ਅੰਮ੍ਰਿਤਸਰ – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਪੋਰਟਸ ਮੈਡੀਸਨ ਅਤੇ ਫਿਜਿਓਥਿਰੈਪੀ ਵਿਭਾਗ ਵੱਲੋਂ ਇਲਾਜ ਵਿਚ ਅਜੋਕੇ ਰੁਝਾਨ ਬਾਰੇ ਇਕ 2-ਦਿਨਾ ਵਰਕਸ਼ਾਪ ਅੱਜ ਇਥੇ ਯੂਨੀਵਰਸਿਟੀ ਦੇ ਗੁਰੂ ਨਾਨਕ ਭਵਨ ਵਿਖੇ ਸ਼ੁਰੂ ਹੋ ਗਈ। ਇਸ ਦਾ ਉਦਘਾਟਨ ਡੀਨ, ਅਕਾਦਮਿਕ ਮਾਮਲੇ, ਡਾ. ਰਜਿੰਦਰ ਕੌਰ ਪੁਆਰ ਨੇ ਕੀਤਾ। ਸਪੋਰਸਟਸ ਮੈਡੀਸਨ ਅਤੇ ਫਿਜਿਓਥਿਰੈਪੀ ਦੇ ਡੀਨ, ਡਾ. ਜਸਪਾਲ ਸਿੰਘ ਸੰਧੂ ਨੇ ਮੁਖ ਮਹਿਮਾਨ ਅਤੇ ਹੋਰਨਾਂ ਨੂੰ ਜੀ-ਆਇਆਂ ਕਿਹਾ। ਵਿਭਾਗ ਦੇ ਮੁਖੀ, ਡਾ. ਸ਼ਿਆਮਲ ਕੋਹਲੇ ਨੇ ਧੰੰਨਵਾਦ ਦਾ ਮਤਾ ਪੇਸ਼ ਕੀਤਾ। ਡਾ. ਪੁਆਰ ਨੇ ਕਿਹਾ ਕਿ ਅਜੋਕੇ ਮਾਹੌਲ ਵਿਚ ਫਿਜਿਓਥਿਰੈਪੀ ਦੇ ਜ਼ਰੀਏ ਬਹੁਤ ਸਾਰੀਆਂ ਬੀਮਾਰੀਆਂ ਦਾ ਇਲਾਜ ਸੰਭਵ ਹੋ ਸਕਿਆ ਹੈ। ਉਨ੍ਹਾਂ ਕਿਹਾ ਕਿ ਅੱਜ ਕਲ੍ਹ ਦਾ ਰਹਿਣ-ਸਹਿਣ ਅਤੇ ਖਾਣ-ਪੀਣ ਦੀਆਂ ਆਦਤਾਂ ਸਦਕਾ ਡਾਇਬਟੀਜ਼ (ਸੂਗਰ), ਰਕਤਚਾਪ, ਅਤੇ ਦਿਲ ਸਬੰਧੀ ਬੀਮਾਰੀਆਂ ਦਾ ਵਾਧਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਕਸਰਤ ਨਾ ਕਰਨਾ ਵੀ ਬਹੁਤ ਸਾਰੀਆਂ ਬੀਮਾਰੀਆਂ ਲੱਗਣ ਦਾ ਕਾਰਣ ਹੈ। ਡਾ. ਜਸਪਾਲ ਨੇ ਕਿਹਾ ਕਿ ਅਜਿਹੀਆਂ ਵਰਕਸ਼ਾਪ ਲਾਉਣ ਨਾਲ ਆਧੁਨਿਕ ਰਹਿਣ-ਸਹਿਣ ਕਰਕੇ ਲਗ ਰਹੀਆਂ ਬਿਮਾਰੀਆਂ ਤੋਂ ਨਿਜਾਤ ਪਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਵਰਕਸ਼ਾਪਾਂ ਵੱਧ ਤੋਂ ਵੱਧ ਲਗਾਈਆਂ ਜਾਣੀਆਂ ਚਾਹੀਦੀਆਂ ਹਨ। ਨਵੀਂ ਦਿੱਲੀ ਤੋਂ ਆਏ ਡਾ. ਦੀਪਕ ਕੁਮਾਰ ਨੇ ਇਸ ਮੌਕੇ ਮਸ਼ੀਨਾਂ ਤੋਂ ਬਗੈਰ ਇਲਾਜ ਕਰਨ ਦੀ ਪ੍ਰਣਾਲੀ ਬਾਰੇ ਵਿਸਥਾਰਪੁਰਵਕ ਜਾਣਕਾਰੀ ਦਿੱਤੀ।