October 10, 2011 admin

ਕਾਂਗਰਸ ਦੇ ਹੱਥਾਂ ’ਚ ਦੇਸ਼ ਸੁਰੱਖਿਅਤ ਨਹੀਂ- ਬਾਦਲ

ਲੁਧਿਆਣਾ – ਪੰਜਾਬ ਦੇ ਮੁੱਖ ਮੰਤਰੀ ਸ| ਪਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਵਿਰੋਧੀ ਧਿਰ ਕਾਂਗਰਸ ਕੋਲ ਸਰਕਾਰ ਖਿਲਾਫ ਕੋਈ ਮੁੱਦਾ ਨਹੀਂ ਹੈ ਅਤੇ ਕਾਂਗਰਸੀਆਂ ਦੀ ਬੌਖਲਾਹਟ ਅਤੇ ਬੇਚੈਨੀ ਬੀਤੇਂ ਦਿਨੀਂ ਪੰਜਾਬ ਵਿਧਾਨ ਸਭਾ ’ਚ ਕੀਤੇ ਹੰਗਾਮੇ ਤੋਂ  ਸਾਫ ਨਜ਼ਰ ਆਉਂਦੀ ਹੈ। ਸ| ਬਾਦਲ ਨੇ ਕਿਹਾ ਕਿ ਬੀਤੇ ਦਿਨੀਂ ਉਹ ਨਵੀਂ ਦਿੱਲੀ ਵਿਖੇ ਪ੍ਰਧਾਨ ਮੰਤਰੀ ਸ| ਮਨਮੋਹਨ ਸਿੰਘ ਨੂੰ ਮਿਲੇ ਸਨ ਅਤੇ ਕਈ ਮਸਲਿਆਂ ’ਤੇ ਪ੍ਰਧਾਨ ਮੰਤਰੀ ਵੱਲੋਂ ਪੰਜਾਬ ਦੇ ਮੁੱਦੇ ਵਿਚਾਰਨ ਪ੍ਰਤੀ ਭਰੋਸਾ ਦਿੱਤਾ ਗਿਆ ਸੀ। ਇਸ ਸਬੰਧੀ ਉਹ ਪੰਜਾਬ ਵਿਧਾਨ ਸਭਾ ਵਿਚ ਸ| ਮਨਮੋਹਨ ਸਿੰਘ ਦਾ ਧੰਨਵਾਦ ਕਰਨਾ ਚਾਹੁੰਦੇ ਸਨ ਪਰ ਪੰਜਾਬ ਦੇ ਕਾਂਗਰਸੀ ਵਿਧਾਇਕਾਂ ਵੱਲੋਂ ਉਨ੍ਹਾਂ ਨੂੰ ਨਾ ਬੋਲਣ ਦੇਣ ਦੇ ਰਵੱਈਏ ਨੇ ਸਿੱਧ ਕਰ ਦਿੱਤਾ ਹੈ ਕਿ ਵਿਰੋਧੀ ਧਿਰ ਕੋਲ ਸਰਕਾਰ ਖਿਲਾਫ ਕੋਈ ਮੁੱਦਾ ਨਹੀਂ ਹੈ ਅਤੇ ਕਾਂਗਰਸ ਸਿਰਫ ਰੌਲਾ-ਰੱਪਾ ਪਾ ਕੇ ਹੀ ਵਿਧਾਨ ਸਭਾ ਦਾ ਸੈਸ਼ਨ ਖਰਾਬ ਕਰਨਾ ਚਾਹੁੰਦੀ ਸੀ।

                   ਸਥਾਨਕ ਗੁਰੁ ਨਾਨਕ ਭਵਨ ਵਿਖੇ ਯੂਥ ਫੈਡਰੇਸ਼ਨ ਫਰੰਟ ਪੰਜਾਬ ਵੱਲੋਂ ਸ| ਪਰਕਾਸ਼ ਸਿੰਘ ਬਾਦਲ ਨੂੰ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨਿਤ ਕੀਤੇ ਜਾਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਸ| ਬਾਦਲ ਨੇ ਕਿਹਾ ਕਿ ਇਸ ਵੇਲੇ ਕਾਂਗਰਸ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਸ਼ਰੋਮਣੀ ਅਕਾਲੀ ਦਲ ਦੀ ਵੱਡੀ ਜਿੱਤ ਦੇਖਕੇ ਬੌਖਲਾਈ ਹੋਈ ਹੈ, ਜਿਸ ਕਾਰਣ ਕਾਂਗਰਸੀਆਂ ਨੂੰ ਵਿਧਾਨ ਸਭਾ ਚੋਣਾਂ ’ਚ ਵੀ ਆਪਣੀ ਹਾਰ ਪ੍ਰਤੱਖ ਨਜ਼ਰ ਆ ਰਹੀ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ’ਚ ਵਿਰੋਧੀ ਧਿਰ ਦੀ ਜੋ ਭੂਮਿਕਾ ਦੇਖਣ ਨੂੰ ਮਿਲੀ ਹੈ ਉਹ ਕਾਂਗਰਸੀਆਂ ਦੀ ਬੇਚੈਨੀ ਦੀ ਹੀ ਇਕ ਉਦਾਹਰਣ ਹੈ।

                   ਪੱਤਰਕਾਰਾਂ ਵੱਲੋਂ ਪੁੱਛੇ ਇਕ ਸਵਾਲ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ’ਚ ਜਦੋਂ-ਜਦੋਂ ਵੀ ਕਾਂਗਰਸ ਸਰਕਾਰ ਆਈ ਹੈ, ਦੇਸ਼ ’ਚ ਗਰੀਬੀ, ਭੁੱਖਮਰੀ, ਅਨਪੜ੍ਹਤਾ ਅਤੇ ਬੇਰੁਜ਼ਗਾਰੀ ’ਚ ਅਥਾਹ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਹੱਥਾਂ ’ਚ ਦੇਸ਼ ਸੁਰੱਖਿਅਤ ਨਹੀਂ ਹੈ। ਇਸ ਸਬੰਧੀ ਉਦਾਹਰਣ ਸਹਿਤ ਫੌਜ ਮੁਖੀ ਦੇ ਉਸ ਬਿਆਨ ਦਾ ਵੀ ਸ| ਬਾਦਲ ਨੇ ਹਵਾਲਾ ਦਿੱਤਾ ਜਿਸ ਅਨੁਸਾਰ ਚੀਨ ਸਰਹੱਦ ਨਜ਼ਦੀਕ ਭਾਰਤੀ ਖੇਤਰ ’ਚ ਸੜਕਾਂ ਦਾ ਨਿਰਮਾਣ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਰਲੀਮੈਂਟ ’ਤੇ ਹਮਲਾ, ਦਿੱਲੀ ਹਾਈ ਕੋਰਟ ’ਚ ਬੰਬ ਧਮਾਕਾ ਅਤੇ ਮੁੰਬਈ ’ਚ ਹੋਈਆਂ ਦਹਿਸ਼ਤਗਰਦੀ ਕਾਰਵਾਈਆਂ ਕੇਂਦਰ ਦੀ ਕਾਂਗਰਸ ਸਰਕਾਰ ਦੀਆਂ ਨਲਾਇਕੀਆਂ ਦਾ ਹੀ ਨਤੀਜਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਕਰਨਾ ਹੋਵੇ ਤਾਂ ਕਾਂਗਰਸ ਤੀਜੇ ਦਰਜੇ ਤੋਂ ਵੀ ਹੇਠਾਂ ਹੈ।

