October 13, 2011 admin

ਅਗਾਂਹਵਧੂ ਮਧੂ ਮੱਖੀ ਪਾਲਕਾਂ ਲਈ ਸਿਖਲਾਈ ਕੈਂਪ ਪੀ ਏ ਯੂ ਵਿਖੇ

ਲੁਧਿਆਣਾ- ਪੰਜਾਬ ਦੇ ਅਗਾਂਹਵਧੂ ਮਧੂ ਮੱਖੀ ਪਾਲਕਾਂ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕੀਟ ਵਿਗਿਆਨ ਵਿਭਾਗ ਵੱਲੋਂ ਸਿਖਲਾਈ ਕੈਂਪ ਅੱਜ ਆਰੰਭ ਹੋਇਆ। ਇਸ ਸਿਖਲਾਈ ਕੈਂਪ ਵਿੱਚ ਸੂਬੇ ਦੇ 45 ਤੋਂ ਵੱਧ ਅਗਾਂਹਵਧੂ ਮਧੂ ਮੱਖੀ ਪਾਲਕਾਂ ਦੇ ਭਾਗ ਲਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਵਿਭਾਗ ਦੇ ਮੁਖੀ ਡਾ: ਬਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਕੋਰਸ ਦੌਰਾਨ ਅਗਾਂਹਵਧੂ ਵੱਡੇ ਮਧੂ ਮੱਖੀ ਪਾਲਕਾਂ ਲਈ ਰਾਣੀ ਮੱਖੀ ਨੂੰ ਤਿਆਰ ਕਰਨ ਸੰਬੰਧੀ ਵੱਖ ਵੱਖ ਵਿਧੀਆਂ ਅਤੇ ਮਿਆਰੀ ਸ਼ਹਿਦ ਪੈਦਾ ਕਰਨ ਲਈ ਅਤੇ ਉਸ ਦੇ ਮੰਡੀਕਰਨ ਸੰਬੰਧੀ ਜਾਣਕਾਰੀ ਇਸ ਪ੍ਰੋਗਰਾਮ ਦੌਰਾਨ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਅਜਿਹੀ ਕਿਸਮ ਦਾ ਦੂਜਾ ਪ੍ਰੋਗਰਾਮ ਨਵੰਬਰ ਮਹੀਨੇ ਵੀ ਲਗਾਇਆ ਜਾਵੇਗਾ। ਇਸ ਪ੍ਰੋਗਰਾਮ ਦੇ ਤਕਨੀਕੀ ਕੋਆਰਡੀਨੇਟਰ ਡਾ: ਪ੍ਰਦੀਪ ਕੁਮਾਰ ਛੁਨੇਜਾ ਨੇ ਦੱਸਿਆ ਕਿ ਮਧੂ ਮੱਖੀ ਪਾਲਕਾਂ ਲਈ ਅਜਿਹੇ ਪ੍ਰੋਗਰਾਮ ਅਤਿਅੰਤ ਲਾਭਕਾਰੀ ਸਿੱਧ ਹੋਣਗੇ। ਇਨ੍ਹਾਂ ਪ੍ਰੋਗਰਾਮਾਂ ਦੌਰਾਨ ਮਧੂ ਮੱਖੀ ਪਾਲਕਾਂ ਨੂੰ ਆਪ ਖੁਦ ਹੱਥੀਂ ਰਾਣੀ ਮੱਖੀ ਤਿਆਰ ਕਰਨ ਸੰਬੰਧੀ ਵਡਮੁੱਲੀ ਜਾਣਕਾਰੀ ਪ੍ਰਦਾਨ ਕੀਤੀ ਜਾਵੇਗੀ ਜਿਸ ਨਾਲ ਮਧੂ ਮੱਖੀ ਪਾਲਕ ਨਿੱਜੀ ਵਪਾਰੀਆਂ ਦੁਆਰਾ ਕੀਤੀ ਜਾਂਦੀ ਰਾਣੀ ਮੱਖੀ ਦੀ ਖਰੀਦ ਫਰੋਖਤ ਸੰਬੰਧੀ ਲੁੱਟ ਤੋਂ ਬਚ ਸਕਣਗੇ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੇ ਖੋਜ ਕਾਰਜਾਂ ਦੀ ਰਾਸ਼ਟਰੀ ਪੱਧਰ ਤੇ ਸ਼ਲਾਘਾ
ਲੁਧਿਆਣਾ: 12 ਅਕਤੂਬਰ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਅਮਰੂਦ ਅਤੇ ਅੰਗੂਰਾਂ ਸੰਬੰਧੀ ਬਾਗਬਾਨੀ ਵਿਭਾਗ ਵੱਲੋਂ ਖੇਤਰੀ ਖੋਜ ਕੇਂਦਰ ਬਠਿੰਡਾ ਵਿਖੇ ਕੀਤੀ ਜਾ ਰਹੀ ਖੋਜ ਨੂੰ ਕੌਮਾਂਤਰੀ ਪੱਧਰ ਤੇ ਖੂਬ ਸਲਾਹਿਆ ਗਿਆ। ਇਸ ਸੰਬੰਧੀ ਤਾਮਿਲਨਾਡੂ ਵਿਖੇ ਆਯੋਜਿਤ ਕੀਤੇ ਰਾਸ਼ਟਰ ਪੱਧਰ ਦੇ ਇਕ ਸਮਾਗਮ ਦੌਰਾਨ ਤਾਮਿਲਨਾਡੂ ਐਗਰੀਕਲਚਰਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਮੁਰਗੀਸਾ ਬੂਪਥੀ ਨੇ ਇਸ ਸੰਬੰਧੀ ਦਸਤਾਵੇਜ ਪ੍ਰਦਾਨ ਕੀਤੇ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਇਸ ਖੋਜ ਕਾਰਜਾਂ ਅਤੇ ਪ੍ਰਾਪਤੀ ਲਈ ਵਿਭਾਗ ਦੇ ਸਾਇੰਸਦਾਨਾਂ ਨੂੰ ਵਧਾਈ ਦਿੱਤੀ। ਇਸ ਬਾਰੇ ਜਾਣਕਾਰੀ ਦਿੰਦਿਆਂ ਵਿਭਾਗ ਦੇ ਮੁਖੀ ਡਾ: ਪੁਸ਼ਪਿੰਦਰ ਸਿੰਘ ਔਲਖ ਨੇ ਦੱਸਿਆ ਕਿ ਵਿਭਾਗ ਵੱਲੋਂ ਚਲਾਏ ਜਾ ਰਹੇ ਅਮਰੂਦ ਅਤੇ ਅੰਗੂਰਾਂ ਦੀ ਖੋਜ ਸੰਬੰਧੀ ਕੌਮਾਂਤਰੀ ਪੱਧਰ ਦੇ ਇਕ ਪ੍ਰੋਜੈਕਟ ਦੀ ਇਸ ਟੀਮ ਵਿੱਚ ਉਨ੍ਹਾਂ ਤੋਂ ਇਲਾਵਾ ਡਾ: ਮਨਵਿੰਦਰ ਸਿੰਘ ਗਿੱਲ, ਡਾ: ਨਰੇਸ਼ ਕੁਮਾਰ ਅਰੋੜਾ ਅਤੇ ਡਾ: ਨਵਜੋਤ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਕੌਮਾਂਤਰੀ ਖੇਤੀਬਾੜੀ ਖੋਜ ਕੌਂਸਲ ਦੇ ਡਿਪਟੀ ਡਾਇਰੈਕਟਰ ਬਾਗਬਾਨੀ ਡਾ: ਐਚ ਪੀ ਸਿੰਘ ਨੇ ਵਿਭਾਗ ਵੱਲੋਂ ਫ਼ਲਾਂ ਦੀ ਪ੍ਰੋਸੈਸਿੰਗ ਸੰਬੰਧੀ ਇਕ ਦਸਤਾਵੇਜ ਵੀ ਜਾਰੀ ਕੀਤਾ ।

