ਗੁਰੂ ਰਵੀਦਾਸ ਆਯੂਰਵੈਦ ਯੂਨੀਵਰਸਿਟੀ ਦੀ ਸਥਾਪਨਾ ਲਈ ਧੰਨਵਾਦ ਦਾ ਪ੍ਰਗਟਾਵਾ
ਚੰਡੀਗੜ੍ਹ – ਸ਼੍ਰੀ ਗੁਰੂ ਰਵੀਦਾਸ ਸਾਧੂ ਸੰਪਰਦਾਏ ਸਭਾ ਦਾ ਇਕ 15 ਮੈਂਬਰੀ ਵਫਦ ਡੇਰਾ ਰਾਏਪੁਰ ਰਸੂਲਪੁਰ ਦੇ ਸੰਤ ਬਾਬਾ ਨਿਰਮਲ ਦਾਸ ਦੀ ਅਗਵਾਈ ਵਿਚ ਅੱਜ ਇਥੇ ਪੰਜਾਬ ਦੇ ਮੁੱਖ ਮੰਤਰੀ ਸ ਪਰਕਾਸ਼ ਸਿੰਘ ਬਾਦਲ ਨੂੰ ਉਹਨਾਂ ਦੀ ਰਿਹਾਇਸ਼ ਤੇ ਮਿਲਿਆ ਅਤੇ ਰਵੀਦਾਸ ਭਾਈਚਾਰੇ ਦੀ ਤਰਫੋਂ ਸ ਬਾਦਲ ਦਾ ਹੁਸਿਆਰਪੁਰ ਜਿਲ੍ਹੇ ਦੇ ਪਿੰਡ ਖੜਕਾਂ ਵਿਖੇ ਗੁਰੂ ਰਵੀਦਾਸ ਆਯੂਰਵੈਦ ਯੂਨੀਵਰਸਿਟੀ ਦੀ ਸਥਾਪਨਾ ਲਈ ਧੰਨਵਾਦ ਦਾ ਪ੍ਰਗਟਾਵਾ ਕੀਤਾ।
ਮੁੱਖ ਮੰਤਰੀ ਦਾ ਧੰਨਵਾਦ ਕਰਦੇ ਹੋਏ ਸੰਤ ਬਾਬਾ ਨਿਰਮਲ ਦਾਸ ਨੇ ਕਿਹਾ ਕਿ ਮਹਾਨ ਸੰਤ ਸ਼੍ਰੀ ਗੁਰੂ ਰਵੀਦਾਸ ਜੀ ਦੇ ਨਾਂ ਤੇ ਆਯੂਰਵੈਦ ਯੂਨੀਵਰਸਿਟੀ ਸਥਾਪਤ ਕਰਨ ਲਈ ਸਮੁੱਚਾ ਰਵੀਦਾਸ ਭਾਈਚਾਰਾ ਸ ਬਾਦਲ ਦਾ ਰਿਣੀ ਰਹੇਗਾ। ਉਹਨਾਂ ਕਿਹਾ ਕਿ ਇਸ ਯੂਨੀਵਰਸਿਟੀ ਦੀ ਸਥਾਪਨਾ ਕਰਨਾ ਗਰੀਬ ਅਤੇ ਕਮਜੋਰ ਵਰਗਾਂ ਦੇ ਮਸੀਹਾ ਸ਼੍ਰੀ ਗੁਰੂ ਰਵੀਦਾਸ ਨੂੰ ਇਕ ਸੱਚੀ ਸ਼ਰਧਾਂਜਲੀ ਹੈ ।
ਵਫਦ ਨਾਲ ਗੱਲਬਾਤ ਦੋਰਾਨ ਸ ਬਾਦਲ ਨੇ ਸ਼੍ਰੀ ਗੁਰੂ ਰਵੀਦਾਸ ਸਾਧੂ ਸੰਪਰਦਾਏ ਸਭਾ ਵਲੋ ਸਮਾਜ ਵਿਚ ਨਸ਼ਿਆਂ ਅਤੇ ਭਰੂਣ ਹੱਤਿਆ ਵਰਗੀਆਂ ਬੁਰਾਈਆਂ ਨੂੰ ਰੋਕਣ ਲਈ ਜਨਤਾ ਦਰਮਿਆਨ ਸਿੱਖਿਆ ਅਤੇ ਸਮਾਜ ਸੇਵਾ ਰਾਹੀਂ ਜਾਗਰੂਕਤਾ ਲਿਆਉਣ ਲਈ ਕੀਤੇ ਯਤਨਾਂ ਸਬੰਧੀ ਸਭਾ ਦੀ ਸ਼ਲਾਘਾ ਕੀਤੀ।
