ਰਿਸ਼ੀ ਗੁਲਾਟ
ਐਡੀਲੇਡ (ਆਸਟ੍ਰੇਲੀਆ)
ਚਲੋ ਜੀ ! ਦੁਸਹਿਰਾ ਨਿੱਕਲ ਗਿਆ | ਦੀਵਾਲੀ ਦੀ ਇੰਤਜ਼ਾਰ ਬੜੀ ਬੇਸਬਰੀ ਨਾਲ਼ ਸ਼ੁਰੂ ਹੋ ਚੁੱਕੀ ਹੈ | ਸਭ ਨੂੰ ਬਹੁਤ ਬਹੁਤ ਵਧਾਈਆਂ ਕਿ ਬੁਰਾਈ ਤੇ ਚੰਗਿਆਈ ਦੀ ਜਿੱਤ ਦਾ ਜਸ਼ਨ ਇੱਕ ਵਾਰ ਮੁੜ ਮਨਾ ਲਿਆ | ਦੁਸਹਿਰਾ ਕਮੇਟੀਆਂ ਨੇ ਬੜੀ ਮਿਹਨਤ ਕੀਤੀ, ਹਰ ਸਾਲ ਹੀ ਕਰਦੀਆਂ ਨੇæææ ਮਿਹਨਤ ਸਫ਼ਲ ਹੋਈ | ਦੁਸਹਿਰਾ ਕਮੇਟੀਆਂ ਨੇ ਆਪਣੇ ਆਪਣੇ ਸ਼ਹਿਰਾਂ ਦੀਆਂ ਲਾਲ ਬੱਤੀ ਵਾਲੀਆਂ ਗੱਡੀਆਂ ਦੇ ਮਾਲਕਾਂ ਨੂੰ ਸੱਦਾ ਪੱਤਰ ਭੇਜੇ ਹੋਣਗੇ ਤੇ ਉਨ੍ਹਾਂ ਸ਼ਿਰਕਤ ਵੀ ਕੀਤੀ ਹੋਏਗੀ | ਇਹ ਨਹੀਂ ਕਿ ਸ਼੍ਰੀ ਫਲਾਣਾ ਰਾਮ ਜਾਂ ਸ੍ਰæ ਫਲਾਣਾ ਸਿੰਘ ਨੂੰ ਦਿਲੀ ਸੱਦਾ ਪੱਤਰ ਭੇਜੇ ਗਏ ਹੋਣਗੇ, ਬਲਕਿ ਆਯੋਜਕਾਂ ਨੇ ਤਾਂ ਮੋਢਿਆਂ ਤੇ ਲੱਗੇ ਸਟਾਰਾਂ ਤੇ ਅਹੁਦਿਆਂ ਨੂੰ ਆਪਣੇ ਭਵਿੱਖ ਨੂੰ ਮੱਦੇ-ਨਜ਼ਰ ਰੱਖਦਿਆਂ ਸੱਦਾ ਪੱਤਰ ਸਣੇ ਸਲੂਟ ਭੇਜੇ ਹੋਣਗੇ | ਸੱਦਾ ਪੱਤਰ ਦੇਣ ਲਈ ਇੱਕ ਦੂਜੇ ਦੇ ਮੋਢੇ ਉੱਤੋਂ ਦੀ ਅੱਡੀਆਂ ਚੁੱਕ ਚੁੱਕ ਕੇ ਮਾਲਕ ਸਾਹਿਬ ਨੂੰ ਆਪਣੇ ਚਿਹਰੇ ਦੀ ਝਲਕ ਪਵਾਉਣ ਦੀ ਕੋਸ਼ਿਸ਼ਾਂ ਵੀ ਕੀਤੀਆਂ ਹੋਣਗੀਆਂ ਤੇ ਸਰਕਾਰੀ ਬਿਸਕੁਟਾਂ ਨਾਲ਼ ਚਾਹ ਪੀਂਦਿਆਂ ਅਫ਼ਸਰ ਦੇ ਲੰਡੂ ਜਿਹੇ ਮਜ਼ਾਕ ਜਾਂ ਚੁਟਕਲੇ ‘ਤੇ ਬੇਵਜ੍ਹਾ ਦੰਦੀਆਂ ਵੀ ਕੱਢੀਆਂ ਹੋਣਗੀਆਂ | ਦੁਸਹਿਰਾ ਗਰਾਊਂਡ ‘ਚ ਉਸਤਰੇ ਨਾਲ਼ ਤਾਜ਼ੇ ਤਾਜ਼ੇ ਰਗੜੇ ਮੂੰਹਾਂ ‘ਦੇ ਨਾਲ਼ ਸਿਰ ‘ਤੇ ਕੇਸਰੀ ਜਾਂ ਹਰੇ ਰੰਗ ਦੀ ਤੁਰਲੇ ਵਾਲੀ ਪੱਗ ਟਿਕਾਈ ਹੋਈ ਹੋਵੇਗੀ ਤੇ ਹੱਟੀ ਦੀ ਗੱਦੀ ਉੱਪਰ ਲਗਾਉਣ ਲਈ "ਮਾਲਕ ਸਾਹਿਬ" ਨਾਲ਼ ਫੋਟੋ ਵੀ ਖਿਚਵਾਈ ਹੋਵੇਗੀ | ਜੀ ਹਾਂ ! ਬਿਲਕੁੱਲ਼ææ ਮਾਲਕ ਸਾਹਿਬਾਂ ਨਾਲ਼ ਬੇ-ਤਕੱਲਫ਼ ਹੋਣ ਦੇ ਅਜਿਹੇ ਮੌਕੇ ਹੱਥੋਂ ਅਜਾਂਈ ਹੀ ਨਹੀਂ ਗੁਆਉਣੇ ਚਾਹੀਦੇ | ਇਸ ਤੋਂ ਪਹਿਲਾਂ ਸ਼ਹਿਰ ਦੇ ਬਜ਼ਾਰਾਂ ਉੱਚੀ ਆਵਾਜ਼ ‘ਚ ਸਪੀਕਰ ਲਗਾ ਕੇ ਝਾਕੀਆਂ ਕੱਢਣ ਦੇ ਨਾਮ ‘ਤੇ ਸ਼ਾਂਤੀ ਪਸੰਦ ਲੋਕਾਂ, ਪੜ੍ਹਣ ਵਾਲੇ ਵਿਦਿਆਰਥੀਆਂ, ਬਜ਼ੁਰਗਾਂ ਅਤੇ ਬਿਮਾਰਾਂ ‘ਤੇ ਮਾਨਸਿਕ ਅੱਤਿਆਚਾਰ ਵੀ ਕੀਤਾ ਗਿਆ ਹੋਵੇਗਾ |
