ਅੰਮ੍ਰਿਤਸਰ – ਭਾਰਤ ਸਰਕਾਰ ਵੱਲੋਂ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਬਿਰਧ ਵਿਅਕਤੀਆਂ (ਮਰਦਾਂ ਅਤੇ ਔਰਤਾਂ) ਨੂੰ ਪੈਨਸ਼ਨ ਦੇਣ ਲਈ ਨਿਸ਼ਚਤ ਕੀਤੀ ਗਈ ਉਮਰ ਦੀ ਹੱਦ 65 ਸਾਲ ਤੋਂ ਘਟਾ ਕੇ 60 ਸਾਲ ਕੀਤੀ ਗਈ ਹੈ। ਬਸ਼ਰਤੇ ਕਿ ਉਸ ਵਿਅਕਤੀ ਦਾ ਨਾਮ 2002 ਦੇ ਸਰਵੇ ਅਨੁਸਾਰ ਤਿਆਰ ਕੀਤੀ ਸੂਚੀ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ। ਇਹ ਜਾਣਕਾਰੀ ਸ੍ਰੀ ਰਜਤ ਅਗਰਵਾਲ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਦਿੱਤੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸੇ ਤਰ੍ਹਾਂ 80 ਸਾਲ ਤੋਂ ਵੱਧ ਉਮਰ ਵਾਲੇ ਵਿਅਕਤੀਆਂ ਨੂੰ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਹਨ ਅਤੇ ਉਨ੍ਹਾਂ ਦਾ ਨਾਮ 2002 ਦੇ ਸਰਵੇ ਅਨੁਸਾਰ ਤਿਆਰ ਕੀਤੀ ਸੂਚੀ ਵਿੱਚ ਸ਼ਾਮਲ ਹੋਵੇ, ਨੂੰ ਪੰਜਾਬ ਸਰਕਾਰ ਵੱਲੋਂ 250/- ਰੁਪਏ ਪ੍ਰਤੀ ਮਹੀਨਾ ਦਿੱਤੀ ਜਾਂਦੀ ਪੈਨਸ਼ਨ ਦੇ ਨਾਲ ਭਾਰਤ ਸਰਕਾਰ ਵੱਲੋਂ 500/- ਰੁਪਏ ਪ੍ਰਤੀ ਮਹੀਨਾ ਦੀ ਰਾਸ਼ੀ ਪੈਨਸ਼ਨ ਵਜੋਂ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਜੇਕਰ ਉਹ ਉਕਤ ਸ਼ਰਤਾਂ ਅਨੁਸਾਰ ਲਾਭ ਲੈਣ ਦੇ ਯੋਗ ਹਨ ਤਾਂ ਆਪਣਾ ਬੀ:ਪੀ:ਐਲ ਨੰਬਰ ਅਤੇ ਉਮਰ ਸਬੰਧੀ ਸਬੂਤ ਲੈ ਕੇ ਸਬੰਧਤ ਬਾਲ ਵਿਕਾਸ ਪ੍ਰਾਜੈਕਟ ਅਫਸਰ ਜਾਂ ਸਬੰਧਤ ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਨਾਲ ਸੰਪਰਕ ਕਰਨ ਤਾਂ ਜੋ ਉਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ ਇਸ ਸਕੀਮ ਅਧੀਨ ਦਿੱਤੀ ਜਾਣ ਵਾਲੀ ਰਾਸ਼ੀ ਤੁਰੰਤ ਦਿੱਤੀ ਜਾ ਸਕੇ।