ਲੁਧਿਆਣਾ- ਸ੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਵੱਲੋ ਭਗਵਾਨ ਵਾਲਮੀਕਿ ਜੀ ਦੇ ਮਹਾਨ ਰਾਮਤੀਰਥ ਸਥਾਨ ਦੀ ਸੁੰਦਰਤਾ ਲਈ 20 ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ ਅਤੇ ਇਸ ਮੰਤਵ ਲਈ ਜਿੰਨੀ ਵੀ ਹੋਰ ਰਾਸ਼ੀ ਦੀ ਲੋੜ ਪਵੇਗੀ, ਪੰਜਾਬ ਸਰਕਾਰ ਵੱਲੋ ਖੁੱਲ-ਦਿਲੀ ਨਾਲ ਖਰਚ ਕੀਤੀ ਜਾਵੇਗੀ।
ਇਹ ਪ੍ਰਗਟਾਵਾ ਸ. ਪਰਕਾਸ਼ ਬਾਦਲ ਮੁੱਖ ਮੰਤਰੀ ਪੰਜਾਬ ਨੇ ਅੱਜ ਡਾ: ਅੰਬੇਦਕਰ ਪਾਰਕ ਚੀਮਾਂ ਚੌਕ ਵਿਖੇ ਭਾਰਤੀਯ ਵਾਲਮੀਕਿ ਧਰਮ ਸਮਾਜ (ਰਜਿ.) ਭਾਵਾਧਸ ਲੁਧਿਆਣਾ ਵੱਲੋਂ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਉਤਸਵ ਦੇ ਮੌਕੇ ਤੇ ਆਯੋਜਿਤ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ।
ਸ: ਬਾਦਲ ਨੇ ਭਗਵਾਨ ਵਾਲਮੀਕਿ ਜੀ ਨੂੰ ਆਪਣਾ ਸਤਿਕਾਰ ਭੇਟ ਕਰਦਿਆ ਲੋਕਾਂ ਨੂੰ ਅਪੀਲ ਕੀਤੀ ਕਿ ਸਾਨੂੰ ਉਹਨਾਂ ਵਲੋ ਨੈਤਿਕ ਕਦਰਾਂ-ਕੀਮਤਾਂ ਅਤੇ ਮਾਨਵਤਾ ਦੀ ਭਲਾਈ ਲਈ ਦਰਸਾਏ ਮਾਰਗ ਤੇ ਚੱਲਣਾ ਚਾਹੀਦਾ ਹੈ ਤਾਂ ਜੋ ਇੱਕ ਨਰੋਏ ਸਮਾਜ ਦੀ ਸਿਰਜਣਾ ਹੋ ਸਕੇ, ਜਿਸ ਵਿੱਚ ਹਰ ਵਿਅਕਤੀ ਨੂੰ ਤਰੱਕੀ ਕਰਨ ਦੇ ਬਰਾਬਰ ਮੌਕੇ ਮਿਲ ਸਕਣ। ਉਹਨਾਂ ਕਿਹਾ ਕਿ ਭਗਵਾਨ ਵਾਲਮੀਕਿ ਜੀ ਇੱਕ ਮਹਾਨ ਵਿਦਵਾਨ ਸਨ, ਜਿੰਨਾਂ ਨੇ ਪਵਿੱਤਰ ਧਾਰਮਿਕ ਗ੍ਰੰਥ ਰਮਾਇਣ ਦੀ ਰਚਨਾ ਕੀਤੀ, ਜੋ ਮੁੱਢ ਕਦੀਮ ਤੋ ਹੀ ਮਾਨਵ ਜਾਤੀ ਨੂੰ ਚੰਗੇਰੇ ਜੀਵਨ ਅਤੇ ਸਮਾਜਿਕ ਕਦਰਾਂ-ਕੀਮਤਾਂ ਨੂੰ ਉਚਾ ਅਤੇ ਸੁੱਚਾ ਰੱਖਣ ਦੀ ਪ੍ਰੇਰਨਾ ਦਿੰਦੀ ਆ ਰਹੀ ਹੈ। ਉਹਨਾਂ ਕਿਹਾ ਕਿ ਜਿੱਥੇ ਸਾਨੂੰ ਇਹ ਪਵਿੱਤਰ ਗ੍ਰੰਥ ਵੱਡਿਆਂ ਦੀ ਪਾਲਣਾ ਅਤੇ ਜੁਲਮ ਦਾ ਟਾਕਰਾ ਕਰਨ ਦਾ ਸੰਦੇਸ਼ ਦਿੰਦਾ ਹੈ,ਉਥੇ ਸਮਾਜਿਕ ਕੁਰੀਤੀਆਂ ਵਿਰੁੱਧ ਸੰਘਰਸ਼ ਕਰਨ ਦੀ ਵੀ ਪ੍ਰੇਰਨਾਂ ਦਿੰਦਾ ਹੈ। ਉਹਨਾਂ ਕਿਹਾ ਕਿ ਭਗਵਾਨ ਵਾਲਮੀਕਿ ਜੀ ਨੇ ਇਸ ਧਰਤੀ ਤੇ ਸਭ ਤੋ ਪਹਿਲਾਂ ਅਹਿੰਸਾ ਦਾ ਪਾਠ ਪੜ੍ਹਾਇਆ ਅਤੇ ਮਨੁੱਖੀ ਭਾਈਚਾਰੇ ਤੇ ਆਪਸੀ ਸਦਭਾਵਨਾ ਕਾਇਮ ਰੱਖਣ ਲਈ ਸਮੁੱਚੀ ਮਾਨਵਤਾ ਨੂੰ ਸਾਂਤੀ ਦਾ ਸੰਦੇਸ਼ ਦਿੱਤਾ। ਉਹਨਾਂ ਕਿਹਾ ਕਿ ਭਗਵਾਨ ਵਾਲਮੀਕਿ ਜੀ ਭਾਰਤੀ ਸੰਸਕ੍ਰਿਤੀ ਦੇ ਪਿਤਾਮਾ ਵਜੋ ਜਾਣੇ ਜਾਂਦੇ ਹਨ ਅਤੇ ਉਹ ਕਮਜੋਰ ਵਰਗਾਂ ਅਤੇ ਅਨੁਸੁਚਿਤ ਜਾਤੀਆਂ ਦੇ ਹੀ ਭਗਵਾਨ ਨਹੀ ਸਨ, ਸਗੋ ਸਾਰੇ ਵਰਗਾਂ ਵਲੋ ਉਹਨਾਂ ਦਾ ਸਤਿਕਾਰ ਕੀਤਾ ਜਾਂਦਾ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋ ਸ੍ਰੀ ਗੁਰੂ ਰਵਿਦਾਸ ਜੀ ਦੇ ਨਾਂ ਤੇ ਹੁਸ਼ਿਆਰਪੁਰ ਵਿਖੇ ਯੂਨੀਵਰਸਿਟੀ ਦਾ ਨੀਹ ਪੱਥਰ ਰੱਖਿਆ ਗਿਆ ਹੈ।
ਸ: ਬਾਦਲ ਨੇ ਕਿਹਾ ਕਿ ਭਗਵਾਨ ਵਾਲਮੀਕਿ ਜੀ ਵੱਲੋਂ ਹਜ਼ਾਰਾ ਸਾਲ ਪਹਿਲਾ ਰਚਿਤ ਪਵਿੱਤਰ ਰਮਾਇਣ ਅੱਜ ਵੀ ਸਾਡੇ ਲਈ ਪ੍ਰੇਰਨਾ ਸਰੋਤ ਹੈ। ਉਹਨਾਂ ਕਿਹਾ ਕਿ ਭਗਵਾਨ ਵਾਲਮੀਕਿ ਨੇ ਸਾਨੂੰ ਮਨੁੱਖਤਾ ਦੀ ਏਕਤਾ, ਭਾਈਚਾਰਕ ਸਾਂਝ, ਵੱਡਿਆ ਦਾ ਸਤਿਕਾਰ ਅਤੇ ਛੋਟਿਆ ਨਾਲ ਪਿਆਰ ਕਰਨ ਵਰਗੇ ਗੁਣਾਂ ਦੇ ਧਾਰਨੀ ਹੋਣ ਦਾ ਉਪਦੇਸ਼ ਦਿੱਤਾ। ਉਹਨਾਂ ਕਿਹਾ ਕਿ ਹਮੇਸ਼ਾਂ ਅਕਾਲੀ ਦਲ-ਭਾਜਪਾ ਸਰਕਾਰਾਂ ਸਮੇ ਹੀ ਸਮਾਜ ਦੇ ਕਮਜ਼ੋਰ ਵਰਗਾਂ ਦੀ ਭਲਾਈ ਲਈ ਕਈ ਸਕੀਮਾਂ ਸ਼ੁਰੂ ਕੀਤੀਆਂ ਗਈਆਂ ਅਤੇ ਵਾਲਮੀਕਿ ਸਮਾਜ ਦੇ ਲੋਕਾਂ ਨੂੰ ਆਪਣੀ ਹਿੱਕ ਨਾਲ ਲਾਇਆ। ਉਹਨਾਂ ਵਾਲਮੀਕਿ ਸਮਾਜ ਦੇ ਮਸਲਿਆਂ ਨੂੰ ਉਚਿੱਤ ਢੰਗ ਨਾਲ ਹੱਲ ਕਰਨ ਦਾ ਭਰੋਸਾ ਦਿਵਾਇਆ।
