ਅੱਜ ਦੇ ਯੁਗ ਵਿੱਚ ਤਕਨੀਕੀ ਸਿੱਖਿਆ ਦੀ ਬਹੁਤ ਲੋੜ੍ਹ-ਚੌਧਰੀ ਸੁਰਜੀਤ ਕੁਮਾਰ ਜਿਆਣੀ
ਅੰਮ੍ਰਿਤਸਰ- ਮਨੁੱਖ ਦਾ ਆਤਮ ਵਿਸ਼ਵਾਸ ਹੀ ਉਸ ਲਈ ਸਭ ਤੋਂ ਵਡਮੁੱਲੀ ਵਿੱਦਿਆ ਹੈ ਅਤੇ ਸਿੱਖਿਆ ਦੀ ਤਾਕਤ ਨੂੰ ਕੋਈ ਮਿਟਾ ਨਹੀਂ ਸਕਦਾ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਸ੍ਰ. ਨਵਜੋਤ ਸਿੰਘ ਸਿੱਧੂ ਨੇ ਅੱਜ ਸਥਾਨਕ ਬਟਾਲਾ ਰੋਡ ‘ਤੇ ਸਥਿਤ ਗਲੋਬਲ ਇੰਸਟੀਚਿਊਟਸ ਵਿਖੇ ਬੀ. ਟੈੱਕ ਦੇ ਵਿਦਿਆਰਥੀਆਂ ਲਈ ਫਰੈਸ਼ਰ ਪਾਰਟੀ ਦੇ ਆਯੋਜਿਨ ਦੇ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕੀਤਾ।
ਸ੍ਰ. ਸਿੱਧੂ ਨੇ ਕਿਹਾ ਕਿ ਕਿਸੇ ਵਿਅਕਤੀ ਦੀ ਵਿੱਦਿਅਕ ਯੋਗਤਾ ਹੀ ਉਸ ਦੀ ਸਭ ਤੋਂ ਵੱਡੀ ਪੂੰਜੀ ਹੈ ਅਤੇ ਪੰਜਾਬ ਵਿੱਚ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਤਕਨੀਕੀ ਵਿੱਦਿਅਕ ਸੰਸਥਾਵਾਂ ਦੀ ਬਹੁਤ ਲੋੜ੍ਹ ਹੈ, ਉਨ੍ਹਾਂ ਕਿਹਾ ਕਿ ਅੱਜ ਪੰਜਾਬ ਵਿੱਚ ਸਿਰਫ਼ 0.7% ਨੌਜਵਾਨ ਹੀ ਤਕਨੀਕੀ ਸਿੱਖਿਆ ਹਾਸਿਲ ਕਰਨ ਲਈ ਵਿੱਦਿਅਕ ਸੰਸਥਾਵਾਂ ਵਿੱਚ ਦਾਖਲਾ ਲੈਂਦੇ ਹਨ ਜਦੋਂ ਕਿ ਪੂਰੇ ਵਿਸ਼ਵ ਵਿੱਚ ਭਾਰਤ ਦੇ ਤਕਨੀਕੀ ਮਾਹਿਰਾਂ ਦੀ ਬਹੁਤ ਮੰਗ ਹੈ, ਇਸ ਲਈ ਅੱਜ ਦੇ ਨੌਜਵਾਨ ਨੂੰ ਤਕਨੀਕੀ ਸਿੱਖਿਆ ਹਾਸਿਲ ਕਰਨ ਨੂੰ ਵੱਧ ਤੋਂ ਵੱਧ ਤਰਜੀਹ ਦੇਣੀ ਚਾਹੀਦੀ ਹੈ।
ਇਸ ਮੌਕੇ ਉਨ੍ਹਾਂ ਨੇ ਗਲੋਬਲ ਇੰਸਟੀਚਿਊਟਸ ਨੂੰ 10 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ ਅਤੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਆਪਣਾ ਭਵਿੱਖ ਬਣਾਉਣ ਲਈ ਮਿਹਨਤ ਨਾਲ ਪੜ੍ਹਾਈ ਕਰਨ ਤਾਂ ਜੋ ਉਹ ਅਤਪਣੇ ਮਾਤਾ-ਪਿਤਾ, ਸਮਾਜ ਅਤੇ ਦੇਸ਼ ਦਾ ਨਾਂ ਰੋਸ਼ਨ ਕਰ ਸਕਣ।
ਸ੍ਰ. ਨਵਜੋਤ ਸਿੰਘ ਸਿੱਧੂ ਨੇ ਬਹੁਤ ਹੀ ਵਧੀਆ ਤੇ ਵਿਅੰਗਮਈ ਤਰੀਕੇ ਨਾਲ ਨਵੇਂ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਉਹਨਾਂ ਨੂੰ ਆਪਣਾ ਹੁਨਰ ਅਤੇ ਕਲਾ ਦਿਖਾਉਣ ਲਈ ਹਰ ਵੇਲੇ ਤਿਆਰ ਰਹਿਣਾ ਚਾਹੀਦਾ ਹੈ।
ਇਸ ਮੌਕੇ ਚੌਧਰੀ ਸੁਰਜੀਤ ਕੁਮਾਰ ਜਿਆਣੀ, ਟਰਾਂਸਪੋਰਟ ਅਤੇ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਮੰਤਰੀ ਪੰਜਾਬ ਵਿਸ਼ੇਸ ਤੌਰ ‘ਤੇ ਸ਼ਾਮਿਲ ਹੋਏ, ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਆਜ਼ਾਦੀ ਦੇ 65 ਸਾਲਾਂ ਬਾਅਦ ਵੀ ਸਾਡੇ ਦੇਸ਼ ਦੀ ਤਰੱਕੀ ਨਹੀਂ ਹੋਈ ਜਿੰਨੀ ਹੋਣੀ ਚਾਹੀਦੀ ਸੀ, ਕਿਉਂਕਿ ਹੁਣ ਤੱਕ ਸਿੱਖਿਆ ਦਾ ਬਹੁਤ ਅਭਾਵ ਰਿਹਾ ਹੈ।
ਉਨ੍ਹਾਂ ਕਿਹਾ ਕਿ ਅੱਜ ਦਾ ਯੁਗ ਤਕਨੀਕ ਦਾ ਯੁਗ ਹੈ ਅਤੇ ਇਸ ਯੁਗ ਵਿੱਚ ਤਕਨੀਕੀ ਸਿੱਖਿਆ ਦੀ ਬਹੁਤ ਲੋੜ੍ਹ ਹੈ ਅਤੇ ਪੰਜਾਬ ਸਰਕਾਰ ਵੱਲੋਂ ਰਾਜ ਵਿੱਚ ਤਕਨੀਕੀ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਮਹੱਤਵਪੂਰਨ ਉਪਰਾਲੇ ਕੀਤੇ ਜਾ ਰਹੇ ਹਨ।
ਇਸ ਮੌਕੇ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੜਕ ਸੁਰੱਖਿਆ ਨੂੰ ਵਿਸ਼ੇ ਦੇ ਰੂਪ ਵਿੱਚ ਸਕੂਲਾਂ ਵਿੱਚ ਨੌਵੀਂ ਤੋਂ ਬਾਰਵੀਂ ਤੱਕ ਦੀ ਪੜਾ੍ਹਈ ਵਿੱਚ ਸ਼ਾਮਿਲ ਕੀਤਾ ਜਾ ਰਿਹਾ ਹੈ ਅਤੇ ਸਾਰੇ ਸਕੂਲਾਂ ਦੇ 18 ਸਾਲ ਤੋਂ ਵੱਧ ਉਮਰ ਦੇ ਵਿਦਿਆਰਥੀਆਂ ਦੇ ਲਾਈਸੈਂਸ ਵੀ ਹੁਣ ਸਕੂਲਾਂ ਪੱਧਰ ‘ਤੇ ਬਣਾਏ ਜਾ ਸਕਣਗੇ।
ਇਸ ਸਮਾਗਮ ਵਿੱਚ ਭਾਜਪਾ ਨੇਤਾ ਅਤੇ ਸਾਬਕਾ ਮੰਤਰੀ ਪੰਜਾਬ ਸ੍ਰੀ ਬਲਰਾਮਜੀ ਦਾਸ ਟੰਡਨ ਅਤੇ ਅੰਮ੍ਰਿਤਸਰ ਦੇ ਮੇਅਰ ਇੰਜ: ਸ਼ਵੇਤ ਮਲਿਕ ਵਿਸ਼ੇਸ ਤੌਰ ‘ਤੇ ਸ਼ਾਮਿਲ ਹੋਏ ਅਤੇ ਗਲੋਬਲ ਇੰਸਟੀਚਿਊਟਸ ਦੇ ਚੇਅਰਮੈਨ ਡਾ. ਬੀ. ਐਸ. ਚੰਦੀ ਅਤੇ ਵਾਈਸ ਚੇਅਰਮੈਨ ਡਾ. ਆਕਾਸ਼ਦੀਪ ਸਿੰਘ ਚੰਦੀ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ।
ਇਸ ਮੌਕੇ ਕਾਲਜ ਦੇ ਵਿਦਿਆਰਥੀਆਂ ਵੱਲੋਂ ਇਕ ਖੂਬਸੂਰਤ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਅਤੇ ਆਪਣੇ ਨਵੇਂ ਵਿਦਿਆਰਥੀਆਂ ਨੂੰ ਜੀ ਆਇਆਂ ਕਹਿਣ ਦੀ ਰਵਾਇਤ ਨੂੰ ਕਾਇਮ ਰੱਖਦੇ ਹੋਏ ਬਹੁਤ ਹੀ ਮਨਮੋਹਕ ‘ਆਗਾਜ’ ਪ੍ਰੋਗਰਾਮ ਦਾ ਆਯੋਜਿਨ ਕੀਤਾ।
ਨਵੇਂ ਆਏ ਵਿਦਿਆਰਥੀਆਂ ਨੇ ਆਪਣਾ ਹੁਨਰ ਤੇ ਕਲਾ ਦਾ ਪ੍ਰਗਟਾਵਾ ਬਹੁਤ ਸਾਰੀਆਂ ਆਈਟਮਾਂ ਜਿਵੇਂ ਕਿ ਮਲਵਈ ਗਿੱਧਾ, ਭੰਗੜਾ, ਸਕਿੱਟ, ਮਿਮਕਰੀ, ਗਰੁੱਪ ਸੌਂਗ, ਸੋਲੋ ਸੌਂਗ, ਪੰਜਾਬੀ ਗਿੱਧਾ ਅਤੇ ਡਾਂਸ ਦੇ ਰੁਪ ਵਿਚ ਕੀਤਾ। ਇਸ ਤੋਂ ਇਲਾਵਾ ਫੈਸ਼ਨ-ਸ਼ੋਅ ਅਤੇ ਕੈੱਟ- ਵਾਕ ਖਿੱਚ ਦਾ ਮੁੱਖ ਕੇਂਦਰ ਰਹੇ। ਇਸ ਮੌਕੇ ਤੇ ਨਵੇਂ ਵਿਦਿਆਰਥੀਆਂ ਵਿਚੋਂ ਮਿਸਟਰ ਤੇ ਮਿਸ ਫਰੈਸ਼ਰ ਵੀ ਚੁਣੇ ਗਏ।