ਖੇਤੀਬਾੜੀ ਯੂਨੀਵਰਸਿਟੀ ਦੇ ਸਾਇੰਸਦਾਨ ਨੂੰ ਕੌਮਾਂਤਰੀ ਪੱਧਰ ਤੇ ਐਵਾਰਡ ਹਾਸਿਲ
ਲੁਧਿਆਣਾ: 12 ਅਕਤੂਬਰ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਇੰਸਦਾਨ ਡਾ: ਮੁਹੰਮਦ ਸ਼ਫੀਕ ਆਲਮ ਨੂੰ ਭੋਜਨ ਅਤੇ ਪ੍ਰੋਸੈਸਿੰਗ ਇੰਜੀਨੀਅਰਿੰਗ ਦੇ ਖੇਤਰ ਵਿੱਚ ਵਡਮੁੱਲਾ ਯੋਗਦਾਨ ਪਾਉਣ ਲਈ ਕੌਮਾਂਤਰੀ ਪੱਧਰ ਤੇ ਐਵਾਰਡ ”ਕੰਵਰ ਸਕਸੈਨਾ ਬਹਾਦਰ ਐਵਾਰਡ 2011 ਨਾਲ ਸਨਮਾਨਿਤ ਕੀਤਾ ਗਿਆ। ਡਾ: ਆਲਮ ਨੂੰ ਇਹ ਐਵਾਰਡ ਸ: ਵਲੱਭ ਭਾਈ ਪਟੇਲ ਯੂਨੀਵਰਸਿਟੀ ਵਿਖੇ ਆਯੋਜਿਤ ਅੰਤਰ ਰਾਸ਼ਟਰੀ ਪੱਧਰ ਦੀ ਵਾਤਾਵਰਨ ਵਿੱਚ ਤਬਦੀਲੀ ਨਾਲ ਸਬੰਧਿਤ ਕਾਨਫਰੰਸ ਦੌਰਾਨ ਦਿੱਤਾ ਗਿਆ। ਇਸ ਤੋਂ ਪਹਿਲਾਂ ਡਾ: ਆਲਮ ਨੂੰ ਲਾਲ ਬਹਾਦਰ ਸਾਸ਼ਤਰੀ ਯੰਗ ਸਾਇੰਟਿਸਟ ਐਵਾਰਡ ਅਤੇ ਪੰਜਾਬ ਅਕੈਡਮੀ ਆਫ ਸਾਇੰਸ ਵੱਲੋਂ ਵੀ ਯੰਗ ਸਾਇੰਟਿਸਟ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।

Translate »