ਰਾਮਾਇਣ, ਮਹਾਂਭਾਰਤ ਆਦਿ ਦੇ ਸਮੇਂ, ਲੋਕਾਂ ਤੇ ਘਟਨਾਵਾਂ ਦੀ ਅਸਲੀਅਤ ਤਾਂ ਪਤਾ ਨਹੀਂ ਕੀ ਹੋਵੇਗੀ ਪਰ ਪੜ੍ਹਣ ਤੇ ਸੁਣਨ ਦੇ ਮੁਤਾਬਿਕ ਰਾਵਣ ਬਹੁਤ ਵੱਡਾ ਵਿਦਵਾਨ ਸੀ | ਉਸਦਾ ਕਸੂਰ ਇਹ ਸੀ ਕਿ ਉਸਨੇ ਭਗਵਾਨ ਸ੍ਰੀ ਰਾਮ ਦੀ ਪਤਨੀ ਸੀਤਾ ਦਾ ਹਰਣ ਕੀਤਾ ਸੀ, ਜਿਸ ਕਾਰਨ ਉਸਨੂੰ ਸਜ਼ਾ ਮਿਲੀ | ਸਜ਼ਾ ਲੰਕਾ ਦੇ ਉਜੜ ਜਾਣ ਤੇ ਲੜਾਈ ‘ਚ ਉਸਦੀ ਮੌਤ ਹੋ ਜਾਣ ਦੀ ਦੇ ਰੂਪ ‘ਚ ਸੀ | ਇਸ ਸਾਰੇ ਕਾਂਡ ਦੀ ਸ਼ੁਰੂਆਤ ਦਾ ਕਾਰਣ ਕਾਮ ਤੇ ਕ੍ਰੋਧ ਮੰਨਿਆ ਜਾਂਦਾ ਹੈ | ਰਾਵਣ ਦੀ ਭੈਣ ਸਰੂਪਨਖ਼ਾ ਨੇ ਲਕਸ਼ਮਣ ਨੂੰ ਪ੍ਰਪੋਜ਼ ਕੀਤਾ ਸੀ ਤੇ ਜਤੀ ਸਤੀ ਲਕਸ਼ਮਣ ਨੇ ਗੁੱਸੇ ‘ਚ ਸਰੂਪਨਖ਼ਾ ਦਾ ਨੱਕ ਵੱਢ ਦਿੱਤਾ ਸੀ | ਭੈਣ ਨਾਲ਼ ਹੋਈ ਇਸ ਬੇਇਨਸਾਫ਼ੀ ਦਾ ਬਦਲਾ ਲੈਣ ਲਈ ਰਾਵਣ ਨੇ ਸੀਤਾ ਹਰਣ ਕੀਤਾ ਸੀ | ਸੀਤਾ ਨੂੰ ਉਸਨੇ ਅਸ਼ੋਕ ਵਾਟਿਕਾ ‘ਚ ਰੱਖਿਆ ਹੋਇਆ ਸੀ, ਜਿੱਥੇ ਕਿ ਉਹ ਪੂਰੀ ਤਰ੍ਹਾਂ ਮਹਿਫੂਜ਼ ਸੀ | ਉਸਦੇ ਖਾਣ-ਪੀਣ ਤੇ ਆਰਾਮ ਦਾ ਪੂਰਨ ਪ੍ਰਬੰਧ ਕੀਤਾ ਗਿਆ ਸੀ | ਇਹ ਵੀ ਧਿਆਨ ‘ਚ ਰੱਖਣਾ ਬਣਦਾ ਹੈ ਕਿ ਜਿੱਥੇ ਰਾਵਣ ਇੱਕ ਪਰ-ਇਸਤਰੀ ਦੇ ਅਗਵਾ ਦਾ ਗੁਨਾਹਗਾਰ ਸੀ, ਉੱਥੇ ਉਸਦੇ ਚਰਿੱਤਰ ਉੱਪਰ ਵੀ ਕੋਈ ਦਾਗ਼ ਨਹੀਂ ਸੀ | ਕਿਸੇ ਵੀ ਗੁਨਾਹ ਦੀ ਸਜ਼ਾ ਯਕੀਨਨ ਮਿਲਣੀ ਹੀ ਚਾਹੀਦੀ ਹੈ ਤੇ ਉਸਨੂੰ ਮਿਲੀ ਵੀ, ਤੇ ਅੱਜ ਸਦੀਆਂ ਬਾਅਦ ਵੀ ਆਪਣੇ ਕੀਤੇ ਦੀ ਸਜ਼ਾ ਉਹ ਹਰ ਸਾਲ ਭੁਗਤ ਰਿਹਾ ਹੈ | ਇਹ ਵੀ ਯਕੀਨੀ ਹੈ ਕਿ ਸਜ਼ਾ ਉਹੀ ਦੇ ਸਕਦਾ ਹੈ, ਜੋ ਸਜ਼ਾ ਦੇਣ ਦੇ ਯੋਗ ਹੋਵੇ | ਆਓ ! ਵਿਚਾਰ ਕਰਦੇ ਹਾਂ ਕਿ ਜੋ ਰਾਵਣ ਨੂੰ ਸਦੀਆਂ ਤੋਂ ਸਜ਼ਾ ਦੇ ਰਹੇ ਹਨ, ਕੀ ਵਾਕਈ ਉਹ ਸਜ਼ਾ ਦੇਣ ਦੇ ਯੋਗ ਹਨ ?