                   ਕੇਂਦਰ ਦੀ ਕਾਂਗਰਸ ਸਰਕਾਰ ਦੀ ਆਲੋਚਨਾ ਕਰਦਿਆਂ ਸ| ਬਾਦਲ ਨੇ ਕਿਹਾ ਕਿ ਮੌਜੂਦਾ ਸਮੇਂ ’ਚ ਕਿਸਾਨੀ ਪਹਿਲਾਂ ਹੀ ਮੁਨਾਫੇ ਵਾਲੀ ਨਹੀਂ ਰਹੀ ਅਤੇ ਉੱਪਰੋਂ ਕੇਂਦਰ ਸਰਕਾਰ ਦੀਆਂ ਨੀਤੀਆਂ ਅਜਿਹੀਆਂ ਹਨ, ਜਿਨ੍ਹਾਂ ਨੇ ਕਿਸਾਨਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਖਾਦਾਂ ਦੇ ਭਾਅ ’ਚ ਕੀਤੇ ਵਾਧੇ ਦੀ ਮੁਖਾਲਫਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਆਰਥਿਕ ਪੱਖੋਂ ਦੁੱਖ ਝੱਲ ਰਹੀ ਕਿਰਸਾਨੀ ਬਾਰੇ ਕੇਂਦਰ ਕੁਝ ਤਾਂ ਸੋਚੇ। ਉਨ੍ਹਾਂ ਕਿਹਾ ਕਿ ਦੇਸ਼ ’ਚ ਵੱਧ ਰਹੇ ਨਕਸਲਵਾਦ ਅਤੇ ਬੇਚੈਨੀ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਦਾ ਹੀ ਸਿੱਟਾ ਹੈ। ਪੰਜਾਬ ’ਚ ਅਨਾਜ ਭੰਡਾਰਣ ਦੀ ਸਮੱਸਿਆਂ ਸਬੰਧੀ ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਬਾਰੇ ਸ| ਬਾਦਲ ਨੇ ਕਿਹਾ ਕਿ ਉਨ੍ਹਾਂ ਨਿੱਜੀ ਪੱਧਰ ’ਤੇ ਵੀ ਕਈ ਵਾਰ ਕੇਂਦਰੀ ਮੰਤਰੀਆਂ ਨੂੰ ਇਸ ਬਾਰੇ ਜਾਣੂੰ ਕਰਵਾਇਆ ਹੈ ਪਰ ਕੇਂਦਰ ਸਰਕਾਰ ਦੀ ਨੀਤੀ ਜ਼ਿਆਦਾਤਰ ਟਾਲ-ਮਟੋਲ ਵਾਲੀ ਹੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦਾ ਢਿੱਡ ਭਰਨ ਵਾਲੇ ਪੰਜਾਬ ਦੇ ਕਿਸਾਨ ਬਾਰੇ ਕੇਂਦਰ ਦੀ ਕਾਂਗਰਸ ਸਰਕਾਰ ਕਦੇ ਵੀ ਗੰਭੀਰ ਨਹੀਂ ਹੋਈ ਅਤੇ ਹੁਣ ਵੀ ਝੋਨੇ ਦੀ ਲਿਫਟਿੰਗ ’ਚ ਕੇਂਦਰ ਦੀਆਂ ਸੁਸਤ ਨੀਤੀਆਂ ਕਾਰਣ ਕਿਸਾਨਾਂ ਨੂੰ ਦਿੱਕਤਾਂ ਪੇਸ਼ ਆ ਰਹੀਆਂ ਹਨ।

