October 13, 2011 admin

ਕੇਂਦਰ ਦੀਆਂ ਕਿਸਾਨ ਮਾਰੂ ਨੀਤੀਆਂ ਦੇ ਵਿਰੋਧ ਵਿੱਚ ਕਿਸਾਨਾਂ ਵੱਲੋਂ ਸੰਸਦ ਦਾ ਘਿਰਾਓ 18 ਅਕਤੂਬਰ ਨੂੰ : ਲੱਖੋਵਾਲ

ਪਟਿਆਲਾ – ” ਕਾਂਗਰਸ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਸ਼ੁਰੂ ਤੋਂ ਹੀ ਕਿਸਾਨਾਂ ਦੇ ਹਿੱਤਾਂ ਨਾਲ ਖਿਲਵਾੜ ਕੀਤਾ ਜਾਂਦਾ ਰਿਹਾ ਹੈ ਅਤੇ ਇਹੀ ਪ੍ਰਮੁੱਖ ਕਾਰਨ ਹੈ ਕਿ ਅੱਜ ਦੇਸ਼ ਦੇ ਕਿਸਾਨ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੈ । ਕੇਂਦਰ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਦੇ ਵਿਰੋਧ ਵਿੱਚ ਦੇਸ਼ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਵੱਲੋਂ 18 ਅਕਤੂਬਰ ਨੂੰ ਦਿੱਲੀ ਵਿਖੇ ਸੰਸਦ ਦੇ ਘਿਰਾਓ ਦਾ ਸੱਦਾ ਦਿੱਤਾ ਗਿਆ ਹੈ ਜਿਸ ਵਿੱਚ ਪੰਜਾਬ ਦੇ ਹਜ਼ਾਰਾਂ ਕਿਸਾਨ ਹੁੰਮ ਹੁੰਮਾ ਕੇ ਸ਼ਾਮਲ ਹੋਣਗੇ । ” ਇਹ ਜਾਣਕਾਰੀ ਪੰਜਾਬ ਰਾਜ ਮੰਡੀ ਬੋਰਡ ਦੇ ਚੇਅਰਮੈਨ ਸ. ਅਜਮੇਰ ਸਿੰਘ ਲੱਖੋਵਾਲ ਨੇ ਅੱਜ ਨਵੀਂ ਅਨਾਜ ਮੰਡੀ ਪਟਿਆਲਾ ਵਿਖੇ ਝੋਨੇ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ । ਸ. ਲੱਖੋਵਾਲ ਜਿਨ੍ਹਾਂ ਨੇ ਅੱਜ ਪਟਿਆਲਾ ਜ਼ਿਲ੍ਹੇ ਦੀਆਂ ਚਾਰ ਪੇਂਡੂ ਅਨਾਜ ਮੰਡੀਆਂ ਮਹਿਮਦਪੁਰ, ਸੁਲਤਾਨਪੁਰ, ਧਬਲਾਨ ਅਤੇ ਬਹਾਦਰਗੜ੍ਹ ਵਿਖੇ ਪੱਕੇ ਕੀਤੇ ਗਏ ਖਰੀਦ ਕੇਂਦਰਾਂ ਦਾ ਉਦਘਾਟਨ ਵੀ ਕੀਤਾ, ਨੇ ਕਿਹਾ ਕਿ ਕੇਂਦਰ ਸਰਕਾਰ ਦੀ ਬੇਰੁਖੀ ਕਾਰਨ ਅੱਜ ਕਿਸਾਨਾਂ ਨੂੰ ਖੇਤੀਬਾੜੀ ਲਈ ਮਹਿੰਗੇ ਭਾਅ ਉੱਤੇ ਖਾਦਾਂ, ਡੀਜ਼ਲ, ਕੀੜੇਮਾਰ ਦਵਾਈਆਂ ਅਤੇ ਹੋਰ ਸਮਾਨ ਖਰੀਦਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ । ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਖਾਦਾਂ ‘ਤੇ ਸਰਕਾਰੀ ਕੰਟਰੋਲ ਖਤਮ ਕਰਨ ਮਗਰੋਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਜਿਸ ਦੇ ਰੋਸ ਵਿੱਚ ਸਾਰੇ ਕਿਸਾਨ ਇਕਜੁਟ ਹੋ ਕੇ ਕੇਂਦਰ ਸਰਕਾਰ ਵਿਰੁੱਧ ਰੋਸ ਧਰਨਾ ਦੇਣਗੇ । ਉਨ੍ਹਾਂ ਕਿਹਾ ਕਿ ਧਰਨੇ ਤੋਂ ਪਹਿਲਾਂ 16 ਅਕਤੂਬਰ ਨੂੰ ਸਾਰੇ ਰਾਜਾਂ ਦੀਆਂ ਕਿਸਾਨ ਜਥੇਬੰਦੀਆਂ ਦੇ ਪ੍ਰਧਾਨ ਹੰਗਾਮੀ ਮੀਟਿੰਗ ਕਰਕੇ ਭਵਿੱਖ ਦੀ ਰੂਪ ਰੇਖਾ ਤੈਅ ਕਰਨਗੇ ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੇਅਰਮੈਨ ਸ. ਲੱਖੋਵਾਲ ਨੇ ਕਿਹਾ ਕਿ ਪੰਜਾਬ ਵਿੱਚ ਫਸਲ ਦੀ ਸੁਚੱਜੀ ਖਰੀਦ ਲਈ ਕੁਲ 1735 ਖਰੀਦ ਕੇਂਦਰ ਖੋਲ੍ਹੇ ਗਏ ਹਨ । ਉਨ੍ਹਾਂ ਕਿਹਾ ਕਿ ਪਿਛਲੇ ਸਾਲ 151.39 ਲੱਖ ਟਨ ਝੋਨਾ ਮੰਡੀਆਂ ਵਿੱਚ ਆਇਆ ਸੀ ਅਤੇ ਭਾਰੀ ਬਰਸਾਤ ਕਾਰਨ ਇਸ ਵਾਰ ਝੋਨੇ ਦੀ ਫਸਲ ਨੂੰ ਨੁਕਸਾਨ ਪੁੱਜਾ ਹੈ ਪਰ ਜਿਸ ਤੇਜ਼ੀ ਨਾਲ ਮੰਡੀਆਂ ਵਿੱਚ ਝੋਨੇ ਦੀ ਆਮਦ ਹੋ ਰਹੀ ਹੈ ਉਸ ਤੋਂ ਸਪੱਸ਼ਟ ਹੈ ਕਿ ਇਸ ਸਾਲ ਵੀ ਇਹ ਟੀਚਾ ਪੂਰਾ ਹੋ ਜਾਵੇਗਾ । ਪੰਜਾਬ ਮੰਡੀ ਬੋਰਡ ਦੀ ਆਮਦਨ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਸਾਲ 2007 ਵਿੱਚ ਮੰਡੀ ਬੋਰਡ ਦੀ ਆਮਦਨ ਮਾਰਕੀਟ ਫੀਸ ਦੇ ਰੂਪ ਵਿੱਚ 345.39 ਕਰੋੜ ਸੀ ਜਦਕਿ ਸਾਲ 2010-11 ਦੌਰਾਨ ਮਾਰਕੀਟ ਫੀਸ ਪਹਿਲਾਂ ਨਾਲੋਂ ਵਧ ਕੇ 637.06 ਕਰੋੜ ਰੁਪਏ ਹੋ ਗਈ ਹੈ ਅਤੇ ਇੰਨਾ ਹੀ ਆਰ.ਡੀ.