ਜੇਕਰ ਅਜਿਹੇ ਪ੍ਰੋਗਰਾਮਾਂ ਦੇ ਸੂਤਰਧਾਰਾਂ ਦੀ ਗੱਲ ਕੀਤੀ ਜਾਏ ਤਾਂ ਕੀ ਇਹ ਯਕੀਨੀ ਤੌਰ ‘ਤੇ ਕਿਹਾ ਜਾ ਸਕਦਾ ਹੈ ਕਿ ਇਹ ਸਭ ਲੋਕ ਵਾਕਈ ਹੀ ਉਸ ਕਰਮਕਾਂਡ ਕਰਨ ਦੇ ਯੋਗ ਹਨ, ਜੋ ਇਹ ਲੋਕ ਕਰਦੇ ਹਨ ? ਧਾਰਮਿਕ ਲੰਬੜਦਾਰੀ ‘ਚ ਬਹੁਤਾਤ ਉਨ੍ਹਾਂ ਲੋਕਾਂ ਦੀ ਹੁੰਦੀ ਹੈ ਜੋ ਕਿ ਕਾਮਯਾਬ ਬਿਜ਼ਨੈੱਸਮੈਨ ਤੇ ਭਰੀਆਂ ਜੇਬਾਂ ਵਾਲੇ ਹੁੰਦੇ ਹਨ | ਇਹ ਲੋਕ ਅਜਿਹੇ ਸਮਾਗਮਾਂ ਦੀ ਆੜ ‘ਚ "ਆਪਣੇ ਤੋਂ ਵੱਡੇ" ਲੋਕਾਂ ਨਾਲ਼ ਸੰਬੰਧ ਬਨਾਉਣ ਦੀ ਫਿਰਾਕ ‘ਚ ਰਹਿੰਦੇ ਹਨ ਤੇ ਕਾਮਯਾਬ ਵੀ ਹੁੰਦੇ ਹਨ | ਪਹਿਲੇ ਦਰਜੇ ਦੇ ਲੋਕ ਸੋਫ਼ਿਆਂ ‘ਤੇ ਬਿਰਾਜਮਾਨ ਹੁੰਦੇ ਹਨ, ਉਨ੍ਹਾਂ ਨਾਲ਼ ਜੇਬ ‘ਤੇ ਫੁੱਲ ਲਾਈ ਆਯੋਜਕ ਅਖ਼ਬਾਰਾਂ ਲਈ ਫੋਟੋਆਂ ਖਿਚਵਾਉਂਦੇ ਹਨ | ਸਟੇਜ ਤੋਂ ਉਨ੍ਹਾਂ ਦੀ ਉਸਤਤ ਭਗਵਾਨਾਂ ਦੀ ਸਿੱਖਿਆ ਤੋਂ ਵਧ ਕੇ ਕੀਤੀ ਜਾਂਦੀ ਹੈ | ਅਸਲ ‘ਚ ਅਫ਼ਸਰਾਂ ਨਾਲ਼ ਕਾਇਮ ਇਹ ਰਿਸ਼ਤੇ ਹੀ ਬਾਅਦ ‘ਚ ਉਨ੍ਹਾਂ ਦੀ ਮਾਇਕ ਪ੍ਰਫੁੱਲਤਾ ਤੇ ਸਰਕਾਰੇ ਦਰਬਾਰੇ ਚੌੜੇ ਹੋ ਕੇ ਤੁਰਨ ਦਾ ਕਾਰਣ ਬਣਦੇ ਹਨ | ਆਮ ਜਨਤਾ ‘ਚ ਅਫ਼ਸਰਸ਼ਾਹੀ ਨਾਲ਼ ਰਿਸ਼ਤਿਆਂ ਦੀ ਆਪਣੀ ਭੱਲ ਬਨਾਉਣ ਮੌਕਾ ਵੀ ਅਜਿਹੇ ਲੋਕਾਂ ਨੂੰ ਸਾਲ ਛਿਮਾਹੀ ਹੀ ਮਿਲਦਾ ਹੈ, ਜਿਸਦਾ ਭਰਪੂਰ ਫਾਇਦਾ ਉਠਾਉਣਾ ਸਮੇਂ ਮੰਗ ਹੋ ਜਾਂਦੀ ਹੈ | ਇਨ੍ਹਾਂ ਸੋਫ਼ੇ ਵਾਲੇ ਮਹਿਮਾਨਾਂ ਦੀ ਕਤਾਰ ‘ਚ ਰਾਜਨੀਤਿਕ ਲੋਕ, ਪ੍ਰਸ਼ਾਸਨਿਕ, ਕਰ ਤੇ ਆਬਕਾਰੀ, ਇੰਕਮ ਟੈਕਸ ਆਦਿ ਵਿਭਾਗਾਂ ਦੇ ਅਫ਼ਸਰ ਹੀ ਆਉਂਦੇ ਹਨ | ਸਿੱਖਿਆ ਵਿਭਾਗ ਜਾਂ ਖੇਡ ਵਿਭਾਗ ਦੇ ਲੋਕ ਸ਼ਾਇਦ ਹੀ ਅਜਿਹੇ ਸਮਾਗਮਾਂ ‘ਚ ਮੁੱਖ ਭੂਮਿਕਾਵਾਂ ਅਦਾ ਕਰਦੇ ਹੋਣ |
ਅਗਲੀ ਕਤਾਰ ‘ਚ ਉਹ ਲੋਕ ਆਉਂਦੇ ਹਨ, ਜੋ ਸਟੇਜਾਂ ‘ਤੇ ਅਦਾਕਾਰੀ ਕਰਦੇ ਹਨ | ਇਨ੍ਹਾਂ ‘ਚ ਬੀੜੀ ਪੀਣ, ਜ਼ਰਦਾ ਲਾਉਣ, ਸ਼ਰਾਬ ਤੇ ਮੀਟ ਆਦਿ ਦਾ ਸੇਵਨ ਕਰਨ ਵਾਲੇ ਲੋਕ ਸ਼ਾਮਿਲ ਹੋ ਸਕਦੇ ਹਨ | ਜੋ ਲੋਕ ਰਾਵਣ ਦੇ ਪੁਤਲੇ ਨੂੰ ਸਾੜਨ ਦਾ ਉਪਕਰਮ ਕਰਦੇ ਹਨ, ਵਿਚਾਰਨ ਦੀ ਲੋੜ ਹੈ ਕਿ ਕੀ ਉਹ ਇਸਦੇ ਕਾਬਲ ਹਨ ? ਕਿਤੇ ਇਹ ਤਾਂ ਨਹੀਂ ਕਿ ਬੁਰਾਈ ਦਾ ਸੰਕੇਤਕ ਅੰਤ ਕਰਨ ਵਾਲੇ ਇਹ ਲੋਕ ਖੁਦ ਨਿੱਜੀ ਜਿੰਦਗੀ ‘ਚ ਕਿਸੇ ਦੀਆਂ ਭਾਵਨਾਵਾਂ ਵੀ ਸਾੜਦੇ ਹੋਣ ਜਾਂ ਕਿਸੇ ਦੇ ਹੱਕ ‘ਤੇ ਡਾਕਾ ਮਾਰਦੇ ਹੋਣ !
ਫ਼ਿਲਮਾਂ ਜਾਂ ਟੈਲੀਵੀਜ਼ਨ ਦੇ ਸੀਰੀਅਲਾਂ ‘ਚ ਰਾਵਣ ਪਰਦੇ ‘ਤੇ ਪਿੱਛੋਂ ਆਉਂਦਾ ਹੈ, ਉਸਦਾ ਭਿਆਨਕ ਹਾਸਾ ਪਹਿਲਾਂ ਪੇਸ਼ ਕੀਤਾ ਜਾਂਦਾ ਹੈ ਤੇ ਨਾਲ਼ ਹੀ ਡਰਾਉਣੀ ਕਿਸਮ ਦਾ ਸੰਗੀਤ ਵਜਾਇਆ ਜਾਂਦਾ ਹੈ | ਇਹ ਤਾਂ ਰਾਮ ਜਾਣੇ ਜਾਂ ਰਾਵਣ ਕਿ ਉਹ ਕਿੰਨਾ ਕੁ ਵੱਡਾ "ਰਾਵਣ" ਸੀ ਪਰ ਕੁੱਲ ਮਿਲਾ ਕੇ ਉਸਨੂੰ ਖਲਨਾਇਕ ਸਾਬਤ ਕਰਨ ‘ਚ ਸਾਡੇ ਧਾਰਮਿਕ ਕਥਾਕਾਰਾਂ ਤੇ ਫਿਲਮਾਂ ਵਾਲਿਆਂ ਨੇ ਕੋਈ ਕਸਰ ਨਹੀਂ ਛੱਡੀ | ਜੇਕਰ ਰਾਵਣ ਸ਼ਬਦ ਨੂੰ ਅਸੀਂ ਬੁਰਾਈ ਦੇ ਸੰਕੇਤਕ ਸ਼ਬਦ ਦੇ ਤੌਰ ‘ਤੇ ਲੈਂਦੇ ਹਾਂ ਤਾਂ ਸਾਡਾ ਆਲਾ ਦੁਆਲਾ ਵੀ ਰਾਵਣਾਂ ਨਾਲ਼ ਭਰਿਆ ਪਿਆ ਹੈ | ਅੰਨ੍ਹੇ ਵਿਸ਼ਵਾਸ ਨੂੰ ਲਾਂਭੇ ਰੱਖਦਿਆਂ ਜੇਕਰ ਤਰਕ ਨਾਲ਼ ਰਾਵਣ ਦੇ ਗੁਨਾਹ ਨੂੰ ਆਧੁਨਿਕ ਯੁੱਗ ‘ਚ ਵਾਪਰ ਰਹੇ ਗੁਨਾਹਾਂ ਨਾਲ਼ ਤੋਲਿਆ ਜਾਏ ਤਾਂ ਭਾਸਦਾ ਹੈ ਕਿ ਉਸ ਰਾਵਣ ਨੂੰ ਤਾਂ ਸਭ ਮਿਲ ਕੇ ਸਦੀਆਂ ਤੋਂ ਸਜ਼ਾ ਦੇ ਰਹੇ ਹਨ ਪਰ ਅੱਜ ਦੇ ਰਾਵਣਾਂ ਦੇ ਗੁਨਾਹ ਤਾਂ ਇਤਨੇ ਭਾਰੀ ਹਨ ਕਿ ਰਾਵਣਾਂ ਨੂੰ ਸਜ਼ਾ ਦੇਣ ਵਾਲੇ ਹੱਥਾਂ ਤੇ ਸਮੇਂ ਦੀ ਕਮੀ ਯੁੱਗਾਂ ਯੁੱਗਾਂ ਤੱਕ ਪੂਰੀ ਨਹੀਂ ਹੋ ਸਕਦੀ | ਹਰ ਪਾਸੇ ਝੂਠ, ਬੇ-ਈਮਾਨੀ, ਧੋਖਾ ਧੜੀ ਤੇ ਅੱਤਿਆਚਾਰਾਂ ਦਾ ਬੋਲਬਾਲਾ ਹੈ | ਜਿੱਥੇ ਅਸਲੀ ਰਾਵਣ ਦੀ ਪਰਜਾ ਸੁਖੀ ਜੀਵਨ ਬਤੀਤ ਕਰਦੀ ਸੀ, ਅਜੋਕੇ ਸਮੇਂ ਦੇ ਰਾਵਣ ਆਪਣੀ ਪਰਜਾ ਨੂੰ ਟੰਗਣ ‘ਚ ਮਿੰਟ ਵੀ ਨਹੀਂ ਲਗਾਉਂਦੇ |
