ਲੁਧਿਆਣਾ – ਵਿਸ਼ਵ ਦ੍ਰਿਸ਼ਟੀ ਦਿਵਸ ਦੇ ਮੌਕੇ ‘ਤੇ ਜ਼ਿਲ੍ਹਾ ਸਿਹਤ ਪ੍ਰਸਾਸ਼ਨ ਵੱਲੋਂ ਸਿਵਲ ਸਰਜਨ ਡਾ. ਦਲੀਪ ਕੁਮਾਰ ਦੇ ਨਿਰਦੇਸ਼ਾਂ ਤਹਿਤ ਸਿਵਲ ਹਸਪਤਾਲ, ਲੁਧਿਆਣਾ ਵਿਖੇ ਵਿਸ਼ੇਸ਼ ਜਾਗਰੂਕਤਾ ਸਮਾਗਮ ਕੀਤਾ ਗਿਆ। ਇਸ ਸਮਾਗਮ ‘ਚ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦਿਆਂ ਡਾ. ਦਲਜੀਤ ਸਿੰਘ ਕੋਛੜ ਐਸ.ਐਮ.ਓ. ਆਈ ਮੋਬਾਇਲ ਯੂਨਿਟ, ਲੁਧਿਆਣਾ ਨੇ ਦੱਸਿਆ ਕਿ ‘ਵਿਸ਼ਵ ਦ੍ਰਿਸ਼ਟੀ ਦਿਵਸ’ ਹਰ ਸਾਲ ਅਕਤੂਬਰ ਮਹੀਨੇ ਦੇ ਦੂਸਰੇ ਵੀਰਵਾਰ ਵਾਲੇ ਦਿਨ ਮਨਾਇਆ ਜਾਂਦਾ ਹੈ। ਇਸ ਦਿਨ ਪੂਰੇ ਵਿਸ਼ਵ ਵਿਚ ਵੱਖ-ਵੱਖ ਪ੍ਰੋਗਰਾਮ ਕਰਕੇ ਲੋਕਾਂ ਨੂੰ ਅੱਖਾਂ ਦੀ ਸੰਭਾਲ ਬਾਰੇ ਜਾਗਰੂਕ ਕੀਤਾ ਜਾਂਦਾ ਹੈ ਤਾਂ ਜੋ ਹਰ ਕੋਈ ਇਸ ਸੁੰਦਰ ਸੰਸਾਰ ਵਿਚ ਆਪਣਾ ਜੀਵਨ ਸਹੀ ਢੰਗ ਨਾਲ ਜੀ ਸਕੇ।
ਉਨ੍ਹਾਂ ਕਿਹਾ ਕਿ ਅੱਖਾਂ ਸਾਡੇ ਸਰੀਰ ਦਾ ਮਹੱਤਵਪੂਰਣ ਅੰਗ ਹਨ। ਅੱਖਾਂ ਦੀ ਕੋਈ ਬਿਮਾਰੀ ਹੋਣ ‘ਤੇ ਤੁਰੰਤ ਅੱਖਾਂ ਦੇ ਮਾਹਿਰ ਡਾਕਟਰ ਤੋਂ ਇਲਾਜ ਕਰਵਾਉਣਾ ਚਾਹੀਦਾ ਹੈ। ਇਸ ਮੌਕੇ ਸਿਵਲ ਹਸਪਤਾਲ ਦੇ ਅੱਖਾਂ ਦੇ ਮਾਹਰ ਡਾ. ਮਨਜੀਤ ਸਿੰਘ ਵੱਲੋਂ ਬੱਚੇ ਦੇ ਜਨਮ ਤੋਂ ਲੈ ਕੇ ਵੱਡੀ ਉਮਰ ਤੱਕ ਅੱਖਾਂ ਦੀ ਸਹੀ ਦੇਖਭਾਲ ਕਰਨ ਬਾਰੇ ਜਾਣਕਾਰੀ ਦਿੱਤੀ।
ਡਿਪਟੀ ਐਮ.ਈ.ਆਈ.ਓ ਸ੍ਰੀ ਜਗਤ ਰਾਮ ਨੇ ਅੱਖਾਂ ਦਾਨ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ‘ਤੇ ਡਾ. ਪੁਨੀਤ ਸਿੱਧੂ ਅੱਖਾਂ ਦੇ ਮਾਹਰ, ਡਾ. ਗੁਰਮੀਤ ਸਿੰਘ, ਸ੍ਰੀ ਜਸਪਾਲ ਸਿੰਘ ਤੇ ਸ੍ਰੀਮਤੀ ਪਰਮਿੰਦਰ ਕੌਰ ਦੋਵੇਂ ਅਪਥਲਮਿਕ ਅਫਸਰ, ਸ੍ਰੀਮਤੀ ਅਮਰਜੀਤ ਕੌਰ, ਹਸਪਤਾਲ ਦੇ ਸਟਾਫ ਸਮੇਤ ਵੱਡੀ ਗਿਣਤੀ ਵਿਚ ਹਸਪਤਾਲ ‘ਚ ਆਏ ਹੋਏ ਮਰੀਜ਼ ਹਾਜ਼ਰ ਸਨ।