ਐਫ ਵਿੱਚ ਵੀ ਵਾਧਾ ਹੋਇਆ ਹੈ । ਸ. ਲੱਖੋਵਾਲ ਨੇ ਕਿਹਾ ਕਿ ਪੰਜਾਬ ਮੰਡੀ ਬੋਰਡ ਨੇ ਪੰਜਾਬ ਵਿੱਚ 55 ਹਜ਼ਾਰ ਕਿਲੋਮੀਟਰ ਲਿੰਕ ਸੜਕਾਂ ਦਾ ਨਿਰਮਾਣ ਕੀਤਾ ਹੈ ਜਦਕਿ ਉੱਤਰ ਪ੍ਰਦੇਸ਼ ਵਿੱਚ ਸਿਰਫ 14 ਹਜ਼ਾਰ ਕਿਲੋਮੀਟਰ ਸੜਕਾਂ ਹੀ ਤਿਆਰ ਕੀਤੀਆਂ ਗਈਆਂ ਹਨ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਰਾਜ ਦੇ ਵਿਕਾਸ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਅਤੇ ਪਿੰਡਾਂ ਦੇ ਕਾਇਆ ਕਲਪ ਲਈ ਤਾਂ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵੱਲੋਂ ਵਿਸ਼ੇਸ਼ ਤੌਰ ‘ਤੇ ਧਿਆਨ ਦਿੱਤਾ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਰਾਜ ਦੀਆਂ 57 ਮੰਡੀਆਂ ਵਿੱਚ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਉਣ ਦੇ ਮਿੱਥੇ ਗਏ ਟੀਚੇ ਨੂੰ ਤੇਜ਼ੀ ਨਾਲ ਮੁਕੰਮਲ ਕੀਤਾ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਪਟਿਆਲਾ ਅਤੇ ਲੁਧਿਆਣਾ ਦੀ ਤਰਜ਼ ‘ਤੇ ਹੀ ਪੰਜਾਬ ਦੇ ਹੋਰ ਜ਼ਿਲਿਆਂ ਵਿੱਚ ਵੀ ਪੈਕ ਹਾਊਸ ਬਣਵਾਏ ਜਾ ਰਹੇ ਹਨ ਜਿਥੇ ਸਬਜ਼ੀਆਂ ਦੀ ਸਾਂਭ-ਸੰਭਾਲ, ਗਰੇਡਿੰਗ ਅਤੇ ਪੈਕਿੰਗ ਲਈ 19 ਕੋਲਡ ਰੂਮ, 52 ਰਾਈਪਨਿੰਗ ਚੈਂਬਰ ਅਤੇ 9 ਗਰੇਡਿੰਗ ਲਾਈਨਜ਼ ਲਗਾਈਆਂ ਜਾ ਰਹੀਆਂ ਹਨ ।
ਇਸ ਮੌਕੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਸ. ਲੱਖੋਵਾਲ ਨੇ ਕਿਹਾ ਕਿ ਪੰਜਾਬ ਮੰਡੀ ਬੋਰਡ ਵੱਲੋਂ ਆਬਕਾਰੀ ਵਿਭਾਗ ਕੋਲੋਂ ਜ਼ਮੀਨਾਂ ‘ਤੇ ਕੀਤਾ ਗਿਆ ਕਬਜ਼ਾ ਛੁਡਵਾਉਣ ਲਈ ਯਤਨ ਜਾਰੀ ਹਨ । ਉਨ੍ਹਾਂ ਕਿਹਾ ਕਿ ਮੰਡੀ ਬੋਰਡ ਵੱਲੋਂ ਕਰੀਬ ਪੰਜਾਹ ਫੀਸਦੀ ਜ਼ਮੀਨ ਆਪਣੇ ਕਬਜ਼ੇ ਹੇਠ ਲੈ ਲਈ ਗਈ ਹੈ ਜਦਕਿ ਬਾਕੀ ਜ਼ਮੀਨ ਵੀ ਜਲਦੀ ਹੀ ਮੰਡੀ ਬੋਰਡ ਕੋਲ ਆ ਜਾਵੇਗੀ । ਇਸ ਮੌਕੇ ਉਨ੍ਹਾਂ ਦੱਸਿਆ ਕਿ ਮਹਿਮਦਪੁਰ ਵਿਖੇ 1.8 ਏਕੜ ਰਕਬੇ ਵਿੱਚ 32 ਲੱਖ, ਧਬਲਾਨ ਵਿਖੇ 1.5 ਏਕੜ ਰਕਬੇ ਵਿੱਚ 28.50 ਲੱਖ, ਸੁਲਤਾਨਪੁਰ ਵਿਖੇ 2.20 ਏਕੜ ਵਿੱਚ ਕਰੀਬ ਸਵਾ 3 ਲੱਖ ਅਤੇ ਬਹਾਦਰਗੜ੍ਹ ਵਿਖੇ 1.15 ਏਕੜ ਵਿੱਚ ਸਵਾ ਲੱਖ ਰੁਪਏ ਦੀ ਲਾਗਤ ਨਾਲ ਫੜਾਂ ਨੂੰ ਪੱਕਾ ਕੀਤਾ ਗਿਆ ਹੈ । ਸ. ਲੱਖੋਵਾਲ ਨੇ ਕਿਹਾ ਕਿ ਪਿੰਡ ਪੱਧਰ ‘ਤੇ ਕਿਸਾਨਾਂ ਵਿੱਚ ਪੈਦਾ ਹੁੰਦੀਆਂ ਧੜੇਬੰਦੀਆਂ ਦਾ ਸਭ ਨੂੰ ਨੁਕਸਾਨ ਹੁੰਦਾ ਹੈ ਇਸ ਲਈ ਇੱਕ ਦੂਜੇ ਦੀ ਬੁਰਾਈ ਕਰਨ ਨਾਲੋਂ ਰਲ ਮਿਲ ਕੇ ਕੰਮ ਕਰਨ ਵਿੱਚ ਹੀ ਵਿਸ਼ਵਾਸ਼ ਰੱਖਣਾ ਚਾਹੀਦਾ ਹੈ ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਦੀਆਂ ਅਨਾਜ ਮੰਡੀਆਂ ਵਿੱਚ ਸਰਕਾਰੀ ਏਜੰਸੀਆਂ ਵੱਲੋਂ ਨਿਰਵਿਘਨ ਢੰਗ ਨਾਲ ਝੋਨੇ ਦੀ ਖਰੀਦ ਕੀਤੀ ਜਾ ਰਹੀ ਹੈ ਅਤੇ ਕਿਸੇ ਵੀ ਮੰਡੀ ਵਿੱਚ ਲਿਫਟਿੰਗ ਸਬੰਧੀ ਕੋਈ ਪ੍ਰੇਸ਼ਾਨੀ ਨਹੀਂ ਆ ਰਹੀ । ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਅਗਵਾਈ ਵਾਲੀ ਰਾਜ ਸਰਕਾਰ ਸ਼ੁਰੂ ਤੋਂ ਹੀ ਕਿਸਾਨਾਂ ਦੀ ਭਲਾਈ ਲਈ ਉਪਰਾਲੇ ਕਰਦੀ ਆ ਰਹੀ ਹੈ ਅਤੇ ਇਹੀ ਕਾਰਨ ਹੈ ਕਿ ਅੱਜ ਪੰਜਾਬ ਦਾ ਕਿਸਾਨ ਮੰਡੀਆਂ ਵਿੱਚ ਆਪਣੀ ਜਿਣਸ ਲਿਆ ਕੇ ਵੱਡੀ ਰਾਹਤ ਮਹਿਸੂਸ ਕਰਦਾ ਹੈ । ਉਨ੍ਹਾਂ ਕਿਹਾ ਕਿ ਇਹ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼  ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੀ ਸੋਚ ਸਦਕਾ ਹੀ ਸੰਭਵ ਹੋਇਆ ਹੈ ਕਿ ਏਜੰਸੀਆਂ ਵੱਲੋਂ 48 ਘੰਟਿਆਂ ਅੰਦਰ ਆੜ੍ਹਤੀਆਂ ਨੂੰ ਚੈਕਾਂ ਰਾਹੀਂ ਅਦਾਇਗੀ ਦਿੱਤੀ ਜਾਣ ਲੱਗ ਪਈ ਹੈ ਅਤੇ ਅੱਗੋਂ ਆੜ੍ਹਤੀ ਇੱਕ ਹਫਤੇ ਦੇ ਅੰਦਰ-ਅੰਦਰ ਕਿਸਾਨਾਂ ਨੂੰ ਅਦਾਇਗੀ ਕਰ ਰਹੇ ਹਨ । ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਨੀਤੀਆਂ ਕਾਰਨ ਅੱਜ ਪੰਜਾਬ ਦਾ ਕਿਸਾਨ ਖੁਸ਼ਹਾਲੀ ਦੇ ਰਾਹ ‘ਤੇ ਹੈ ।
