ਚੰਡੀਗੜ੍ਹ – ਪੰਜਾਬ ਸਰਕਾਰ ਨੇ ਉਘੇ ਉਦਯੋਗਪਤੀ ਸ਼੍ਰੀ ਕਮਲ ਓਸਵਾਲ ਨੂੰ ਪੰਜਾਬ ਦੇ ਮੁੱਖ ਮੰਤਰੀ ਸ ਪਰਕਾਸ਼ ਸਿੰਘ ਬਾਦਲ ਨਾਲ ਤੁਰੰਤ ਪ੍ਰਭਾਵ ਤੋਂ ਉਦਯੋਗਿਕ ਸਲਾਹਕਾਰ ਵੱਜੋ ਨਿਯੁਕਤ ਕੀਤਾ ਹੈ। ਇਹ ਪ੍ਰਗਟਾਵਾ ਕਰਦਿਆਂ ਅੱਜ ਇਥੇ ਮੁੱਖ ਮੰਤਰੀ ਦਫਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਸ ਸਬੰਧ ਵਿਚ ਰਸਮੀ ਹੁਕਮ ਜਲਦੀ ਹੀ ਜਾਰੀ ਕੀਤੇ ਜਾਣਗੇ। ਇਥੇ ਇਹ ਜਿਕਰ ਯੋਗ ਹੈ ਕਿ ਸ਼੍ਰੀ ਕਮਲ ਓਸਵਾਲ ਲੁਧਿਆਣਾ ਵਿਚ ਓ ਡਬਲਯੂ ਐਮ ਨਾਹਰ ਗਰੁੱਪ ਵਜੋ ਮਸ਼ਹੂਰ 3500 ਕਰੋੜ ਰੁਪਏ ਦੇ ਉਦਯੋਗਿਕ ਗਰੂੱਪ ਨਾਲ ਸਬੰਧਤ ਹਨ। ਇਸ ਵਕਤ ਉਹ ਨਾਹਰ ਉਦਯੋਗਿਕ ਇੰਟਰਪ੍ਰਾਈਜਸ ਲਿਮਟਿਡ ਦੇ ਵਾਇਸ ਚੈਅਰਮੇਨ-ਕਮ-ਐਮ ਡੀ ਅਤੇ ਐਮ ਡੀ ਕਾਟਨ ਕਾਊਟੀ ਰਿਟੇਲ ਲਿਮਟਿਡ ਹੋਣ ਦੇ ਨਾਲ-ਨਾਲ ਬਹੁਤ ਸਾਰੀਆਂ ਕੰਪਨੀਆਂ ਜਿਵੇਂ ਓਸਵਾਲ ਵੂਲਨ ਮਿਲਜ਼, ਨਾਹਰ ਸਪੀਨਿੰਗ ਮਿਲਜ਼, ਨਾਹਰ ਪੋਲੀ ਫਰਮਜ਼, ਨਾਹਰ ਕੈਪੀਟਲ ਐਡ ਫਾਈਨੈਸ਼ੀਅਲ ਸਰਵਸੀਜ਼ ਅਤੇ ਮੋਨਟੀ ਕਾਰਲੋ ਐਸ਼ਨਜ਼ ਲਿਮਟਿਡ ਦੇ ਡਾਇਰੈਕਟਰ ਹਨ। ਉਦਯੌਗ ਵਿਚ 29 ਸਾਲਾਂ ਦਾ ਲੰਬਾ ਤਜਰਬਾ ਰਖਣ ਵਾਲੇ ਸ਼੍ਰੀ ਕਮਲ ਪੰਜਾਬ ਰਾਜ ਬਿਜਲੀ ਬੋਰਡ ਦੇ ਉਪਭੋਗਤਾ ਸ਼ਿਕਾਇਤ ਨਿਵਾਰਨ ਕਮੇਟੀ ਦੇ ਮੈਂਬਰ ਵੀ ਰਹੇ ਹਨ। ਓ ਡਬਲਯੂ ਐਮ ਨਾਹਰ ਗਰੂੱਪ ਵਲੋ ਪੰਜਾਬ ਵਿਚ ਲਗਭਗ 30000 ਲੋਕਾਂ ਨੂੰ ਸਿੱਧੇ ਜਾਂ ਅਸਿਧੇ ਰੂਪ ਵਿਚ ਰੁਜਗਾਰ ਦਿੱਤਾ ਜਾ ਰਿਹਾ ਹੈ।