਨ੍ਹਾਂ ਨੂੰ ਇਸ ਕਾਨੂੰਨ ਬਾਰੇ ਵਿਸਥਾਰਪੂਰਵਕ ਜਾਣੂ ਕਰਵਾਉਣ ਅਤੇ ਪਿੰਡਾਂ ਦੇ ਸਾਰੇ ਲੋਕਾਂ ਨੂੰ ਇਨ੍ਹਾਂ ਸੇਵਾਵਾਂ ਬਾਰੇ ਪ੍ਰੇਰਿਤ ਕਰਨ । ਇਸ ਤੋਂ ਇਲਾਵਾ ਜ਼ਿਲ੍ਹੇ ਵਿਚ ਪੈਂਦੇ ਸਾਰੇ ਸ਼ਹਿਰਾਂ ਦੇ ਕਾਰਜਸਾਧਕ ਅਫਸਰਾਂ ਨੂੰ ਵੀ ਹਦਾਇਤ ਕੀਤੀ ਗਈ ਕਿ ਉਹ ਨਗਰ ਕੌਂਸਲਾਂ ਦੇ ਕੌਂਸਲਰਾਂ ਨਾਲ ਮੀਟਿੰਗਾਂ ਕਰਕੇ ਇਸ ਕਾਨੂੰਨ ਬਾਰੇ ਜਾਣੂ ਕਰਵਾਉਣ । ਇਸ ਮੌਕੇ ਐਸ.ਡੀ.ਐਮ ਬਸੀ ਪਠਾਣਾਂ ਸ੍ਰੀਮਤੀ ਨਵਜੋਤ ਕੌਰ, ਡੀ.ਐਸ.ਪੀ ਖਮਾਣੋਂ ਸ੍ਰੀ ਬੀ.ਐਸ. ਰੰਧਾਵਾ, ਮਾਰਕੀਟ ਕਮੇਟੀ ਦੇ ਸਕੱਤਰ ਸ: ਭੁਪਿੰਦਰਪਾਲ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ ।