ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਅੰਮ੍ਰਿਤਸਰ ਵਿਖੇ ਕੰਨਫੈਡੇਰਸ਼ ਆਫ਼ ਇੰਡੀਅਨ ਇੰਡਸਟਰੀਜ਼ ਵੱਲੋਂ ਕਰਵਾਏ ਵਿਚਾਰ ਵਟਾਂਦਰੇ ਵਿਚ ਭਾਗ ਲੈਦਿਆਂ ਕਿਹਾ ਹੈ ਕਿ ਖੇਤੀਬਾੜੀ ਅਤੇ ਉਦਯੋਗ ਦੇ ਸੁਮੇਲ ਬਗੈਰ ਪੰਜਾਬ ਦਾ ਸਰਬਪੱਖੀ ਵਿਕਾਸ ਸੰਭਵ ਨਹੀਂ ਹੈ । ਉਨ•ਾਂ ਆਖਿਆ ਕਿਹਾ ਕਿ ਜ਼ਮੀਨ ਦੀ ਮਾਲਕੀ ਘਟਣਾ, ਹੱਥੀ ਕੰਮ ਕਰਨ ਦੀ ਥਾਂ ਬੇਗਾਨੇ ਹਥਾਂ ਤੇ ਟੇਕ, ਖੇਤੀ ਖਰਚਿਆਂ ਦੇ ਵਾਧੇ ਅਤੇ ਕੁਦਤਰੀ ਸੋਮਿਆਂ ਦੇ ਖੋਰੇ ਤੋਂ ਇਲਾਵਾ ਫੋਕੇ ਘਮੰਡ ਨੇ ਪੰਜਾਬ ਦੀ ਖੇਤੀ ਨੂੰ ਅੱਜ ਲਾਹੇਵੰਦਾ ਨਹੀਂ ਰਹਿਣ ਦਿੱਤਾ ਇਸ ਲਈ ਸਾਨੂੰ ਰਲ ਕੇ ਹੰਭਲਾ ਮਾਰਨ ਦੀ ਲੋੜ ਹੈ । ਉਹਨਾਂ ਆਖਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਕਿਸਾਨ ਦਾ ਜਿੰਨਾਂ ਪੱਕਾ ਸਬੰਧ ਪਿਛਲੇ 50 ਸਾਲਾਂ ਤੋਂ ਚਲ ਰਿਹਾ ਹੈ ਉਸੇ ਹਿਸਾਬ ਨਾਲ ਉਦਯੋਗ ਨਾਲ ਬਹੁਤੀ ਪੱਕੀ ਨੇੜਤਾ ਨਹੀਂ ਬਣ ਸਕੀ ।
ਡਾ. ਢਿੱਲੋਂ ਨੇ ਅਖਿਆ ਕਿ ਕਿਸਾਨ ਅਤੇ ਉਦਯੋਗ ਵਿਚਕਾਰ ਨੇੜਤਾ ਵਧਾਉਣ ਲਈ ਯੂਨੀਵਰਸਿਟੀ ਵੱਲੋਂ ਵਿਸ਼ੇਸ਼ ਅਧਿਕਾਰੀ ਥਾਪਿਆ ਜਾ ਰਿਹਾ ਹੈ ਤਾਂ ਜੋ ਐਗਰੋ ਪ੍ਰੋਸੈਸਿੰਗ ਅਤੇ ਖੇਤੀਬਾੜੀ ਉਦਯੋਗ ਅਧੀਨ ਲੋੜੀਂਦੀਆਂ ਤਕਨੀਕੀ ਮਸ਼ੀਨਾਂ ਦਾ ਖੋਜ ਵਿਕਾਸ ਅਤੇ ਪਹੁੰਚ ਸੁਖਾਲੀ ਕੀਤੀ ਜਾ ਸਕੇ । ਉਹਨਾਂ ਆਖਿਆ ਕਿ ਕਿਸਾਨ ਭਰਾਵਾਂ ਨੂੰ ਪ੍ਰੋਸੈਸਿੰਗ ਯੋਗ ਫ਼ਸਲਾਂ, ਫ਼ਲਾਂ ਅਤੇ ਸਬਜ਼ੀਆਂ ਦੀਆਂ ਕਿਸਮਾਂ ਦਿੱਤੀਆਂ ਗਈਆਂ ਹਨ ਪਰ ਪ੍ਰੋਸੈਸਿੰਗ ਦਾ ਯੋਗ ਪ੍ਰਬੰਧ ਨਾ ਹੋਣ ਕਾਰਨ ਬਹੁਤ ਉਪਜ ਸੰਭਾਲ ਖੁਣੋਂ ਵਿਰਾਨ ਹੋ ਜਾਂਦੀ ਹੈ । ਉਹਨਾਂ ਆਖਿਆ ਕਿ ਛੋਟੇ ਕਿਸਾਨਾਂ ਨੂੰ ਸਹਿਕਾਰੀ ਸਭਾਵਾਂ ਤੇ ਨਿਰਭਰ ਹੋਣਾ ਚਾਹੀਦਾ ਹੈ ਤਾਂ ਜੋ ਖੇਤੀ ਖ਼ਰਚੇ ਘਟਣ ।