ਬਾਬਾ ਨਿਰਮਲ ਦਾਸ ਵਲੋ ਜਲੰਧਰ ਜਿਲ੍ਹੇ ਦੇ ਪਿੰਡ ਚੂੜਵਲੀ ਵਿਖੇ ਪੰਜ ਏਕੜ ਦੇ ਰਕਬੇ ਵਿਚ ਸ਼੍ਰੀ ਗੁਰੂ ਰਵੀਦਾਸ ਜੀ ਦੇ ਨਾਂ ਤੇ ਉਦਯੋਗਿਕ ਸਿਖਲਾਈ ਸੰਸਥਾ ਦੀ ਸਥਾਪਨਾ ਦੀ ਮੰਗ ਦੇ ਮੱਦੇਨਜਰ ਸ ਬਾਦਲ ਨੇ ਉਹਨਾਂ ਨੂੰ ਭਰੋਸਾ ਦਿਵਾਇਆ ਕਿ ਉਹ ਜਲਦੀ ਹੀ ਤਕਨੀਕੀ ਸਿੱਖਿਆ ਤੇ ਉਦਯੋਗਿਕ ਵਿਭਾਗ ਤੋ ਇਸ ਆਈ ਟੀ ਆਈ ਦੀ ਸਥਾਪਨਾ ਦਾ ਨਿਰੀਖਣ ਕਰਵਾਉਣਗੇ। ਸ ਬਾਦਲ ਨੇ ਵਫਦ ਦੇ ਮੈਂਬਰਾਂ ਨੂੰ ਆਉਣ ਵਾਲੇ ਦਿਨਾ ਵਿਚ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਖਾਲਸਾ ਵਿਰਾਸਤੀ ਕੰਪਲੈਕਸ ਅਤੇ ਵੱਡਾ ਤੇ ਛੋਟਾ ਘੱਲੂਘਾਰਾ ਅਤੇ ਚੱਪੜਚਿੜੀ ਯਾਦਗਾਰਾਂ ਦੇ ਉਦਘਾਟਨੀ ਸਮਾਰੋਹਾਂ ਵਿਚ ਸ਼ਾਮਲ ਹੋਣ ਦਾ ਸੱਦਾ ਵੀ ਦਿੱਤਾ। ਉਹਨਾਂ ਦੀ ਇਕ ਹੋਰ ਮੰਗ ਨੂੰ ਸਹਿਮਤੀ ਦਿੰਦੇ ਹੋਏ ਸ ਬਾਦਲ ਨੇ ਡਿਪਟੀ ਕਮਿਸਨਰ ਰੂਪ ਨਗਰ ਨੂੰ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਧਰਮਸ਼ਾਲਾ ਦੀ ਉਸਾਰੀ ਲਈ ਚਾਰ ਕਨਾਲ ਦਾ ਪਲਾਟ ਅਲਾਟ ਕਰਨ ਦੀ ਹਦਾਇਤ ਕੀਤੀ।
ਬਾਅਦ ਵਿਚ ਮੁੱਖਮੰਤਰੀ ਨੇ ਵਫਦ ਦੇ ਸਾਰੇ ਮੈਂਬਰਾਂ ਨੂੰ ਸਿਰੋਪਾ ਭੇਂਟ ਕੀਤੇ।
ਮੀਟਿੰਗ ਵਿਚ ਹੋਰਨਾ ਦੇ ਇਲਾਵਾ ਮੈਂਬਰ ਰਾਜ ਸਭਾ ਸ਼ੀ ਅਵਿਨਾਸ਼ ਰਾਏ ਖੰਨਾ, ਪ੍ਰੁਮੁੱਖ ਸਕੱਤਰ/ਮੁੱਖ ਮੰਤਰੀ ਸ਼੍ਰੀ ਡੀ ਐਸ ਗੁਰੂ, ਜਨਰਲ ਸਕੱਤਰ ਭਾਜਪਾ ਸ਼੍ਰੀ ਰਾਜੇਸ਼ ਬੱਗਾ ਅਤੇ ਸੰਤ ਭਗਵਾਨ ਦਾਸ, ਸੰਤ ਨਿਰਮਲ ਸਿੰਘ, ਸੰਤ ਚੰਦਨ ਹੰਸ, ਸੰਤ ਟਹਿਲ ਨਾਥ, ਸਤਵਿੰਦਰ ਸਿੰਘ, ਸੰਤ ਬਾਬਾ ਨੀਨਾ ਜੇਜੋਂ ਵਾਲੇ, ਸੰਤ ਕੁਲਵੰਤ ਰਾਮ ਅਤੇ ਸੰਤ ਹਰਚਰਨ ਦਾਸ ਸ਼ਾਮਲ ਸਨ।