October 13, 2011 admin

ਸੇਵਾ ਅਧਿਕਾਰ ਕਾਨੂੰਨ ਸਬੰਧੀ ਜਾਗਰੂਕਤਾ ਫੈਲਾਉਣ ਲਈ ਵੱਖ ਵੱਖ ਥਾਈਂ ਜਾਗਰੂਕਤਾ ਸੈਮੀਨਾਰਾਂ/ਕੈਂਪਾਂ ਦਾ ਆਯੋਜਨ

ਪੰਜਾਬ ਸੇਵਾ ਅਧਿਕਾਰ ਕਾਨੂੰਨ ਨੂੰ ਇੰਨ-ਬਿੰਨ ਲਾਗੂ ਕੀਤਾ ਜਾਵੇਗਾ- ਡੀ.ਸੀ
ਅੰਮ੍ਰਿਤਸਰ – ਅੰਮ੍ਰਿਤਸਰ ਜ਼ਿਲ੍ਹੇ ਵਿਚ  ਅੱਜ ਅਜਨਾਲਾ, ਰਮਦਾਸ, ਅੰਮ੍ਰਿਤਸਰ-1, ਅੰਮ੍ਰਿਤਸਰ-2, ਬਲਾਕ ਵੇਰਕਾ, ਅਟਾਰੀ , ਚੋਗਾਵਾਂ , ਮਜੀਠਾ ਅਤੇ ਤਰਸਿੱਕਾ ਵਿਖੇ ਸੇਵਾ ਅਧਿਕਾਰ ਕਾਨੂੰਨ ਸਬੰਧੀ ਜਾਗਰੂਕਤਾ ਫੈਲਾਉਣ ਲਈ ਵੱਖ ਵੱਖ ਥਾਈਂ ਜਾਗਰੂਕਤਾ ਸੈਮੀਨਾਰਾਂ/ਕੈਂਪਾਂ ਦਾ ਆਯੋਜਨ ਕੀਤਾ ਗਿਆ। ਇਹਨਾ ਸਮਾਗਮਾਂ ਦੀ ਪ੍ਰਧਾਨਗੀ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਰਜਤ ਅਗਰਵਾਲ ਨੇ ਕੀਤੀ ਅਤੇ ਸ੍ਰੀ ਅਨਿਰੁਧ ਤਿਵਾੜੀ ਸਕੱਤਰ ਪਾਵਰ ਨੇ ਇਹਨਾ ਕੈਂਪਾ ਵਿਚ ਵਿਸੇਸ਼ ਤੌਰ ਤੇ ਸ਼ਿਰਕਤ ਕੀਤੀ।
         ਜਾਗਰੂਕਤਾ ਕੈਪਾ ਦੌਰਾਨ ਆਪਣੇ  ਸੰਬੋਧਨ ਵਿਚ ਸ੍ਰੀ ਰਜਤ ਅਗਰਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋ ਸੂਬੇ ਦ ਲੋਕਾਂ ਨੂੰ ਵਧੀਆ ਪ੍ਰਸਾਸਨਿਕ ਸੇਵਾਵਾ ਦੇਣ ਲਈ ਹੋਂਦ ਵਿਚ ਲਿਆਂਦੇ ” ਪੰਜਾਬ ਸੇਵਾ ਅਧਿਕਾਰ ਕਾਨੂੰਨ” ਨੂੰ ਜਿਲ੍ਹੇ ਵਿਚ ਪੂਰੀ ਤਨਦੇਹੀ ਨਾਲ ਇੰਨ-ਬਿੰਨ ਲਾਗੂ ਕੀਤਾ ਜਾਵੇਗਾ। ਉਹਨਾ ਦਸਿਆ ਕਿ          ਇਸ   ਕਾਨੂੰਨ ਤਹਿਤ 67 ਸੇਵਾਵਾਂ ਲੋਕਾਂ ਨੂੰ ਨਿਸਚਿਤ ਸਮੇ ਅੰਦਰ ਪ੍ਰਦਾਨ ਕਰਨੀਆਂ ਯਕੀਨੀ ਬਣਾਈਆਂ । ਇਸ ਕਾਨੂੰਨ ਤਹਿਤ ਅਧਿਸੂਚਿਤ ਕੀਤੀਆਂ ਗਈਆਂ ਵੱਖ-ਵੱਖ ਸੇਵਾਵਾ ਦਾ ਵੇਰਵਾ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਕਾਨੂੰਨ ਤਹਿਤ  ਟਰਾਂਸਪੋਰਟ ਵਿਭਾਗ ਦੀਆਂ 8, ਸਿਹਤ ਵਿਭਾਗ ਦੀਆਂ 4, ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਦੀਆਂ 8, ਸਥਾਨਿਕ ਸਰਕਾਰ ਵਿਭਾਗ ਦੀਆਂ 12, ਮਾਲ ਵਿਭਾਗ ਦੀਆਂ 6  ,ਸਮਾਜਿਕ ਸੁਰੱਖਿਆ ਵਿਭਾਗ ਦੀਆਂ 2 ਸੇਵਾਵਾ ਤੋ ਇਲਾਵਾ ਖੁਰਾਕ ਤੇ ਸਿਵਲ ਸਪਲਾਈ,ਪ੍ਰਸੋਨਲ ਅਤੇ ਪੇਂਡੂ ਜਲ ਸਪਲਾਈ ਦੀ 1-1 ਅਤੇ ਪੁਲੀਸ ਵਿਭਾਗ ਦੀਆਂ 24 ਸੇਵਾਵਾ ਇਸ ਵਿਚ ਸ਼ਾਮਲ ਕੀਤੀਆਂ ਗਈਆਂ ਹਨ।
         ਸ਼੍ਰੀ ਅਗਰਵਾਲ ਨੇ ਦਸਿਆ ਕਿ ਜਾਗਰੂਕਤਾ ਕੈਂਪਾ ਤੋ ਇਲਾਵਾ ਇਸ ਕਾਨੂੰਨ ਦੀ ਜਾਣਕਾਰੀ ਦੇਣ ਲਈ ਸਰਕਾਰੀ ਦਫਤਰਾ ਦੇ ਬਾਹਰ ਬੋਰਡ ਲਗਾਏ ਜਾਣਗੇ ਤਾਂ ਜੋ ਲੋਕਾਂ ਨੂੰ ਸਬੰਧਿਤ ਦਫਤਰ ਵਿਚ ਦਾਖਲ ਹੁੰਦਿਆਂ ਹੀ ਸੇਵਾ ਅਧਿਕਾਰ ਕਾਨੂੰਨ ਹੇਠ ਮਿਲਣ ਵਾਲੀਆਂ ਸੇਵਾਵਾ ਅਤੇ ਉਹਨਾ ਸੇਵਾਵਾ ਨੂੰ ਮੁਹੱਈਆ ਕਰਵਾÀਣ ਲਈ ਸਰਕਾਰ ਵੱਲੋ ਨਾਮਜਦ ਕੀਤੇ ਅਧਿਕਾਰੀ ਬਾਰੇ ਜਾਣਕਾਰੀ ਮਿਲ ਸਕੇ।
