ਅੰਮ੍ਰਿਤਸਰ- ਸ੍ਰੀ ਰਜਤ ਅਗਰਵਾਲ ਡਿਪਟੀ ਕਮਿਸ਼ਨਰ ਕਮ ਜਿਲਾ ਚੋਣ ਅਧਿਕਾਰੀ ਅੰਮ੍ਰਿਤਸਰ ਨੇ 9 ਅਕਤੂਬਰ ਨੂੰ ਬਲਾਕ ਅਜਨਾਲਾ ਤੇ ਮਜੀਠਾ ਵਿਖੇ ਵੋਟਰ ਸੂਚੀਆਂ ਦੀ ਸੁਧਾਈ ਲਈ ਨਿਯੁਕੱਤ ਬੂਥ ਲੈਵਲ ਅਫਸਰਾਂ (ਬੀ:ਐਲ:ਓਜ਼) ਦੀ ਅਚਨਚੇਤ ਚੈਕਿੰਗ ਕੀਤੀ ਸੀ ਅਤੇ ਗੈਰਹਾਜਰ ਪਾਏ ਬੀ:ਐਲ:ਓਜ਼ ਵਿਰੁੱਧ ਉਨ੍ਹਾਂ ਵੱਲੋਂ ਸਖਤ ਕਾਰਵਾਈ ਕੀਤੀ ਗਈ ਹੈ।
ਡਿਪਟੀ ਕਮਿਸ਼ਨਰ ਦੇ ਦਫ਼ਤਰ ਤੋਂ ਪ੍ਰਾਪਤ ਸੂਚਨਾ ਅਨੁਸਾਰ ਸ੍ਰੀ ਰਜਤ ਅਗਰਵਾਲ ਨੇ ਉਕਤ ਮਿਤੀ ਨੂੰ ਚੈਕਿੰਗ ਦੋਰਾਨ ਵਿਧਾਨ ਸਭਾਈ ਹਲਕਾ 15 ਅੰਮ੍ਰਿਤਸਰ ਉਤੱਰੀ ਦੇ ਖਾਲਸਾ ਇੰਟਰਨੈਸ਼ਨਲ ਪਬਲਿਕ ਸਕੂਲ ਵਿੱਚ ਬਣੇ ਬੂਥ ਨੰਬਰ 9 ਤੇ ਬੀ:ਐਲ:ਓ ਸ੍ਰ: ਕਸ਼ਮੀਰ ਸਿੰਘ ਅਤੇ ਸਰਕਾਰੀ ਐਲੀਮੈਂਟਰੀ ਸਕੂਲ ਤੁੰਗਬਾਲਾ ਵਿਖੇ ਬਣੇ ਬੂਥ ਨੰਬਰ 49 ਦੇ ਬੀ:ਐਲ:ਓ ਸ੍ਰ: ਕਰਮਜੀਤ ਸਿੰਘ ਅਤੇ 13 ਮਜੀਠਾ ਲਈ ਸਰਕਾਰੀ ਐਲੀਮਂੈਟਰੀ ਸਕੂਲ ਲੜਕੇ ਨਾਗਕਲਾਂ ਵਿੱਚ ਬਣੇ ਬੂਥ ਨੰਬਰ 41 ਦੇ ਬੀ:ਐਲ:ਓ ਸ੍ਰ: ਅਵਤਾਰ ਸਿੰਘ ਨੂੰ ਗੈਰ ਹਾਜਰ ਪਾਇਆ। ਸ੍ਰੀ ਅਗਰਵਾਲ ਨੇ ਉਕਤ ਗੈਰਹਾਜਰ ਕਰਮਚਾਰੀਆਂ ਵਿਰੁੱਧ ਐਫ:ਆਈ:ਆਰ ਦਰਜ ਕਰਨ ਦੇ ਆਦੇਸ ਦਿੱਤੇ ਹਨ ਅਤੇ ਉਨ੍ਹਾਂ ਵਿਰੁੱਧ ਵਿਭਾਗੀ ਕਾਰਵਾਈ ਕਰਵਾਉਣ ਲਈ ਸੀ:ਈ:ਓ ਪੰਜਾਬ ਨੂੰ ਲਿਖਿਆ ਹੈ ਤਾਂ ਜੋ ਇਨ੍ਹਾਂ ਕਰਮਚਾਰੀਆਂ ਦੀ ਪਦ ਉਨਤੀ ਸਮੇਂ ਇਨ੍ਹਾਂ ਵੱਲੋਂ ਕੀਤੀ ਅਣਗਹਿਲੀ ਨੂੰ ਧਿਆਨ ਵਿੱਚ ਰੱਖਿਆ ਜਾ ਸਕੇ।