ਇਸ ਮੌਕੇ ਜ਼ਿਲ੍ਹਾ ਯੋਜਨਾ ਕਮੇਟੀ ਪਟਿਆਲਾ ਦੇ ਚੇਅਰਮੈਨ ਸ. ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਾ ਕੇਵਲ ਪਟਿਆਲਾ ਬਲਕਿ ਸਮੁੱਚੇ ਪੰਜਾਬ ਵਿੱਚ ਹੀ ਯੋਜਨਾਬੱਧ ਢੰਗ ਨਾਲ ਵਿਕਾਸ ਕਾਰਜਾਂ ਦੀ ਲੜੀ ਨੂੰ ਅੱਗੇ ਤੋਰਿਆ ਜਾ ਰਿਹਾ ਹੈ ਜਿਸ ਕਾਰਨ ਪੰਜਾਬ ਵਾਸੀ ਵੱਡੀ ਰਾਹਤ ਮਹਿਸੂਸ ਕਰ ਰਹੇ ਹਨ । ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਕਿਸਾਨਾਂ ਤੇ ਹੋਰ ਵਰਗਾਂ ਦੀ ਖੱਜਲ-ਖੁਆਰੀ ਨੂੰ ਬੰਦ ਕਰਕੇ ਸਾਰੇ ਕਾਰਜ ਨਿਰਪੱਖ ਅਤੇ ਪਾਰਦਰਸ਼ੀ ਨਾਲ ਨੇਪਰੇ ਚੜ੍ਹਾਉਣ ਲਈ ਸਰਕਾਰ ਵਧਾਈ ਦੀ ਹੱਕਦਾਰ ਹੈ ।
ਇਸ ਮੌਕੇ ਮਾਰਕੀਟ ਕਮੇਟੀ ਪਟਿਆਲਾ ਦੇ ਚੇਅਰਮੈਨ ਸ. ਹਰਵਿੰਦਰ ਸਿੰਘ ਹਰਪਾਲਪੁਰ, ਸਹਿਕਾਰੀ ਬੈਂਕ ਦੇ ਐਮ.ਡੀ ਸ਼੍ਰੀ ਹਰਿੰਦਰਪਾਲ ਸਿੰਘ ਚੰਦੂਮਾਜਰਾ, ਚੇਅਰਮੈਨ ਪਨਸੀਡ ਸ. ਸੁਰਜੀਤ ਸਿੰਘ ਅਬਲੋਵਾਲ, ਚੇਅਰਮੈਨ ਫੂਡਗ੍ਰੇਨ ਸ. ਰਣਧੀਰ ਸਿੰਘ ਰੱਖੜਾ, ਵਾਈਸ ਚੇਅਰਮੈਨ ਜ਼ਿਲ੍ਹਾ ਪਰਿਸ਼ਦ ਪਟਿਆਲਾ ਸ. ਜਸਪਾਲ ਸਿੰਘ ਕਲਿਆਣ, ਸ. ਨਰਦੇਵ ਸਿੰਘ ਆਕੜੀ, ਸ. ਹਰਦੇਵ ਸਿੰਘ ਸਿਆਲੂ, ਸ. ਗੁਰਦੀਪ ਸਿੰਘ ਸ਼ੇਖਪੁਰਾ, ਸ਼੍ਰੀ ਜਿਊਣਾ ਖਾਨ,  ਸ਼੍ਰੀ ਅਵਤਾਰ ਸਿੰਘ ਜਾਹਲਾਂ, ਸ਼੍ਰੀ ਜਗਰੂਪ ਸਿੰਘ, ਸ਼੍ਰੀ ਸੁਖਜੀਤ ਸਿੰਘ ਬਘੌਰਾ, ਜ਼ਿਲ੍ਹਾ ਮੰਡੀ ਅਫਸਰ ਸ਼੍ਰੀ ਗੁਰਭਜਨ ਸਿੰਘ ਔਲਖ, ਐਕਸੀਅਨ ਸ਼੍ਰੀ ਜਸਵਿੰਦਰ ਸਿੰਘ ਮਾਨ, ਸਕੱਤਰ ਸ਼੍ਰੀ ਰੁਪਿੰਦਰ ਸਿੰਘ ਮਾਨ, ਸ਼੍ਰੀ ਜਸਵਿੰਦਰਪਾਲ ਸਿੰਘ ਚੱਢਾ, ਸ਼੍ਰੀ ਜਸਬੀਰ ਸਿੰਘ ਬਘੌਰਾ ਤੋਂ ਇਲਾਵਾ ਵੱਡੀ ਗਿਣਤੀ ਆਗੂ, ਕਿਸਾਨ, ਮੰਡੀ ਬੋਰਡ ਮੈਂਬਰ ਤੇ ਹੋਰ ਪਤਵੰਤੇ ਹਾਜ਼ਰ ਸਨ ।

Translate »