         ਇਸ ਮੌਕੇ ਸ਼੍ਰੀ ਅਨਿਰੁਧ ਤਿਵਾੜੀ, ਸਕੱਤਰ ਪਾਵਰ, ਪੰਜਾਬ ਜਿਹਨਾ ਦੀ ਸਰਪ੍ਰਸਤੀ ਹੇਠ ਜਿਲ੍ਹਾ ਅੰਮ੍ਰਿਤਸਰ ਵਿਚ ਜਾਗਰੂਕਤਾ ਮੁਹਿੰਮ ਚਲਾਈ ਗਈ ਨੇ ਆਪਣੇ ਸੰਬੋਧਨ ਵਿਚ ਦਸਿਆ ਕਿ ਆਮ ਤੌਰ ਤੇ ਕਿਸੇ ਵੀ  ਦੇਸ਼ ਵਿਚ ਬਣੇ ਕਾਨੂੰਨ ਕਿਤਾਬਾ ਤੱਕ ਹੀ ਸਿਮਤ ਰਹਿ ਜਾਂਦੇ ਹਨ ਪਰ  ਦੇਸ਼ ਦੇ ਇਤਿਹਾਸ ਵਿਚ ਪਹਿਲੀ ਵਾਰ ਸੂਬਾ ਸਰਕਾਰ ਵੱਲੋ ਆਮ ਆਦਮੀ ਨੂੰ ਮਿਲੇ ਅਧਿਕਾਰ ਦੀ ਜਾਗਰੂਕਤਾ ਲਈ  ਬਲਾਕ ਪੱਧਰ ਤੇ ਕੈਂਪਾ ਦਾ ਆਯੋਜਨ ਕਰਕੇ ਜਾਗਰੂਕਤਾ ਫੈਲਾਉਣ ਦਾ ਉਪਰਾਲਾ ਕੀਤਾ ਗਿਆ ਹੈ। ਉਹਨਾ ਦਸਿਆ ਕਿ ਸੇਵਾ ਅਧਿਕਾਰ ਕਾਨੂੰਨ ਵਿਚ ਜਿਥੇ ਲੋਕਾਂ ਨੂੰ ਨਿਸ਼ਚਿਤ ਸਮੇ ਅੰਦਰ ਸੇਵਾਵਾ ਮੁਹੱਈਆ ਕਰਵਾਉਣਾ  ਲਾਜਮੀ ਬਣਾਇਆ ਗਿਆ ਹੈ ਉਥੇ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਅਧਿਕਾਰੀਆਂ/ ਕਰਮਚਾਰੀਆਂ ਵਿਰੁੱਧ ਜੁਰਮਾਨਾ ਅਤੇ ਵਿਭਾਗੀ ਕਾਰਵਾਈ ਕਰਨ ਦਾ ਵੀ ਪਰਾਵਧਾਨ ਹੈ।
          ਸ਼੍ਰੀਮਤੀ ਰੂਚੀ ਕਾਲੜਾ, ਜਿਲ੍ਹਾ ਲੋਕ ਸੰਪਰਕ ਅਫਸਰ ਅੰਮ੍ਰਿਤਸਰ ਜਿਹਨਾ ਨੂੰ  ਜਿਲ੍ਹੇ ਵਿਚ ਪੰਜਾਬ ਸੇਵਾ ਅਧਿਕਾਰ ਕਾਨੂੰਨ ਦੇ ਪ੍ਰਚਾਰ ਲਈ ਰਿਸੋਰਸ ਪਰਸਨ  ਨਿਯੁਕਤ ਕੀਤਾ ਗਿਆ ਸੀ , ਨੇ ਵੱਖ ਵੱਖ  ਕੈਂਪਾ ਦੌਰਾਨ ਸੇਵਾ ਅਧਿਕਾਰ ਕਾਨੂੰਨ ਸਬੰਧੀ ਵਿਸਤਰਿਤ ਜਾਣਕਾਰੀ ਦੇਦਿਆਂ ਦਸਿਆ ਕਿ ਇਸ  ਨਵੇਂ ਕਾਨੂੰਨ ਤਹਿਤ ਪਿੰਡ ਪੱਧਰ ‘ਤੇ ਜਮੀਨ ਦੀ ਜਮਾਂਬੰਦੀ, ਗਿਰਦਾਵਰੀ ਆਦਿ ਦੀਆਂ ਨਕਲਾਂ ਪਟਵਾਰੀ ਨੂੰ ਇਕ ਦਿਨ ਦੇ ਅੰਦਰ, ਜਮੀਨ ਦੀ ਹੱਦਬੰਦੀ ਕਾਨੂੰਨਗੋ ਨੂੰ 21 ਦਿਨਾਂ ਅੰਦਰ, ਹਰ ਕਿਸਮ ਦੇ ਦਸਤਾਵੇਜਾਂ ਦੀ ਰਜਿਸਟਰੇਸ਼ਨ ਜਿਵੇਂ ਸੇਲ ਡੀਡ, ਲੀਜ ਡੀਡ, ਜੀ:ਪੀ:ਏ ਪਾਰਟਨਰਸ਼ਿਪ ਡੀਡ ਆਦਿ ਸਬ-ਰਜਿਸਟਰਾਰ ਨੂੰ ਇਕ ਦਿਨ ਅੰਦਰ, ਇਤਰਾਜ ਰਹਿਤ ਜਮਾਂਬੰਦੀਆਂ ਦੀ ਤਸਦੀਕ, ਸਰਕਲ ਮਾਲ ਅਫਸਰ ਵੱਲੋਂ 15 ਦਿਨ ਅਤੇ ਜਮੀਨ ਮਾਲਕਾਂ ਦੀ ਆਪਸੀ ਰਾਜਮੰਦੀ ਨਾਲ ਜਮੀਨ ਦੀ ਜ਼ਾਤੀ ਵੰਡ ਸਰਕਲ ਮਾਲ ਅਫਸਰ ਨੂੰ 30 ਦਿਨਾਂ ਦੇ ਅੰਦਰ ਅੰਦਰ ਬਿਨੈਕਾਰ ਨੂੰ ਇਸ ਕਾਨੂੰਨ ਤਹਿਤ ਮੁਹੱਈਆ ਕਰਵਾਉਣੀ ਲਾਜਮੀ ਹੈ।
              ਉਨ੍ਹਾਂ ਅੱਗੇ ਦੱਸਿਆ ਕਿ ਨਗਰ ਨਿਗਮ ਸ਼ਹਿਰਾਂ ਅਤੇ ਨਗਰਪਾਲਿਕਾ ਕਸਬਿਆਂ ਵਿੱਚ ਪਾਣੀ ਅਤੇ ਸੀਵਰੇਜ ਦੇ ਕੁਨੈਕਸ਼ਨ ਜਾਰੀ ਕਰਨ ਦੇ ਕੰਮ ਨੂੰ 7 ਦਿਨਾਂ ਦੇ ਅੰਦਰ, ਇਮਾਰਤੀ ਨਕਸ਼ਿਆਂ/ਸੋਧਾਂ ਦੀ ਮਨਜੂਰੀ 30 ਤੋਂ 60 ਦਿਨਾਂ ਦੇ ਅੰਦਰ, ਇਮਾਰਤ ਮੁਕੰਮਲ ਹੋਣ ਦਾ ਸਰਟੀਫਿਕੇਟ 15 ਦਿਨ, ਨੋ ਆਬਜੇਕਸ਼ਨ ਸਰਟੀਫਿਕੇਟ/ਡੁਪਲੀਕੇਟ ਅਲਾਟਮੈਂਟ/ਰੀਅਲਾਟਮੈਂਟ ਪੱਤਰ 21 ਦਿਨ, ਕਨਵੈਂਸ ਰਜਿਸਟਰੀ ਡੀਡ 15 ਦਿਨ, ਨੋ ਡਿਊਜ ਸਰਟੀਫਿਕੇਟ 7 ਦਿਨ, ਵਿਕਰੀ ਦੇ ਮਾਮਲੇ ਵਿੱਚ ਜਾਇਦਾਦ ਦਾ ਮੁੜ ਤਬਾਦਲਾ 15 ਦਿਨ, ਮੌਤ ਦੀ ਸੂਰਤ ਵਿੱਚ ਜਾਇਦਾਦ ਦਾ ਇਤਰਾਜ ਮੁੜ ਤਬਾਦਲਾ 45 ਦਿਨ, ਗਿਰਵੀਂ ਰੱਖਣ ਬਾਰੇ ਇਜਾਜਤ 7 ਦਿਨਾਂ ਦੇ ਅੰਦਰ ਅੰਦਰ ਦੇਣਾ ਲਾਜਮੀ ਹੈ।