ਯਾਦ ਰਹੇ ਚੋਣ ਕਮਿਸ਼ਨ ਭਾਰਤ ਸਰਕਾਰ ਦੀਆਂ ਹਦਾਇਤਾਂ ਮੁਤਾਬਕ 9 ਅਕਤੂਬਰ ਨੂੰ ਸਾਰੇ ਬੀ:ਐਲ:ਓਜ਼ ਨੇ ਆਪਣੇ-ਆਪਣੇ ਬੂਥਾ ਤੇ ਬੈਠਣਾ ਸੀ ਤਾਂ ਜੋ ਵੋਟਰ ਬੂਥਾਂ ਤੇ ਆ ਕੇ ਵੋਟ ਬਣਵਾਉਣ, ਕਟਵਾਉਣ ਜਾਂ ਸੋਧ ਕਰਵਾਉਣ ਦੀ ਕਾਰਵਾਈ ਬੀ:ਐਲ:ਓਜ਼ ਨੂੰ ਮਿਲ ਕੇ ਕਰਵਾ ਸਕਣ।
ਇਸੇ ਤਰ੍ਹਾਂ ਚੋਣ ਕਮਿਸ਼ਨ ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ 16 ਅਕਤੂਬਰ 2011 ਨੂੰ ਸਮੂੰਹ ਬੀ:ਐਲ:ਓਜ਼ ਦਾ ਬੂਥਾਂ ਤੇ ਮੌਜੂਦ ਰਹਿਣਾ ਲਾਜਮੀ ਹੈ ਤਾਂ ਜੋ ਵੋਟਰ ਸੂਚੀਆਂ ਦੀ ਸੁਧਾਈ ਦਾ ਕੰਮ ਮੁਕੰਮਲ ਹੋ ਸਕੇ। ਵੋਟਰ ਸੂਚੀਆਂ ਦੀ ਸੁਧਾਈ ਦਾ ਕੰਮ ਅੰਤਿਮ ਪੜਾਅ ਤੇ ਹੈ। ਆਸ ਹੈ ਕਿ 9 ਅਕਤੂਬਰ ਨੂੰ ਗੈਰਹਾਜਰ ਰਹਿਣ ਵਾਲੇ ਕਰਮਚਾਰੀਆਂ ਵਿਰੁੱਧ ਹੋਈ ਕਾਰਵਾਈ ਬਾਕੀ ਬੀ:ਐਲ:ਓਜ਼ ਲਈ ਚਿਤਵਾਨੀ ਦਾ ਸਬੱਬ ਬਣੇਗੀ ਅਤੇ ਸੰਮੂਹ ਬੀ:ਐਲ:ਓਜ਼ 16 ਅਕਤੂਬਰ ਨੂੰ ਵੋਟਰ ਸੂਚੀਆਂ ਦੀ ਸੁਧਾਈ ਦੇ ਕੰਮ ਵਿੱਚ ਕੋਈ ਕੁਤਾਹੀ ਨਹੀਂ ਵਰਤਣਗੇ ਅਤੇ ਆਪਣਾ ਕੰਮ ਪੂਰੀ ਤਨਦੇਹੀ ਨਾਲ ਕਰਨਗੇ।