                   ਸ| ਬਾਦਲ ਨੇ ਕਿਹਾ ਕਿ ਜੇਕਰ ਦੇਸ਼ ਨੂੰ ਭਿ੍ਰਸ਼ਟਾਚਾਰ, ਅਨਪੜ੍ਹਤਾ, ਬੇਰੁਜ਼ਗਾਰੀ ਅਤੇ ਗਰੀਬੀ ਮੁਕਤ ਕਰਨਾ ਹੈ ਤਾਂ ਕਾਂਗਰਸ ਨੂੰ ਹਕੂਮਤ ਤੋਂ ਲਾਂਭੇ ਕਰਕੇ ਹੀ ਭਾਰਤ ਨੂੰ ਖੁਸ਼ਹਾਲ ਮੁਲਕ ਬਣਾਇਆ ਜਾ ਸਕਦਾ ਹੈ। ਇਕ ਪੱਤਰਕਾਰ ਵੱਲੋਂ ਲੁਧਿਆਣਾ ’ਚ ਸਫਾਈ ਮੁਲਾਜ਼ਮਾਂ ਦੀ ਚੱਲ ਰਹੀ ਹੜਤਾਲ ਸਬੰਧੀ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਸ| ਬਾਦਲ ਨੇ ਕਿਹਾ ਕਿ ਉਨ੍ਹਾਂ ਦੀ ਸਫਾਈ ਮੁਲਾਜ਼ਮਾਂ ਦੇ ਆਗੂਆਂ ਨਾਲ ਗੱਲਬਾਤ ਹੋਈ ਹੈ ਅਤੇ ਉਨ੍ਹਾਂ ਆਪਣੀ ਹੜਤਾਲ ਵਾਪਸ ਲੈਣ ਦੀ ਗੱਲ ਕਹੀ ਹੈ ਅਤੇ ਸਫਾਈ ਮੁਲਾਜ਼ਮਾਂ ਦੀਆਂ ਮੰਗਾਂ ’ਤੇ ਵਿਸਥਾਰ ਵਿਚ ਚਰਚਾ ਕਰਨ ਲਈ ਸ| ਬਾਦਲ ਨੇ 21 ਅਕਤੂਬਰ ਨੂੰ ਇਕ ਖਾਸ ਮੀਟਿੰਗ ਵੀ ਤੈਅ ਕੀਤੀ ਹੈ।

                   ਯੂਥ ਫੈਡਰੇਸ਼ਨ ਫਰੰਟ ਪੰਜਾਬ ਵੱਲੋਂ ਉਨ੍ਹਾਂ ਨੂੰ ਦਿੱਤੇ ਮਹਾਰਾਜਾ ਰਣਜੀਤ ਸਿੰਘ ਐਵਾਰਡ ਮੌਕੇ ਬੋਲਦਿਆਂ ਸ| ਬਾਦਲ ਨੇ ਦੇਸ਼ ਦੇ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਦੇਸ਼ ਨੂੰ ਭਿ੍ਰਸ਼ਟਾਚਾਰ-ਮੁਕਤ ਕਰਨ ਲਈ ਨੌਜਵਾਨ ਅਹਿਮ ਭੂਮਿਕਾ ਨਿਭਾਅ ਸਕਦੇ ਹਨ। ਉਨ੍ਹਾਂ ਕਿਹਾ ਕਿ ਸਾਰੇ ਨੌਜਵਾਨਾਂ ਨੂੰ ਪ੍ਰਣ ਕਰਨਾ ਚਾਹੀਦਾ ਹੈ ਕਿ ਦੇਸ਼ ’ਚੋਂ ਅਨਪੜ੍ਹਤਾ, ਗਰੀਬੀ ਅਤੇ ਪ੍ਰਦੂਸ਼ਣ ਮਿਟਾਉਣ ਲਈ ਨਿੱਜੀ ਪੱਧਰ ’ਤੇ ਹਰ ਕੋਈ ਸਾਰਥਕ ਅਤੇ ਸਕਾਰਾਤਮ ਯੋਗਦਾਨ ਪਾਵੇ। ਇਸ ਗੱਲ ’ਤੇ ਸ| ਬਾਦਲ ਨੇ ਚਿੰਤਾ ਦਾ ਪ੍ਰਗਟਾਵਾ ਕੀਤਾ ਕਿ ਕੁਝ ਲੋਕ ਨਿੱਜੀ ਸਵਾਰਥ ਲਈ ਪੰਜਾਬ ਸਮੇਤ ਦੇਸ਼ ਦੇ ਬਹੁਤ ਸਾਰੇ ਹਿੱਸਿਆ ’ਚ ਨਸ਼ਾਖੋਰੀ ਫੈਲਾ ਰਹੇ ਹਨ। ਉਨ੍ਹਾਂ ਦੇਸ਼ ’ਚੋਂ ਨਸ਼ਾਮੁਕਤ ਅਤੇ ਪ੍ਰਦੂਸ਼ਣ ਰਹਿਤ ਕਰਨ ਲਈ ਨੌਜਵਾਨਾਂ ਨੂੰ ਪ੍ਰੇਰਿਤ ਵੀ ਕੀਤਾ ਅਤੇ ਹੌਂਸਲਾ ਅਫਜਾਈ ਵੀ ਕੀਤੀ। ਸ| ਬਾਦਲ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦਾ ਬਹੁਤ ਅਫਸੋਸ ਹੁੰਦਾ ਹੈ ਕਿ ਦੇਸ਼ ’ਚ ਸਭ ਸਾਧਨ ਹੁੰਦੇ ਹੋਏ ਵੀ ਜਦੋਂ ਭਾਰਤ ਨੂੰ ਗਰੀਬ ਮੁਲਕਾਂ ਦਾ ਮੋਢੀ ਦੇਸ਼ ਆਖਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਦੀ 45 ਫੀਸਦੀ ਜਨਸੰਖਿਆਂ ਨੌਜਵਾਨ ਵਰਗ ਨਾਲ ਸਬੰਧਿਤ ਹੈ ਇਸ ਲਈ ਭਾਰਤ ਦੀ ਕਾਇਆ ਕਲਪ ਕਰਨ ਲਈ ਨੌਜਵਾਨ ਮੁੰਡੇ-ਕੁੜੀਆਂ ਨੂੰ ਹੀ ਅੱਗੇ ਆਉਣਾ ਪਵੇਗਾ।

                   ਮੁੱਖ ਮੰਤਰੀ ਨੇ ਕਿਹਾ ਕਿ ਜਿਹੜੀ ਸੋਚ ਰੱਖਕੇ ਸ਼ਹੀਦ ਭਗਤ ਸਿੰਘ, ਲਾਲਾ ਲਾਜਪਤ ਰਾਏ ਅਤੇ ਸ਼ਹੀਦ ਊਧਮ ਸਿੰਘ ਵਰਗਿਆਂ ਨੇ ਕੁਰਬਾਨੀਆਂ ਦਿੱਤੀਆਂ ਸਨ, ਉਸ ਮਕਸਦ ਤੋਂ ਅਸੀਂ ਅੱਜ ਵੀ ਕੋਹਾਂ ਦੂਰ ਹਾਂ। ਉਨ੍ਹਾਂ ਕਿਹਾ ਕਿ ਇਨਕਲਾਬ ਅਤੇ ਤਬਦੀਲੀ ਲਿਆਉਣ ’ਚ ਹਮੇਸ਼ਾਂ ਹੀ ਨੌਜਵਾਨਾਂ ਨੇ ਅਹਿਮ ਭੂਮਿਕਾ ਨਿਭਾਈ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਹੁਣ ਵੀ ਨੌਜਵਾਨ ਪੀੜ੍ਹੀ ਹੀ ਇਸ ਪੱਖੋਂ ਕੋਈ ਨਵਾਂ ਮਾਅਰਕਾ ਮਾਰੇਗੀ। ਉਨ੍ਹਾਂ ਯੂਥ ਫੈਡਰੇਸ਼ਨ ਫਰੰਟ ਪੰਜਾਬ ਨੂੰ ਭਰੋਸਾ ਦਿੱਤਾ ਕਿ ਨੇਕ ਕੰਮਾਂ ਲਈ ਪੰਜਾਬ ਸਰਕਾਰ ਉਨ੍ਹਾਂ ਦੀ ਹਰ ਪੱਖੋਂ ਮਦਦ ਕਰੇਗੀ।

