ਇੰਡੀਅਨ ਆਇਲ ਅਤੇ ਭਾਰਤ ਪੈਟਰੋਲੀਅਮ ਸੈਮੀਫਾਇਨਲ ਵਿੱਚ
ਜਲੰਧਰ- ਪਿਛਲੇ ਸਾਲ ਦੀ ਜੇਤੂ ਇੰਡੀਅਨ ਆਇਲ ਮੁੰਬਈ ਦੀ ਟੀਮ ਨੇ ਪੰਜਾਬ ਪੁਲਿਸ ਨੂੰ 4-1 ਦੇ ਫਰਕ ਨਾਲ ਹਰਾ ਕੇ 28ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਂਮੈਂਟ ਦੇ ਸੈਮੀਫਾਇਨਲ ਵਿੱਚ ਪ੍ਰਵੇਸ਼ ਕਰ ਲਿਆ ਹੈ। ਸਥਾਨਕ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਚਲ ਰਹੇ ਟੂਰਨਾਂਮੈਂਟ ਵਿੱਚ ਪੂਲ ਏ ਵਿੱਚ ਇੰਡੀਅਨ ਆਇਲ ਨੇ ਲੀਗ ਦੌਰ ਵਿੱਚ ਦੂਜੀ ਜਿੱਤ ਹਾਸਲ ਕਰਦੇ ਹੋਏ 6 ਅੰਕ ਹਾਸਲ ਕੀਤੇ ਜਦਕਿ ਪੰਜਾਬ ਪੁਲਿਸ ਦੀ ਟੀਮ ਹਾਰ ਤੋਂ ਬਾਅਦ ਖਿਤਾਬੀ ਦੋੜ ਵਿਚੋਂ ਬਾਹਰ ਹੋ ਗਈ ਹੈ। ਦੂਜੇ ਮੈਚ ਵਿੱਚ ਭਾਰਤ ਪੈਟਰੋਲੀਅਮ ਨੇ ਰੇਲ ਕੋਚ ਫੈਕਟਰੀ ਕਪੂਰਥਲਾ ਨੂੰ 3-1 ਦੇ ਫਰਕ ਨਾਲ ਹਰਾ ਕੇ ਸੈਮੀਫਾਇਨਲ ਵਿੱਚ ਸਥਾਨ ਪੱਕਾ ਕੀਤਾ।
ਪੂਲ ਏ ਵਿੱਚ ਇੰਡੀਅਨ ਆਇਲ ਦੀ ਟੀਮ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਖੇਡ ਦੇ 8ਵੇਂ ਮਿੰਟ ਵਿੱਚ ਇੰਡੀਅਨ ਆਇਲ ਦੇ ਧਰਮਵੀਰ ਸਿੰਘ ਨੇ ਪੈਨਲਟੀ ਕਾਰਨਰ ਰਾਹੀਂ ਗੋਲ ਕਰਕੇ ਸਕੋਟ 1-0 ਕਰ ਦਿੱਤਾ। ਖੇਡ ਦੇ 19ਵੇਂ ਮਿੰਟ ਵਿੱਚ ਇੰਡੀਅਨ ਆਇਲ ਦੇ ਗਗਨਦੀਪ ਸਿੰਘ ਨੇ ਮੈਦਾਨੀ ਗੋਲ ਕਰਕੇ ਸਕੋਰ 2-0 ਕਰ ਦਿੱਤਾ। ਅੱਧੇ ਸਮੇਂ ਤੱਕ ਇੰਡੀਅਨ ਆਂਇਲ 2-0 ਨਾਲ ਅੱਗੇ ਸੀ। ਅੱਧੇ ਸਮੇਂ ਤੋਂ ਬਾਅਦ 59ਵੇਂ ਮਿੰਟ ਵਿੱਚ ਇੰਡੀਅਨ ਆਇਲ ਦੇ ਸਰਬਜੀਤ ਸਿੰਘ ਨੇ ਮੈਦਾਨੀ ਗੋਲ ਕਰਕੇ ਸਕੋਰ 3-0 ਕਰ ਦਿੱਤਾ। ਖੇਡ ਦੇ 63ਵੇਂ ਮਿੰਟ ਵਿੱਚ ਪੰਜਾਬ ਪੁਲਿਸ ਦੇ ਜਗਮੀਤ ਸਿੰਘ ਨੇ ਮੈਦਾਨੀ ਗੋਲ ਕਰਕੇ ਸਕੋਰ 1-3 ਕਰ ਦਿੱਤਾ। ਖੇਡ ਦੇ 66ਵੇਂ ਮਿੰਟ ਵਿੱਚ ਇੰਡੀਅਨ ਆਇਲ ਦੇ ਧਰਮਵੀਰ ਸਿੰਘ ਨੇ ਮੈਦਾਨੀ ਗੋਲ ਕਰਕੇ ਸਕੋਰ 4-1 ਕੀਤਾ।
