October 13, 2011 admin

ਖਾਲਸਾ ਕਾਲਜ ਵਿਖੇ ਯੂ.ਜੀ.ਸੀ.-ਆਈ.ਏ.ਐੱਸ ਕੋਚਿੰਗ ਵਾਸਤੇ ਕਲਾਸਾਂ ਸ਼ੁਰੂ

ਅੰਮ੍ਰਿਤਸਰ – ਸਰਹੱਦੀ ਖੇਤਰ ਦੇ ਵਿਦਿਆਰਥੀਆਂ ਨੂੰ ਯੂ.ਜੀ.ਸੀ.-ਨੈੱਟ, ਆਈ.ਏ.ਐੱਸ. ਅਤੇ ਪੀ.ਸੀ.ਐੱਸ. ਦੇ ਮੁਕਾਬਲੇ ਦੇ ਇਮਤਿਹਾਨਾਂ ਦੀ ਤਿਆਰੀ ਵਾਸਤੇ ਬਹੁਮੁੱਲੀ ਕੋਚਿੰਗ ਦੇਣ ਲਈ ਸਥਾਨਕ ਖਾਲਸਾ ਕਾਲਜ ਨੇ ਇਕ ਕੋਚਿੰਗ ਸੈਂਟਰ ਦੀ ਸਥਾਪਨਾ ਕੀਤੀ ਹੈ। ਇਸ ਕੋਚਿੰਗ ਸੈਂਟਰ ਦਾ ਮਕਸਦ ਗਰੀਬ ਵਿਦਿਆਰਥੀ, ਜਿੰਨ੍ਹਾਂ ਵਿੱਚ ਅਨੁਸੂਚਿਤ ਜਾਤੀਆਂ, ਜਨ ਜਾਤੀਆਂ, ਪੱਛੜੇ ਵਰਗਾਂ ਅਤੇ ਘੱਟ-ਗਿਣਤੀ ਵਰਗਾਂ ਨੂੰ ਮੁਫਤ ਗਿਆਨ ਪ੍ਰਦਾਨ ਕਰਨਾ ਹੈ। ਸੈਂਟਰ, ਕਾਲਜ ਦੇ ਹੋਣਹਾਰ ਵਿਦਿਆਰਥੀਆਂ ਨੂੰ ਇਨ੍ਹਾਂ ਮੁਕਾਬਲੇ ਦੇ ਇਮਤਿਹਾਨਾਂ ਲਈ ਬਹੁਮੁੱਲੀ ਜਾਣਕਾਰੀ ਦੇਵੇਗਾ ਤਾਂ ਕਿ ਉਹ ਇਨ੍ਹਾਂ ਪ੍ਰੀਖਿਆਵਾਂ ਵਿੱਚ ਕਾਮਯਾਬੀ ਪ੍ਰਾਪਤ ਕਰ ਸਕਣ।
ਕਾਲਜ ਦੇ ਪ੍ਰਿੰਸੀਪਲ, ਡਾ. ਦਲਜੀਤ ਸਿੰਘ ਨੇ ਕਿਹਾ ਕਿ ਕਾਲਜ ਨੇ ਇਕ ਨਵੀਂ ਪੁਲਾਂਘ ਪੁੱਟਦਿਆਂ ਇਹ ਫੈਸਲਾ ਲਿਆ ਹੈ ਕਿ ਵਿਦਿਆਰਥੀ ਅਕਸਰ ਹੀ ਮੁਕਾਬਲੇ ਦੀਆਂ ਪ੍ਰੀਖਿਆਵਾਂ ਤੋਂ ਘਬਰਾਉਂਦੇ ਹਨ। ਉਨ੍ਹਾਂ ਕਿਹਾ ਕਿ ਇਹ ਸੈਂਟਰ ਉਨ੍ਹਾਂ ਦੇ ਇਸ ਡਰ ਨੂੰ ਦੂਰ ਕਰੇਗਾ ਅਤੇ ਉਨ੍ਹਾਂ ਨੂੰ ਵਿਸ਼ੇਸ਼ ਕਲਾਸਾਂ ਰਾਹੀਂ ਪ੍ਰੀਖਿਆਵਾਂ ਦੀ ਤਿਆਰੀ ਵਾਸਤੇ ਤਿਆਰ ਕਰੇਗਾ। ਉਨ੍ਹਾਂ ਕਿਹਾ ਕਿ ਕਾਲਜ ਦੇ ਹੋਣਹਾਰ ਫੈਕਲਟੀ ਮੈਂਬਰ, ਜਿੰਨ੍ਹਾਂ ਵਿੱਚ ਕਮਿਸਟਰੀ ਵਿਭਾਗ ਤੋਂ ਜਤਿੰਦਰ ਸਿੰਘ ਗਾਂਧੀ  ਅਤੇ ਅੰਗਰੇਜ਼ੀ ਵਿਭਾਗ ਤੋਂ ਸਾਵੰਤ ਸਿੰਘ ਮੌਂਟੋ ਬੱਚਿਆਂ ਨੂੰ ਕੋਚਿੰਗ ਦੇਣਗੇ।
ਉਨ੍ਹਾਂ ਕਿਹਾ ਕਿ ਇਨ੍ਹਾਂ ਤੋਂ ਇਲਾਵਾ ਉਹ ਮਾਹਿਰ ਲੈਕਚਰਾਰਾਂ ਨੂੰ ਸੱਦਾ ਦੇ ਕੇ ਬੱਚਿਆਂ ਵਾਸਤੇ ਵਿਸ਼ੇਸ਼ ਵਿਦਿਅਕ ਸੈਸ਼ਨ ਕਰਾਉਣਗੇ ਤਾਂ ਕਿ ਉਹ ਸਮੇਂ ਸਿਰ ਯੂ.ਜੀ.ਸੀ., ਆਈ.ਏ.ਐੱਸ. ਅਤੇ ਪੀ.ਸੀ.ਐੱਸ. ਤੋਂ ਇਲਾਵਾ ਹੋਰਨਾਂ ਟੈਸਟਾਂ ਦੀ ਤਿਆਰੀ ਕਰ ਸਕਣ। ਉਨ੍ਹਾਂ ਕਿਹਾ ਕਿ ਕਾਲਜ ਵਿੱਚ ਬਹੁਗਿਣਤੀ ਉਨ੍ਹਾਂ ਬੱਚਿਆਂ ਦੀ ਹੋ ਜੋ ਸਰਹੱਦੀ ਖੇਤਰ ਤੋਂ ਆਉਂਦੇ ਹਨ ਅਤੇ ਉਹ ਚਾਹੁੰਦੇ ਸਨ ਕਿ ਉਹ ਕਿਸੇ ਵੀ ਤਰ੍ਹਾਂ ਦੂਜੇ ਵਿਦਿਆਰਥੀਆਂ ਤੋਂ ਇਨ੍ਹਾਂ ਮੁਕਾਬਲਿਆਂ ਦੀ ਤਿਆਰੀ ਵਿੱਚ ਪਿੱਛੇ ਨਾ ਰਹਿ ਜਾਣ।  ਉਨ੍ਹਾਂ ਕਿਹਾ ਕਿ ਜੇਕਰ ਜਿਆਦਾ ਤੋਂ ਜਿਆਦਾ ਵਿਦਿਆਰਥੀ ਇਨ੍ਹਾਂ ਇਮਤਿਹਾਨਾਂ ਵਿੱਚ ਕਾਮਯਾਬ ਹੁੰਦੇ ਹਨ ਤਾਂ ਇਸ ਨਾਲ ਕਾਲਜ ਦਾ ਨਾਮ ਵੀ ਉੱਚਾ ਹੋਵੇਗਾ।
ਇਸ ਸਬੰਧ ਵਿਚ ਉਨ੍ਹਾਂ ਨੇ ਵੱਖ-ਵੱਖ ਪ੍ਰਕਾਸ਼ਕਾਂ ਨੂੰ ਕਾਲਜ ਦੀ ਕੇਂਦਰੀ ਲਾਇਬ੍ਰੇਰੀ ਵਿੱਚ ਨੈੱਟ, ਆਈ.ਏ.ਐੱਸ. ਅਤੇ ਪੀ.ਸੀ.ਐੱਸ. ਦੀਆਂ ਪ੍ਰੀਖਿਆਵਾਂ ਵਾਸਤੇ ਪੁਸਤਕਾਂ ਦੀ ਇਕ ਪ੍ਰਦਰਸ਼ਨੀ ਲਾਉਣ ਲਈ ਵੀ ਕਿਹਾ।

Translate »