              ਸ਼੍ਰੀਮਤੀ ਕਾਲੜਾ ਨੇ ਦੱਸਿਆ ਕਿ ਪਾਣੀ ਸਪਲਾਈ ਕੁਨੈਕਸ਼ਨ ਦੀ ਮਨਜੂਰੀ 7 ਦਿਨ, ਨਿਗਮ ਸ਼ਹਿਰਾਂ, ਨਗਰਪਾਲਿਕਾ ਕਸਬਿਆਂ ਅਤੇ ਪੇਂਡੂ ਇਲਾਕਿਆਂ ਵਿੱਚੋਂ ਜਨਮ ਅਤੇ ਮੌਤ ਸਰਟੀਫਿਕੇਟਾਂ ਦੀਆਂ ਤਸਦੀਕਸ਼ੁਦਾ ਨਕਲਾਂ 2 ਦਿਨ ਚਾਲੂ ਸਾਲ ਅਤੇ 5 ਦਿਨ ਪਿਛਲੇ ਸਾਲਾਂ ਲਈ। ਇਸੇ ਤਰ੍ਹਾਂ ਪੋਸਟਮਾਰਟਮ ਰਿਪੋਰਟ ਦੀ ਨਕਲ 3 ਦਿਨ ਦੇ ਅੰਦਰ ਮੁਹੱਈਆ ਕਰਵਾਉਣੀ ਲਾਜਮੀ ਹੋਵੇਗੀ। ਉਨ੍ਹਾਂ ਅੱਗੇ ਦੱਸਿਆ ਕਿ ਬਜੁਰਗਾਂ/ਵਿਕਲਾਂਗਾਂ ਅਤੇ ਵਿਧਵਾਵਾਂ ਦੀ ਸਹੂਲਤ ਲਈ ਸਾਰੀਆਂ ਸਮਾਜਿਕ ਸੁਰੱਖਿਆਵਾਂ 30 ਦਿਨ ਅਤੇ ਹਰ ਕਿਸਮ ਦੇ ਵਿਕਲਾਂਗਾਂ ਵਾਸਤੇ ਪਛਾਣ ਪੱਤਰ 7 ਦਿਨਾਂ ਦੇ ਅੰਦਰ ਅੰਦਰ ਦੇਣੇ ਲਾਜਮੀ ਹੋਣਗੇ। ਇਨ੍ਹਾਂ ਹੀ ਨਹੀਂ ਰਾਸ਼ਨ ਕਾਰਡ ਬਣਵਾਉਣ ਦਾ ਕੰਮ 7 ਦਿਨ, ਹਥਿਆਰਾਂ ਦਾ ਲਾਇਸੈਂਸ  ਨਵਿਆਉਣ ਦਾ ਕੰਮ 15 ਦਿਨ, ਪਾਸਪੋਰਟ ਸਮੇਤ ਹਰ ਕਿਸਮ ਦੀ ਪੁਲਿਸ ਵੈਰੀਫਿਕੇਸ਼ਨ 21 ਦਿਨ ਅਤੇ ਹਿੰਦੂ ਮੈਰਿਜ ਐਕਟ ਤਹਿਤ ਵਿਆਹ ਦੀ ਰਜਿਸਟਰੇਸ਼ਨ ਦਾ ਕੰਮ 2 ਦਿਨਾਂ ਦੇ ਅੰਦਰ ਪੂਰਾ ਕਰਨਾ ਲਾਜਮੀ ਹੈ।
              ਉਨ੍ਹਾਂ ਨੇ  ਅੱਗੇ  ਦੱਸਿਆ ਕਿ ਵਾਹਨ ਬਾਰੇ ਰਜਿਸਟਰੇਸ਼ਨ ਸਰਟੀਫਿਕੇਟ 7 ਦਿਨ, ਕਾਰੋਬਾਰੀ ਵਾਹਨ ਦਾ ਫਿਟਨੈਸ ਸਰਟੀਫਿਕੇਟ 7 ਦਿਨ, ਕਾਰ ਤੇ ਮੋਟਰ ਸਾਈਕਲ ਦਾ ਡਰਾਇਵਿੰਗ ਲਾਇਸੈਂਸ 7 ਦਿਨ, ਟੈਕਸ ਕਲੀਅਰੈਂਸ ਦਾ ਸਰਟੀਫਿਕੇਟ 7 ਤੋ 21 ਦਿਨ, ਰੂਟ ਪਰਮਿਟ ਜਾਂ ਨੈਸ਼ਨਲ ਪਰਮਿਟ 7 ਦਿਨ ਅਤੇ ਵਾਹਨ ਟਰਾਂਸਫਰ (ਜੇਕਰ ਰਜਿਸਟਰੇਸ਼ਨ ਉਸੇ ਥਾਂ ਦੀ ਹੋਵੇ) 7 ਦਿਨਾਂ ਦੇ ਅੰਦਰ ਮੁਕੰਮਲ ਕੀਤਾ ਜਾਵੇ।
              ਪੁਲਿਸ ਸੇਵਾਵਾਂ ਸਬੰਧੀ ਉਨ੍ਹਾਂ ਦੱਸਿਆ ਕਿ ਮੇਲੇ, ਪ੍ਰਦਰਸ਼ਨੀ ਅਤੇ ਪ੍ਰਯੋਜਤ ਸਮਾਗਮ ਲਈ ਨੋ ਆਬਜੇਕਸ਼ਨ ਸਰਟੀਫਿਕੇਟ 5 ਦਿਨ, ਲਾਉਂਡ ਸਪੀਕਰਾਂ ਦੇ ਇਸਤੇਮਾਲ ਲਈ ਨੋ ਆਬਜੇਕਸ਼ਨ ਸਰਟੀਫਿਕੇਟ 5 ਦਿਨ,  ਸਰਵਿਸ ਅਤੇ ਆਚਰਣ ਤਸਦੀਕ 10 ਦਿਨ, ਨਵਿਆਉਣ ਵਾਸਤੇ ਹਥਿਆਰ ਸਬੰਧੀ ਤਸਦੀਕ 15 ਦਿਨ, ਪੈਟਰੋਲ ਪੰਪ ਤੇ ਸਿਨੇਮਾ ਹਾਲ ਬਣਾਉਣ ਲਈ ਨੋ ਆਬਜੇਸਨ ਸਰਟੀਫਿਕੇਟ 15 ਦਿਨ, ਨਵੇਂ ਹਥਿਆਰ ਲਾਇਸੈਂਸ ਸਬੰਧੀ ਤਸਦੀਕ 30 ਦਿਨ, ਕਿਰਾਏਦਾਰ ਅਤੇ ਨੌਕਰ ਦੀ ਤਸਦੀਕ ਜੇਕਰ ਸਥਾਨਕ ਹੋਵੇ ਤਾਂ 5 ਦਿਨ ਅਤੇ ਜੇਕਰ ਦੂਜੇ ਜਿਲ੍ਹੇ ਜਾਂ ਰਾਜ ਨਾਲ ਸਬੰਧਤ ਹੋਵੇ ਤਾਂ ਉਥੋਂ ਰਿਪੋਰਟ ਪ੍ਰਾਪਤ ਕਰਨ ਉਪਰੰਤ 5 ਦਿਨ, ਸੜਕ ਦੁਰਘਟਨਾਵਾਂ ਸਬੰਧੀ ਬੇਸੁਰਾਗ ਰਿਪੋਰਟ ਦੀ ਨਕਲ 45 ਦਿਨ, ਚੋਰੀ ਹੋਏ ਵਾਹਨਾਂ ਸਬੰਧੀ ਬੇਸੁਰਾਗ ਰਿਪੋਰਟ ਦੀ ਨਕਲ 45 ਦਿਨ ਅਤੇ ਚੋਰੀ ਸਬੰਧੀ ਬੇਸੁਰਾਗ ਦੀ ਨਕਲ 60 ਦਿਨ ਅਤੇ ਐਫ:ਆਈ:ਆਰ/ ਡੀ:ਡੀ:ਆਰ ਤੁਰੰਤ/ ਆਨ ਲਾਈਨ ਮੁਹੱਈਆ  ਕਰਵਾਈਆਂ ਜਾਣਗੀਆਂ।
ਅਜਨਾਲਾ ਵਿਖੇ  ਆਯੋਜਿਤ ਸਮਾਗਮ ਵਿਚ  ਸ੍ਰ: ਰਤਨ ਸਿੰਘ ਅਜਨਾਲਾ ਮੈਂਬਰ ਪਾਰਲੀਮੈਟ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਵੱਖ ਵੱਖ ਥਾਂਵਾ ਤੇ ਆਯੋਜਿਤ ਸਮਾਗਮਾਂ ਵਿਚ ਵੱਡੀ  ਗਿਣਤੀ ਵਿਚ ਪੰਚਾਂ ,ਸਰਪੰਚਾਂ ਅਤੇ ਇਲਾਕਾ ਨਿਵਾਸੀਆਂ ਨੇ ਸ਼ਿਰਕਤ ਕੀਤੀ ।

Translate »