ਦੂਜਾ ਮੈਚ ਪੂਲ ਸੀ ਵਿੱਚ ਭਾਰਤ ਪੈਟਰੋਲੀਅਮ ਮੁੰਬਈ ਅਤੇ ਰੇਲ ਕੋਚ ਫੈਕਟਰੀ ਕਪੂਰਥਲਾ ਦਰਮਿਆਨ ਖੇਡਿਆ ਗਿਆ। ਭਾਰਤ ਪੈਟਰੋਲੀਅਮ ਨੂੰ ਖੇਡ ਦੇ 20ਵੇਂ ਮਿੰਟ ਵਿੱਚ ਪਹਿਲਾ ਪੈਨਲਟੀ ਕਾਰਨਰ ਮਿਲਿਆ ਪਰ ਗੁਰਪ੍ਰੀਤ ਸਿੰਘ ਦੀ ਤੇਜ਼ ਸ਼ਾਟ ਗੋਲ ਪੋਸਟ ਨਾਲ ਟਕਰਾ ਕੇ ਬਾਹਰ ਚਲੀ ਗਈ। ਖੇਡ ਦੇ 26ਵੇਂ ਮਿੰਟ ਵਿੱਚ ਰੇਲ ਕੋਚ ਫੈਕਟਰੀ ਕਪੂਰਥਲਾ ਨੂੰ ਪਹਿਲਾ ਪੈਨਲਟੀ ਕਾਰਨਰ ਮਿਲਿਆ ਜਿਸ ਨੂੰ ਬਲਵਿੰਦਰ ਸਿੰਘ ਨੇ ਗੋਲ ਵਿੱਚ ਬਦਲ ਕੇ ਲੀਡ ਹਾਸਲ ਕੀਤੀ। ਅੱਧੇ ਸਮੇਂ ਤੱਕ ਰੇਲ ਕੋਚ ਫੈਕਟਰੀ 1-0 ਨਾਲ ਅੱਗੇ ਸੀ। ਖੇਡ ਦੇ ਦੂਜੇ ਅੱਧ ਦੇ 38ਵੇਂ ਮਿੰਟ ਵਿੱਚ ਭਾਰਤ ਪੈਟਰੋਲੀਅਮ ਦੇ ਅਮਰ ਅਯੀਅਮਾ ਨੇ ਗੋਲ ਕਰਕੇ ਆਪਣੀ ਟੀਮ ਨੂੰ ਬਰਾਬਰੀ ਤੇ ਲੈ ਆਂਦਾ। ਖੇਡ ਦੇ 50ਵੇਂ ਮਿੰਟ ਵਿੱਚ ਭਾਰਤ ਪੈਟਰੋਲੀਅਮ ਦੇ ਗੁਰਪ੍ਰੀਤ ਸਿੰਘ ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਸਕੋਰ 2-1 ਕਰ ਦਿੱਤਾ। ਖੇਡ ਦੇ 58ਵੇਂ ਮਿੰਟ ਵਿੱਚ ਭਾਰਤ ਪੈਟਰੋਲੀਅਮ ਦੇ ਜਰਨੈਲ ਸਿੰਘ ਨੇ ਮੈਦਾਨੀ ਗੋਲ ਕਰਕੇ ਸਕੋਰ 3-1 ਕਰ ਦਿੱਤਾ।
ਅੱਜ ਦੇ ਮੁੱਖ ਮਹਿਮਾਨ ਪੰਜਾਬ ਦੇ ਸਿੱਖਿਆ ਮੰਤਰੀ ਸੇਵਾ ਸਿੰਘ ਸੇਖਵਾਂ, ਭਗਤ ਚੂੰਨੀ ਲਾਲ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਨੇ ਟੀਮਾਂ ਨਾਲ ਜਾਣ ਪਛਾਣ ਕੀਤੀ। ਸੇਵਾ ਸਿੰਘ ਸੇਖਵਾਂ ਨੇ ਟੂਰਨਾਂਮੈਂਟ ਕਮੇਟੀ ਨੂੰ ਦੋ ਲੱਖ ਅਤੇ ਭਗਤ ਚੂੰਨੀ ਲਾਲ ਨੇ ਇਕ ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਅੱਜ ਦੇ ਮੈਚ ਦੇਖਣ ਵਾਲਿਆਂ ਵਿੱਚ ਮਹਿੰਦਰ ਭਗਤ, ਜੀਐਸ ਢੱਲ ਡੀਜੀਐਮ ਪੰਜਾਬ ਐਂਡ ਸਿੰਧ ਬੈਂਕ, ਰਣਬੀਰ ਸਿੰਘ ਰਾਣਾ, ਯੁਵਰਾਜ ਭੁਪਿੰਦਰ ਸਿੰਘ, ਗੁਰਚਰਨ ਸਿੰਘ ਏਅਰ ਇੰਡੀਆ, ਨਰਿੰਦਰਪਾਲ ਸਿੰਘ ਜੱਜ, ਤਰਸੇਮ ਪੁਆਰ, ਗੌਰਵ ਮਹਾਜਨ, ਡਾਕਟਰ ਸੰਜੀਵ ਸ਼ਰਮਾ, ਡਾਕਟਰ ਟੀਐਸ ਰੰਧਾਵਾ, ਡਾਕਟਰ ਜੇ ਐਸ ਮਾਨ, ਰਘਬੀਰ ਸਿੰਘ, ਬਲਦੇਵ ਸਿੰਘ ਰੰਧਾਵਾ, ਇਕਬਾਲ ਸਿੰਘ ਸੰਧੂ, ਐਨ ਕੇ ਅਗਰਵਾਲ, ਸੰਦੀਪ ਸ਼ਰਮਾ, ਰਾਮ ਪ੍ਰਤਾਪ, ਬਲਦੇਵ ਸਿੰਘ ਰੰਧਾਵਾ, ਰਾਜਿੰਦਰ ਸਿੰਘ, ਜਸਵਿੰਦਰ ਸਿੰਘ ਸੰਘਾ, ਬਲਵਿੰਦਰ ਸਿੰਘ, ਬਲਜੀਤ ਕੌਰ ਸਾਈ ਹਾਕੀ ਕੋਚ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।