October 13, 2011 admin

ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ‘ਏ’ ਜੋਨ ਦਾ ਜ਼ੋਨਲ ਯੁਵਕ ਮੇਲਾ 14 ਅਕਤੂਬਰ ਭਲਕੇ ਤੋਂ

ਅੰਮ੍ਰਿਤਸਰ – ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ‘ਏ’ ਜੋਨ ਦਾ ਜ਼ੋਨਲ ਯੁਵਕ ਮੇਲਾ ਭਲਕੇ 14 ਅਕਤੂਬਰ ਨੂੰ ਯੂਨੀਵਰਸਿਟੀ ਦੇ ਦਸਮੇਸ਼ ਆਡੀਟੋਰੀਅਮ ਵਿਚ ਸ਼ੁਰੂ ਹੋ ਰਿਹਾ ਹੈ। ਇਸ ਯੁਵਕ ਮੇਲੇ ਦਾ ਉਦਘਾਟਨ ਸਵੇਰੇ 9.30 ਵਜੇ ਵਾਈਸ-ਚਾਂਸਲਰ, ਪ੍ਰੋਫੈਸਰ ਅਜਾਇਬ ਸਿੰਘ ਬਰਾੜ ਕਰਨਗੇ। ਯੁਵਕ ਭਲਾਈ ਵਿਭਾਗ ਦੀ ਡਾਇਰੈਕਟਰ, ਡਾ. ਜਗਜੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਯੁਵਕ ਮੇਲੇ ਵਿਚ ਅੰਮ੍ਰਿਤਸਰ ਜ਼ਿਲੇ ਦੇ ਲਗਪਗ 25 ਕਾਲਜਾਂ ਦੀਆਂ ਟੀਮਾਂ 34 ਆਈਟਮਾਂ ਵਿਚ ਹਿੱਸਾ ਲੈਣਗੀਆਂ।ਸਮਾਪਤੀ ਸਮਾਰੋਹ 17 ਅਕਤੂਬਰ ਸ਼ਾਮ ਨੂੰ ਹੋਵੇਗਾ।ਉਨ੍ਹਾਂ ਦੱਸਿਆ ਕਿ 14 ਅਕਤੂਬਰ ਨੂੰ ਮੇਲੇ ਦੇ ਸ਼ੁਰੂਆਤ ਸਮੂਹ ਸ਼ਬਦ/ਭਜਨ ਨਾਲ ਸਵੇਰੇ 9.00 ਵਜੇ ਹੋਵੇਗੀ। ਇਸ ਤੋਂ ਬਾਅਦ ਵਾਰ ਗਾਇਨ, ਕਵੀਸ਼ਰੀ ਅਤੇ ਸਮੂਹ ਗਾਇਨ (ਭਾਰਤੀ) ਦੀਆਂ ਆਈਟਮਾਂ ਹੋਣਗੀਆਂ। ਇਸੇ ਦਿਨ ਦੂਜੀ ਸਟੇਜ (ਸੰਗਤ ਹਾਲ) ‘ਤੇ ਸਵੇਰੇ 11 ਵਜੇ ਫੁਲਕਾਰੀ, ਰੰਗੋਲੀ, ਫਲਾਵਰ ਅਰੇਂਜਮੈਂਟ (ਫਰੈਸ਼) ਅਤੇ ਫਲਾਵਰ ਅਰੇਂਜਮੈਂਟ (ਡਰਾਈ) ਦੇ ਮੁਕਾਬਲੇ ਹੋਣਗੇ।
ਉਨਾਂ੍ਹ ਦੱਸਿਆ ਕਿ 15 ਅਕਤੂਬਰ ਨੂੰ ਸਵੇਰੇ 9 ਵਜੇ ਦਸਮੇਸ਼ ਆਡੀਟੋਰੀਅਮ ਵਿਚ ਫੋਕ ਓਰਕੈਸਟਰਾ, ਫੈਂਸੀ ਡਰੈਸ, ਸਕਿੱਟ, ਮਾਈਮ, ਮਮਿੱਕਰੀ ਅਤੇ ਦੂਜੀ ਸਟੇਜ (ਬਾਬਾ ਬੁੱਢਾ ਭਵਨ) ‘ਤੇ ਸਵੇਰੇ 9.30 ਵਜੇ ਐਲੋਕਿਊਸ਼ਨ, ਕਵਿਤਾ ਉਚਾਰਨ ਤੇ ਵਾਦ-ਵਿਵਾਦ ਦੇ ਮੁਕਾਬਲੇ ਹੋਣਗੇ। ਉਨ੍ਹਾਂ ਦੱਸਿਆ ਕਿ ਇਸੇ ਦਿਨ ਤੀਜੀ ਸਟੇਜ (ਗੁਰੂ ਨਾਨਕ ਭਵਨ ਆਡੀਟੋਰੀਅਮ) ‘ਤੇ ਸਵੇਰੇ 9.30 ਵਜੇ ਗੀਤ/ਗਜ਼ਲ, ਲੋਕ ਗੀਤ ਅਤੇ ਕਲਾਸੀਕਲ ਵੋਕਲ ਆਇਟਮਾਂ ਦੇ ਮੁਕਾਬਲੇ ਹੋਣਗੇ।
16 ਅਕਤੂਬਰ ਨੂੰ ਸਵੇਰੇ 9.30 ਦਸਮੇਸ਼ ਆਡੀਟੋਰੀਅਮ ਵਿਖੇ ਹਿਸਟ੍ਰਾਨਿਕਸ ਅਤੇ ਇਕਾਂਗੀ ਅਤੇ ਦੂਜੀ ਸਟੇਜ (ਗੁਰੂ ਨਾਨਕ ਭਵਨ ਆਡੀਟੋਰੀਅਮ) ਵਿਖੇ ਪੱਛਮੀ ਸੰਗੀਤ ਵੋਕਲ (ਸੋਲੋ) ਅਤੇ ਸਮੂਹ ਪੱਛਮੀ ਸੰਗੀਤ ਦੇ ਮੁਕਾਬਲੇ ਹੋਣਗੇ। ਇਸੇ ਦਿਨ ਤੀਜੀ ਸਟੇਜ (ਸੰਗਤ ਹਾਲ) ‘ਤੇ ਸਵੇਰੇ 10 ਵਜੇ ਪੇਂਟਿੰਗ (ਲੈਂਡਸਕੇਪ), ਓਨ ਦੀ ਸਪਾਟ ਫੋਟੋਗ੍ਰਾਫੀ, ਸਕੈਚਿੰਗ, ਪੋਸਟਰ ਮੇਕਿੰਗ ਅਤੇ ਦੁਪਹਿਰ 1 ਵਜੇ ਪੇਂਟਿੰਗ (ਸਟਿੱਲ ਲਾਈਫ), ਕਲੇਅ ਮਾਡਲਿੰਗ, ਕਾਰਟੂਨਿੰਗ ਅਤੇ ਕੋਲਾਜ਼ ਦੇ ਮੁਕਾਬਲੇ ਹੋਣਗੇ।
17 ਅਕਤੂਬਰ ਸਵੇਰੇ 9.00 ਵਜੇ ਦਸਮੇਸ਼ ਆਡੀਟੋਰੀਅਮ ਵਿਚ ਗਰੁੱਪ ਡਾਂਸ ਅਤੇ ਗਿੱਧੇ ਦੇ ਮੁਕਾਬਲੇ ਹੋਣਗੇ।

Translate »