ਸਾਡੇ ਆਧੁਨਿਕ ਸਮਾਜ ਦੇ ਭਗਵਾਨ "ਬਾਬੇ" ਹਨ | ਇਨ੍ਹਾਂ ‘ਚ ਕਈ ਤਾਂ ਅਜਿਹੇ ਰਾਵਣ ਹਨ ਜਿਨ੍ਹਾਂ ਨੂੰ ਰਾਵਣ ਕਹਿਣਾ ਰਾਵਣ ਦੇ ਨਾਮ ਦਾ ਅਪਮਾਨ ਕਰਨਾ ਹੈ | ਅਸਲੀ ਰਾਵਣ ਨੇ ਤਾਂ ਸੀਤਾ ਦਾ ਕੇਵਲ ਅਪਹਰਣ ਹੀ ਕੀਤਾ ਸੀ, ਅਜੋਕੇ ਰਾਵਣਾਂ ਨੇ ਤਾਂ ਅੱਤਿਆਚਾਰ ਦੀ ਹੱਦ ਹੀ ਪਾਰ ਕਰ ਦਿੱਤੀ ਹੈ | ਇੱਕ ਨਹੀਂ ਕਈ ਕਈ ਔਰਤਾਂ ਦੀ ਇੱਜ਼ਤ ਨਾਲ਼ ਖਿਲਵਾੜ ਕਰਨ ਦੇ ਬਾਵਜੂਦ ਵੀ ਸ਼ਰਧਾਲੂਆਂ ‘ਚ ਉਨ੍ਹਾਂ ਦੀ ਬਾਦਸ਼ਾਹਤ ਕਾਇਮ ਹੈ | ਕੁਝ ਦਿਨ ਹੋਏ, ਰੇਡੀਓ ‘ਤੇ ਇੱਕ ਸੱਜਣ ਨੇ ਆਪਣੀ ਜੋ ਵਿਥਿਆ ਸੁਣਾਈ ਹੈ, ਉਸਨੂੰ ਸੁਣ ਕੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ | ਉਨ੍ਹਾਂ ਮੁਤਾਬਿਕ ਉਹ ਇੱਕ ਸਨਮਾਨਜਨਕ ਅਹੁਦੇ ਤੋਂ ਰਿਟਾਇਰ ਹੋਏ ਹਨ | ਕਰੀਬ 35-40 ਵਰ੍ਹਿਆਂ ਤੋਂ ਉਹ ਇੱਕ ਡੇਰੇ ਦੇ ਸ਼ਰਧਾਲੂ ਹਨ | ਉਨ੍ਹਾਂ ਨੇ ਆਪਣੀ ਸਾਰੀ ਜਾਇਦਾਦ ਤੇ ਕੋਠੀ ਵੇਚ ਕੇ ਡੇਰੇ ਦੇ ਕਿਸੇ ਪ੍ਰਾਜੈਕਟ ‘ਚ ਲਗਾ ਦਿੱਤੀ | ਉਨ੍ਹਾਂ ਦੇ ਪੁੱਤਰ ਦਾ ਵਿਆਹ ਵੀ ਡੇਰੇ ਦੇ ਮੁਖੀ ਨੇ ਕਰਵਾਇਆ ਸੀ ਪਰ ਬਾਅਦ ‘ਚ ਉਸ ਲੜਕੀ ਨੂੰ ਆਪਣੀ ਰਖੈਲ ਬਣਾ ਕੇ ਰੱਖ ਲਿਆ | ਹੁਣ ਹਾਲਾਤ ਇਹ ਹਨ ਕਿ ਉਹ ਕਿਰਾਏ ਦੇ ਮਕਾਨ ‘ਚ ਰਹਿ ਰਹੇ ਹਨ | ਉਂਝ ਛੋਟੇ ਪਰਦੇ ‘ਤੇ ਵੀ ਹਰ ਰੋਜ਼ ਅਣਗਿਣਤ ਰੰਗ ਬਿਰੰਗੇ ਬਾਬੇ ਪ੍ਰਵਚਨ ਕਰਦੇ ਨਜ਼ਰੀਂ ਆਉਂਦੇ ਹਨ | ਮਾਇਆ ਨਾਗਣੀ ਦਾ ਉਪਦੇਸ਼ ਦੇਣ ਵਾਲੇ ਇਹ ਰਾਵਣ ਖੁਦ ਬਹੁ-ਕਰੋੜੀ ਹਨ | ਤਰਸ ਦੇ ਅਸਲ ਪਾਤਰ ਤਾਂ ਇਨ੍ਹਾਂ ਦੀ ਚੌਂਕੀ ਭਰਨ ਵਾਲੇ ਉਹ ਲੋਕ ਹਨ ਜੋ ਕਿ ਆਪਣੇ ਵਰਗੇ ਇਨਸਾਨ ਨੂੰ ਹੀ ਰੱਬ ਸਮਝਦੇ ਹਨ | ਜਿੰਦਗੀ ‘ਚ ਸਮੱਸਿਆਵਾਂ ਨੂੰ ਮਿਹਨਤ, ਤਰਕ ਜਾਂ ਤੰਦਰੁਸਤ ਸੋਚ ਨਾਲ਼ ਸੁਲਝਾਉਣ ਦੀ ਬਜਾਏ ਤਕਦੀਰ ਮੰਨ ਕੇ ਵਿਹਲੜਾਂ ਦੀਆਂ ਚੌਂਕੀਆਂ ਭਰ ਕੇ ਸੁਲਝਾਉਣ ਦਾ ਯਤਨ ਕਰਦੇ ਹਨ | ਇਹ ਵੀ ਸਾਡੇ ਸਮਾਜ ਦੀ ਮੁੱਖ ਸਮੱਸਿਆ ਹੈ ਕਿ ਤਰਕ ਦੇ ਆਧਾਰ ‘ਤੇ ਗੱਲ ਕਰਨ ਵਾਲੇ ਨੂੰ ਚੰਗਾ ਨਹੀਂ ਸਮਝਿਆ ਜਾਂਦਾ | ਮੱਛੀ ਨੂੰ ਚਾਹੇ ਕਿੰਨਾ ਵੀ ਕਹਿ ਲਵੋ ਕਿ ਮੁੜ ਆ……ਅੱਗੇ ਪਾਣੀ ਨਹੀਂ ਕਿਨਾਰਾ ਹੈ, ਮੂੰਹ ਕਿਨਾਰੇ ਨਾਲ ਵੱਜੇਗਾ ਪਰ ਕੋਈ ਨਹੀਂ ਸਮਝਦਾ, ਚਾਹੇ ਉਹ ਆਪਣਾ ਹੈ ਜਾਂ ਬੇਗਾਨਾ ਤੇ ਮੱਛੀ ਤਾਂ ਹਮੇਸ਼ਾਂ ਪੱਥਰ ਚੱਟ (ਮੂੰਹ ਭਨਾ) ਕੇ ਮੁੜਦੀ ਹੈ | ਸੋ, ਕਿਸੇ ਦਾ ਨਿੱਜੀ ਤੌਰ ‘ਤੇ ਸਮਝ ਜਾਣਾ ਹੀ ਬਹੁਤ ਤੇ ਬੇਹਤਰ ਹੈ |
ਰਾਵਣਾਂ ਦੇ ਅਗਲੇ ਰੂਪ ‘ਚ ਉਹ ਦੇਸ਼ਧਰੋਹੀ ਲੋਕ ਹਨ, ਜੋ ਲੋਕਾਂ ਦੀ ਖੂਨ-ਪਸੀਨੇ ਦੀ ਕਮਾਈ ਜਾਇਜ਼-ਨਜਾਇਜ਼ ਤਰੀਕਿਆਂ ਨਾਲ਼ ਹੜੱਪ ਕਰ ਰਹੇ ਹਨ | ਚਾਹੇ ਉਹ ਰਾਜਨੀਤੀਵਾਨ ਹਨ, ਸਰਕਾਰੀ ਮੁਲਾਜ਼ਮ ਹਨ ਜਾਂ ਮੁਨਾਫ਼ਾਖੋਰੀ ਕਰਨ ਵਾਲੇ | ਖਾਣ-ਪੀਣ ਵਾਲੀਆਂ ਵਸਤਾਂ ‘ਚ ਮਿਲਾਵਟ ਕਰਕੇ ਲੋਕਾਂ ਦੀ ਸਿਹਤ ਤੇ ਜਾਨ ਨਾਲ਼ ਖਿਲਵਾੜ ਕਰਨਾ ਕਿੰਨਾ ਕੁ ਮੁਨਾਸਿਬ ਹੈ ? ਉਂਝ ਤਾਂ ਵਿਗਿਆਨ ਦੀਆਂ ਜਾਇਜ਼ ਕਾਢਾਂ ਦੀ ਨਜਾਇਜ਼ ਵਰਤੋਂ ਕਰਨ ਦੀ ਵੀ ਅੱਤ ਹੀ ਹੋ ਚੁੱਕੀ ਹੈ | ਮਿਹਨਤਕਸ਼ ਤਬਕੇ ਦੇ ਕੁਝ ਲੋਕ ਵੀ ਰਾਵਣਾਂ ਦੀ ਕਤਾਰ ‘ਚ ਜਾ ਖੜ੍ਹੇ ਹੋਏ ਹਨ | ਸਬਜ਼ੀਆਂ ਤੇ ਫਲਾਂ ਨੂੰ ਟੀਕੇ ਲਗਾ ਕੇ ਵੱਡਾ ਕਰਨਾ ਤੇ ਸਮੇਂ ਤੋਂ ਪਹਿਲਾਂ ਖਾਣ ਲਈ ਤਿਆਰ ਕਰਨਾ ਕਿੱਥੋਂ ਕੁ ਤੱਕ ਜਾਇਜ਼ ਹੈ ? ਯੂਰੀਆ ਖਾਦ ਰੂਪੀ ਜ਼ਹਿਰ ਜੋ ਕਿ ਫਸਲਾਂ ਦੇ ਪਾਲਣ ਪੋਸ਼ਣ ਲਈ ਵਰਤਿਆ ਜਾਂਦਾ ਹੈ, ਉਸਦੀ ਵਰਤੋਂ ਦੁੱਧ ਬਨਾਉਣ ਲਈ ਕੀਤੀ ਜਾਂਦੀ ਹੈ | ਆਪਣੇ ਬੱਚਿਆਂ ਦੇ ਮੂੰਹ ‘ਚ ਬੁਰਕੀ ਪਾਉਣ ਲਈ, ਦੂਜਿਆਂ ਦੇ ਜਿਗਰ ਦੇ ਟੋਟਿਆਂ ਨੂੰ ਬਿਮਾਰੀਆਂ ਤੇ ਮੌਤ ਦੇ ਮੂੰਹ ‘ਚ ਧਕੇਲਣ ਦਾ ਕੰਮ ਤਾਂ ਅਸਲੀ ਰਾਵਣ ਯਕੀਨਨ ਕਦੇ ਨਾ ਕਰਦਾ | ਉਹ ਚਾਹੇ ਜਿਹੋ ਜਿਹਾ ਵੀ ਸੀ, ਜਿੰਦਗੀ ‘ਚ ਗ਼ਲਤੀ ਵੀ ਸੀਤਾ ਹਰਣ ਵਾਲੀ ਹੀ ਕੀਤੀ ਸੀ ਪਰ ਉਸਦੀ ਪਰਜਾ ਤੇ ਪਰਿਵਾਰ ਉਸਨੂੰ ਪਿਆਰ ਕਰਦਾ ਸੀ | ਉਸ ਲਈ ਸਭ ਆਪਾ ਵਾਰ ਗਏ | ਪਰ ਆਧੁਨਿਕ ਰਾਵਣਾਂ ਦੀਆਂ ਕਰਤੂਤਾਂ ਨੂੰ ਜੇਕਰ ਉਨ੍ਹਾਂ ਦਾ ਪਰਿਵਾਰ ਤੇ ਸਮਾਜ ਨਿਰਪੱਖ ਹੋ ਕੇ ਦੇਖੇ ਤਾਂ ਉਹ ਮੁਆਫ਼ੀ ਦੇ ਕਾਬਲ ਨਹੀਂ ਹਨ |
ਤੇ ਅੰਤ ‘ਚ……..
ਹੁਣ ਦੀਵਾਲੀ ਵੀ ਨੇੜੇ ਹੈ, ਇਹ ਉਹ ਸਮਾਂ ਹੈ ਜਦ ਕਿ ਚਪੜਾਸੀ ਤੋਂ ਲੈ ਕੇ ਉੱਚ ਅਹੁਦਿਆਂ ਤੱਕ "ਮਠਿਆਈ" ਦੇ ਡੱਬੇ ਪਹੁੰਚਾਉਣ ਦੀਆਂ ਲਿਸਟਾਂ ਆਪਣਾ ਅੰਤਿਮ ਰੂਪ ਲੈ ਰਹੀਆਂ ਹਨ | ਮਠਿਆਈ ਦੇ ਇਨ੍ਹਾਂ ਡੱਬਿਆਂ ਦਾ ਵਜ਼ਨ ਦਸ ਗਰਾਮ ਤੋਂ ਲੈ ਕੇ ਦੋ ਬੰਦਿਆਂ ਦੁਆਰਾ ਚੁੱਕੇ ਜਾਣ ਵਾਲੇ ਭਾਰ ਤੱਕ ਕੁਝ ਵੀ ਹੋ ਸਕਦਾ ਹੈ | ਇਹ ਮਠਿਆਈ ਤਿਆਰ ਕਰਨ ਵਿੱਚ ਦੁੱਧ, ਖੰਡ, ਵੇਸਣ, ਖੋਆ, ਸੁੱਕੇ ਮੇਵੇ ਆਦਿ ਤੋਂ ਲੈ ਕੇ ਕਾਗਜ਼, ਪਲਾਸਟਿਕ, ਲੋਹਾ ਤੇ ਹਲਕੀ ਜਿਹੀ ਸੁਨਿਹਰੀ ਜਾਂ "ਕੱਚ" ਜੜੀ ਚਿੱਟੇ ਰੰਗ ਦੀ ਧਾਤ ਤੱਕ ਕੁਝ ਵੀ ਪ੍ਰਯੋਗ ਹੋ ਸਕਦਾ ਹੈ | ਅਕਸਰ ਚਪੜਾਸੀ ਤਬਕੇ ਦੀ ਮਠਿਆਈ ਦਾ ਵਜ਼ਨ ਕਿਲੋਆਂ ਤੇ ਅਫ਼ਸਰ ਤਬਕੇ ਦੀ ਮਠਿਆਈ ਦਾ ਵਜ਼ਨ ਗਰਾਮਾਂ ‘ਚ ਹੁੰਦਾ ਹੈ | ਮਠਿਆਈ ਭੇਜਣ ਦੀ ਲਿਸਟ ‘ਚ ਇਹ ਧਿਆਨ ਰੱਖਿਆ ਜਾਂਦਾ ਹੈ ਕਿ ਜਿੰਨੇ ਕੌੜ ਸੁਭਾਅ ਦਾ ਅਫ਼ਸਰ ਹੋਵੇ, ਉਸਦੀ ਮਠਿਆਈ ਉਤਨੀ ਮਿੱਠੀ ਹੋਵੇ | ਆਮ ਜਨਤਾ ਦੁਆਰਾ ਖਾਧੀ ਜਾਣ ਵਾਲੀ ਮਠਿਆਈ ‘ਚ ਕੀ ਸੁਆਹ ਖੇਹ ਪਾਇਆ ਹੁੰਦਾ ਹੈ, ਇਹ ਸੰਬੰਧਿਤ ਵਿਭਾਗਾਂ ਨੂੰ ਸਮੇਂ ਸਮੇਂ ਸਿਰ ਤੇ ਤਿਉਹਾਰਾਂ ਤੋਂ ਪਹਿਲਾਂ ਭੇਜੀ ਜਾਣ ਵਾਲੀ ਮਠਿਆਈ ਕਰਕੇ ਨਜ਼ਰ ਅੰਦਾਜ਼ ਕਰ ਦਿੱਤਾ ਜਾਂਦਾ ਹੈ |
ਦੀਵਾਲੀ ਦੁਸਹਿਰਾ ਮੁੱਖ ਤੌਰ ‘ਤੇ ਰੌਸ਼ਨੀ ਕਰਕੇ, ਸਪੈਸ਼ਲ ਖਾਣੇ ਬਣਾਕੇ ਤੇ ਪਟਾਕੇ ਚਲਾ ਕੇ ਮਨਾਇਆ ਜਾਂਦਾ ਹੈ | ਪਟਾਕਿਆਂ ਨਾਲ਼ ਵਾਤਾਵਰਣ ਦਾ ਜੋ ਨੁਕਸਾਨ ਹੁੰਦਾ ਹੈ, ਉਹ ਅੱਖੋਂ ਪਰੋਖਾ ਨਹੀਂ ਕੀਤਾ ਜਾ ਸਕਦਾ | ਪਟਾਕਿਆਂ ਨਾਲ਼ ਫੈਲਦਾ ਪ੍ਰਦੂਸ਼ਣ ਵਾਤਾਵਰਣ ਅਜਿਹਾ ਦੂਸ਼ਿਤ ਕਰਦਾ ਹੈ ਕਿ ਸਾਹ ਲੈਣਾ ਔਖਾ ਹੋ ਜਾਂਦਾ ਹੈ | ਬਿਮਾਰ ਲੋਕਾਂ ਤੇ ਬੇਜ਼ੁਬਾਨ ਪਸ਼ੂਆਂ ਨੂੰ ਧਮਾਕਿਆਂ ਦੀ ਆਵਾਜ਼ ਤੋਂ ਜੋ ਪ੍ਰੇਸ਼ਾਨੀ ਹੁੰਦੀ ਹੈ, ਉਸਨੂੰ ਸਮਝਦੇ ਸਾਰੇ ਹਨ ਪਰ ਸੋਚਦਾ ਕੋਈ ਨਹੀਂ | ਕਈ ਲੋਕ ਪਸ਼ੂਆਂ ਦੀ ਪੂਛ ਨਾਲ਼ ਪਟਾਕੇ ਬੰਨ ਕੇ ਚਲਾਉਣ ‘ਚ ਆਨੰਦ ਦਾ ਅਹਿਸਾਸ ਮਹਿਸੂਸ ਕਰਦੇ ਹਨ | ਅਗਜ਼ਨੀ ਦੇ ਅਣਗਿਣਤ ਕਾਂਡ ਹੁੰਦੇ ਹਨ | ਪਟਾਕੇ ਬਨਾAਣ ਦੀਆਂ ਫੈਕਟਰੀਆਂ ‘ਚ ਹਰ ਸਾਲ ਧਮਾਕੇ ਹੋਣ ਕਾਰਨ ਅਨੇਕਾਂ ਜਾਨਾਂ ਜਾਂਦੀਆਂ ਹਨ | ਹਰ ਸਾਲ ਬਜ਼ਾਰਾਂ ਤੇ ਵਸੋਂ ਵਾਲੇ ਇਲਾਕਿਆਂ ‘ਚ ਪਟਾਕੇ ਵੇਚਣ ‘ਤੇ ਪਾਬੰਦੀਆਂ ਲੱਗਦੀਆਂ ਹਨ ਪਰ ਪਟਾਕੇ ਧੜੱਲੇ ਨਾਲ਼ ਵਿਕਦੇ ਹਨ | ਇਹ ਗੱਲ ਤਾਂ ਕਹਿਣ ਦਾ ਕੋਈ ਫ਼ਾਇਦਾ ਹੀ ਨਹੀਂ ਕਿ ਇਹ ਤਿਉਹਾਰ ਇਨ੍ਹਾਂ ਸਮੱਸਿਆਵਾਂ ਨੂੰ ਮੱਦੇ-ਨਜ਼ਰ ਰੱਖ ਕੇ ਮਨਾਏ ਜਾਣ, ਕਿਉਂ ਜੋ ਇਹ ਤਾਂ ਬਣੀ ਆਈ ਗੱਲ ਹੈ ਕਿ ਪੰਚਾ ਤੇਰਾ ਕਿਹਾ ਸਿਰ ਮੱਥੇ, ਪਰਨਾਲਾ ਉੱਥੇ ਦਾ ਉੱਥੇ…….
****