ਨਵੀਂ ਦਿੱਲੀ- ਰੱਖਿਆ ਮੰਤਰਾਲੇ ਨੇ ਅਗਲੇ ਸਾਲ 29 ਮਾਰਚ ਤੋਂ ਪਹਿਲੀ ਅਪ੍ਰੈਲ ਤੱਕ ਚਾਰ ਦਿਨਾਂ ਦੀ ਰੱਖਿਆ ਨੁਮਾਇਸ਼ ਲਗਾਉਣ ਦਾ ਫੈਸਲਾ ਕੀਤਾ ਹੈ। ਰੱਖਿਆ ਪ੍ਰਦਰਸ਼ਨੀਆਂ ਲਗਾਉਣ ਦਾ ਸਿਲਸਿਲਾ 1998 ਤੋਂ ਹੋਂਦ ਵਿੱਚ ਆਇਆ ਸੀ। ਅਜਿਹੀਆਂ ਪ੍ਰਦਰਸ਼ਨੀਆਂ ਦਾ ਮਕਸਦ ਭਾਰਤ ਦੀਆਂ ਰੱਖਿਆ ਬਰਾਮਦਾਂ ਨੂੰ ਉਤਸ਼ਾਹਿਤ ਕਰਨਾ ਤੇ ਰੱਖਿਆ ਖੋਜ ਤੇ ਵਿਕਾਸ ਬਾਰੇ ਦੇਸ਼ ਦੀਆਂ ਸਮਰਥਾਵਾਂ ਦਾ ਮੁਜਾਹਿਰਾ ਕਰਨਾ ਹੈ। ਰੱਖਿਆ ਮੰਤਰਾਲੇ ਨੇ ਨੌਸੈਨਾ, ਅੰਦਰੂਨੀ ਸੁਰੱਖਿਆ ਪ੍ਰਣਾਲੀ ਤੇ ਹੋਰਨਾਂ ਪਵਲੀਅਨਾਂ ਬਾਰੇ ਖੁੱਲੀਆਂ ਬੋਲੀਆਂ ਸੱਦਣ ਦਾ ਫੈਸਲਾ ਕੀਤਾ ਹੈ । ਇਸ ਸਬੰਧੀ ਬੇਨਤੀ ਐਨ.ਆਈ.ਸੀ. ਦੀ ਵੈਬਸਾਈਟ www.tenders.gov.in ‘ਤੇ ਪਾਈ ਜਾ ਸਕਦੀ ਹੈ। ਰੱਖਿਆ ਪ੍ਰਦਰਸ਼ਨੀ ਬਾਰੇ ਹਰ ਜਾਣਕਾਰੀ ਵੈਬਸਾਈਟ www.defexpoindia.in.ਤੇ ਦੇਖੀ ਜਾ ਸਕਦੀ ਹੈ। ਭਾਰਤ ਤੇ ਭਾਰਤੀ ਮੂਲ ਦੀ ਕੋਈ ਵੀ ਕੰਪਨੀ ਜਿਸ ਦਾ ਕਿਸੇ ਵਿਦੇਸ਼ੀ ਕੰਪਨੀ ਦਾ ਸਰੋਕਾਰ ਨਾ ਹੋਵੇ ਇਸ ਬੋਲੀ ਵਿੱਚ ਸ਼ਾਮਿਲ ਹੋ ਸਕਦੀ ਹੈ ਤੇ ਇਹ ਬੋਲੀ ਨਵੀਂ ਦਿੱਲੀ ਦੇ ਪ੍ਰਗਤੀ ਮੈਦਾਨ ਵਿਚਲੇ ਡਿਫੈਂਸ ਪਵਲੀਅਨ ਦੇ ਰੱਖਿਆ ਪ੍ਰਦਰਸ਼ਨੀ ਬਾਰੇ ਸੰਯੁਕਤ ਡਾਇਰੈਕਟਰ ਨੂੰ ਦੋ ਨਵੰਬਰ ਤੱਕ ਬਾਅਦ ਦੁਪਹਿਰ 2 ਵਜੇ ਤੱਕ ਜਮਾ ਕਰਵਾਈ ਜਾ ਸਕਦੀ ਹੈ।