                   ਇਸ ਮੌਕੇ ਹੋਰਨਾਂ ਤੋਂ ਇਲਾਵਾ ਜੇਲ੍ਹਾਂ ਤੇ ਸੈਰ ਸਪਾਟਾ ਮੰਤਰੀ ਜੱਥੇਦਾਰ ਹੀਰਾ ਸਿੰਘ ਗਾਬੜੀਆ, ਲੋਕ ਸਭਾ ਦੇ ਸਾਬਕਾ ਡਿਪਟੀ ਸਪੀਕਰ ਸ| ਚਰਨਜੀਤ ਸਿੰਘ ਅਟਵਾਲ, ਸਾਬਕਾ ਮੰਤਰੀ ਸ| ਮਹੇਸ਼ਇੰਦਰ ਸਿੰਘ ਗਰੇਵਾਲ ਤੇ ਸ| ਜਗਦੀਸ਼ ਸਿੰਘ ਗਰਚਾ, ਸਾਬਕਾ ਲੋਕ ਸਭਾ ਮੈਂਬਰ ਸ| ਗੁਰਚਰਨ ਸਿੰਘ ਗਾਲਿਬ, ਪੰਜਾਬ ਐਗਰੋ ਇੰਡਸਟਰੀਜ਼ ਦੇ ਚੇਅਰਮੈਨ ਸ| ਸ਼ਰਨਜੀਤ ਸਿੰਘ ਢਿੱਲੋਂ, ਸਾਬਕਾ ਮੁੱਖ ਪਾਰਲੀਮਾਨੀ ਸਕੱਤਰ ਸ੍ਰੀ ਹਰੀਸ਼ ਰਾਏ ਢਾਂਡਾ, ਉਪ ਮੁੱਖ ਮੰਤਰੀ ਦੇ ਸਲਾਹਕਾਰ ਸ੍ਰੀ ਪ੍ਰੇਮ ਮਿੱਤਲ, ਲੁਧਿਆਣਾ ਨਗਰ ਨਿਗਮ ਦੇ ਮੇਅਰ ਸ੍ਰੀ ਹਾਕਮ ਸਿੰਘ ਗਿਆਸਪੁਰਾ, ਖੰਨਾ ਨਗਰ ਕੌਂਸਲ ਦੇ ਪ੍ਰਧਾਨ ਇਕਬਾਲ ਸਿੰਘ ਚੰਨੀ, ਭਾਊ ਮਾਨ ਸਿੰਘ, ਸ| ਭਗਵਾਨ ਸਿੰਘ, ਸ੍ਰੀ ਮਦਨ ਲਾਲ ਬੱਗਾ, ਸ੍ਰੀ ਨਰੇਸ਼ ਧੀਂਗਾਣ, ਸ੍ਰੀ ਅਮਿਤ ਗੋਸਾਈਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਸ| ਜਗਜੀਤ ਸਿੰਘ ਤਲਵੰਡੀ, ਸ| ਸੁਰਿੰਦਰ ਸਿੰਘ ਨਾਮਧਾਰੀ, ਯੂਥ ਫੈਡਰੇਸ਼ਨ ਫਰੰਟ ਪੰਜਾਬ ਦੇ ਸਰਪ੍ਰਸਤ ਸ੍ਰੀ ਰਵਿੰਦਰ ਪਾਲ ਸਿੰਘ ਮਿੰਕੂ, ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਸ੍ਰੀ ਪ੍ਰਭਜੋਤ ਸਿੰਘ ਧਾਲੀਵਾਲ, ਸ੍ਰੀ ਮੀਤਪਾਲ ਸਿੰਘ ਦੁੱਗਰੀ, ਪ੍ਰਧਾਨ ਸ੍ਰੀ ਹਰਕੀਰਤ ਸਿੰਘ ਖੁਰਾਣਾ, ਚੇਅਰਮੈਨ ਰਾਮ ਗੋਪਾਲ, ਮੁੱਖ ਸਲਾਹਕਾਰ ਜਸਵਿੰਦਰ ਸਿੰਘ ਬਾਬਾ, ਮੀਤ ਪ੍ਰਧਾਨ ਬਲਕਾਰ ਸਿੰਘ ਸਮੇਤ ਪੰਜਾਬ ਭਰ ’ਚੋਂ ਆਏ ਵੱਡੀ ਗਿਣਤੀ ’ਚ ਨੌਜਵਾਨ ਹਾਜ਼ਰ ਸਨ।

Translate »