ਇਸ ਉਪਰੰਤ ਸ: ਬਾਦਲ ਦਰੇਸੀ ਗਰਾਂਊਡ ਵਿਖੇ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਉਤਸੱਵ ਤੇ ਆਯੋਜਿਤ ਸੋaਭਾ ਯਾਤਰਾ ਵਿੱਚ ਵੀ ਸ਼ਾਮਲ ਹੋਏ।
ਸ: ਹੀਰਾ ਸਿੰਘ ਗਾਬੜੀਆ ਜੇਲਾਂ, ਸੈਰ-ਸਪਾਟਾ ਤੇ ਸਭਿਆਚਾਰਕ ਮਾਮਲੇ ਮੰਤਰੀ ਪੰਜਾਬ ਨੇ ਭਗਵਾਨ ਵਾਲਮੀਕਿ ਨੂੰ ਸ਼ਰਧਾਂ ਦੇ ਫੁੱਲ ਭੇਟ ਕਰਦਿਆ ਕਿਹਾ ਕਿ ਸ੍ਰੋਮਣੀ ਅਕਾਲੀ ਦਲ- ਭਾਜਪਾ ਸਰਕਾਰ ਨੇ ਵਾਲਮੀਕਿ ਸਮਾਜ ਨੂੰ ਆਪਣਾ ਅੰਗ ਬਣਾ ਕੇ ਮਾਣ ਤੇ ਸਤਿਕਾਰ ਦਿੱਤਾ। ਉਹਨਾਂ ਕਿਹਾ ਕਿ ਭਗਵਾਨ ਵਾਲਮੀਕਿ ਜੀ ਨੂੰ ਸੱਚੀ ਸਰਧਾਂਜ਼ਲੀ ਇਹੀ ਹੋਵੇਗੀ ਕਿ ਅਸੀ ਉਹਨਾਂ ਦੇ ਸਿਧਾਂਤਾਂ, ਆਪਸੀ ਭਾਈਚਾਰੇ ਅਤੇ ਨੈਤਿਕ ਕਦਰਾਂ-ਕੀਮਤਾਂ ਤੇ ਚੱਲਦੇ ਹੋਏ ਇੱਕ ਨਰੋਏ ਸਮਾਜ ਦੀ ਸਿਰਜਣਾ ਲਈ ਅੱਗੇ ਹੋ ਕੇ ਕੰਮ ਕਰੀਏ।
ਸ੍ਰੀ ਸਤਪਾਲ ਗੋਸਾਈ ਸਿਹਤ ਤੇ ਪਰਿਵਾਰ ਭਲਾਈ ਮੰੰਤਰੀ ਪੰਜਾਬ ਨੇ ਭਗਵਾਨ ਵਾਲਮੀਕਿ ਜੀ ਦੇ ਪ੍ਰਕਾਸ਼ ਉਤਸੱਵ ਤੇ ਵਧਾਈ ਦਿੰਦਿਆ ਨੌਜਵਾਨਾਂ ਨੂੰ ਨਸ਼ਿਆਂ ਦੀ ਬੁਰਾਈ ਖਤਮ ਕਰਨ ਦਾ ਪ੍ਰਣ ਦਿਵਾਇਆ। ਉਹਨਾਂ ਕਿਹਾ ਕਿ ਸਾਨੂੰ ਉਹਨਾਂ ਦੀਆਂ ਸਿੱਿਖਆਵਾਂ ਤੇ ਚੱਲਦਿਆਂ ਹੋਇਆਂ ਸਮਾਜ ਦੇ ਕਮਜੋਰ ਵਰਗਾਂ ਦੀ ਭਲਾਈ ਲਈ ਅੱਗੇ ਹੋ ਕੇ ਕੰਮ ਕਰਨਾ ਚਾਹੀਦਾ ਹੈ।
ਪ੍ਰੋ: ਰਾਜਿੰਦਰ ਭੰਡਾਰੀ ਵਾਈਸ ਚੇਅਰਮੈਨ ਯੋਜਨਾ ਬੋਰਡ ਪੰਜਾਬ ਨੇ ਕਿਹਾ ਕਿ ਭਗਵਾਨ ਵਾਲਮੀਕਿ ਜੀ ਦਾ ਸੰਦੇਸ਼ ਅੱਜ ਦੇ ਯੁੱਗ ਵਿੱਚ ਸਾਰਥਕ ਹੈ ਅਤੇ ਇਸ ਤੇ ਅਮਲ ਕਰਕੇ ਸਮਾਜ ਵਿੱਚ ਬਰਾਬਰਤਾ ਲਿਆਂਦੀ ਜਾ ਸਕਦੀ ਹੈ। ਉਹਨਾਂ ਕਿਹਾ ਕਿ ਭਗਵਾਨ ਵਾਲਮੀਕਿ ਜੀ ਵੱਲੋ ਰਚਿਤ ਪਵਿੱਤਰ ਤੇ ਬਚਿੱਤਰ ਮਹਾਨ ਗ੍ਰੰਥ ਰਮਾਇਣ ਦੀ ਕੇਵਲ ਭਾਰਤ ਵਿੱਚ ਹੀ ਨਹੀ ਬਲਕਿ ਵਿਦੇਸ਼ਾਂ ਵਿੱਚ ਵੀ ਪੂਰੀ ਮਾਨਤਾ ਦਿੱਤੀ ਜਾਂਦੀ ਹੈ।
ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਸ: ਹੀਰਾ ਸਿੰਘ ਗਾਬੜੀਆ ਜੇਲ ਮੰਤਰੀ ਪੰਜਾਬ, ਸ੍ਰੀ ਸਤਪਾਲ ਗੋਸਾਈ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ, ਪ੍ਰੋ: ਰਾਜਿੰਦਰ ਭੰਡਾਰੀ ਵਾਈਸ ਚੇਅਰਮੈਨ ਯੋਜਨਾ ਬੋਰਡ ਪੰਜਾਬ, ਸ: ਚਰਨਜੀਤ ਸਿੰਘ ਅਟਵਾਲ ਸਾਬਕਾ ਡਿਪਟੀ ਸਪੀਕਰ ਲੋਕ ਸਭਾ, ਰਾਸ਼ਟਰੀ ਮੁੱਖ ਸੰਚਾਲਕ ਭਾਵਾਧਸ ਵੀਰੋਤਮ ਚੰਦਰਪਾਲ ਅਨਾਰਿਆ, ਭਾਵਾਧਸ ਦੇ ਰਾਸ਼ਟਰੀ ਸੰਚਾਲਕ ਵੀਰ ਸ੍ਰੇਸ਼ਠ ਨਰੇਸ਼ ਧੀਗਾਨ, ਮਹਾਂਮੰਤਰੀ ਵੀਰ ਸ੍ਰੇਸ਼ਠ ਸ੍ਰੀ ਵਿਜੈ ਦਾਨਵ, ਸ੍ਰੀ ਪ੍ਰਵੀਨ ਬਾਂਸਲ ਸੀਨੀਅਰ ਡਿਪਟੀ ਮੇਅਰ, ਸ੍ਰੀ ਮਦਨ ਮੋਹਨ ਵਿਆਸ ਚੇਅਰਮੈਨ ਨਗਰ ਸੁਧਾਰ ਟਰੱਸਟ, ਸ. ਇੰਦਰ ਇਕਬਾਲ ਸਿੰਘ ਅਟਵਾਲ, ਸ: ਪ੍ਰੀਤਮ ਸਿੰਘ ਭਰੋਵਾਲ, ਸ. ਅਮਰਜੀਤ ਸਿੰਘ ਚਾਵਲਾ, ਬਾਬਾ ਅਜੀਤ ਸਿੰਘ, ਸ੍ਰੀ ਹਰੀਸ਼ ਬੇਦੀ ਐਮ.ਐਲ.ਏ., ਸ੍ਰੀ ਕੁਲਵੰਤ ਭੱਲਾ, ਸ੍ਰੀ ਸੁਰਿੰਦਰ ਸੌਦਾਈ, ਵੀਰ ਸ਼ਾਮ ਬੋਹਤ, ਵੀਰ ਰਾਮਪਾਲ ਧੀਂਗਾਨ, ਵੀਰ ਕੇ.ਪੀ.ਦਾਨਵ, ਰਾਸ਼ਟਰੀ ਮਹਾਂ ਸੰਚਾਲਕ ਵੀਰੋਤਮ ਲਛਮਣ ਦ੍ਰਾਵਿੜ, ਧਰਮ ਗੁਰੂ ਡਾ. ਦੇਵ ਸਿੰਘ, ਸ੍ਰੀ ਅਸ਼ਵਨੀ ਸਹੋਤਾ, ਲਾਲਾ ਰਾਜ ਕੁਮਾਰ, ਸ੍ਰੀ ਸੁਰਿੰਦਰ ਬਾਲੀ, ਉਸਤਾਦ ਮੋਹਨ ਲਾਲ ਜੀ ਅਤੇ ਭਾਵਾਧਸ ਦੇ ਵੱਡੀ ਗਿਣਤੀ ਵਿੱਚ ਵੀਰ ਸ੍ਰੇਸ਼ਟ ਅਤੇ ਵੀਰਾਂਗਣਾਂ ਹਾਜ਼ਰ ਸਨ।