ਫਤਹਿਗੜ੍ਹ ਸਾਹਿਬ- ਜ਼ਿਲ੍ਹਾ ਮੈਜਿਸਟਰੇਟ ਸ੍ਰੀ ਯਸ਼ਵੀਰ ਮਹਾਜਨ ਨੇ ਫੌਜਦਾਰੀ ਜਾਬਤਾ ਸੰਘਤਾ 1973 (2 ਆਫ ਦਾ 1974) ਦੀ ਧਾਰਾ 144 ਅਧੀਨ ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਜ਼ਿਲ੍ਹੇ ਦੀ ਹੱਦ ਅੰਦਰ ਕਿਸੇ ਵੀ ਵਿਅਕਤੀ ਵੱਲੋਂ ਸਬੰਧਤ ਉੱਪ ਮੰਡਲ ਮੈਜਿਸਟਰੇਟ ਦੀ ਪੂਰਵ ਪ੍ਰਵਾਨਗੀ ਜਾਂ ਲਾਈਸੰਸ ਲਏ ਤੋਂ ਬਿਨਾਂ ਪਟਾਕਿਆਂ ਨੂੰ ਵੇਚਣ ਅਤੇ ਸਟੋਰ ਕਰਨ ਤੇ ਪੂਰਨ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ । ਇਨ੍ਹਾਂ ਹੁਕਮਾਂ ਅਧੀਨ ਉੱਪ ਮੰਡਲ ਮੈਜਿਸਟਰੇਟ ਵੱਲੋਂ ਘੱਟ ਤੋਂ ਘੱਟ ਲਾਈਸੰਸ ਜਾਰੀ ਕੀਤੇ ਜਾਣਗੇ ਅਤੇ ਲਾਈਸੰਸ ਜਾਰੀ ਕਰਨ ਤੋਂ ਪਹਿਲਾਂ ਐਕਸਪਲੋਸਿਵ ਐਕਟ 1984 ਅਤੇ ਐਕਸਪਲੋਸਿਵ ਰੂਲਜ 1983 ਦੀ ਸਖਤੀ ਨਾਲ ਪਾਲਣਾ ਕਰਨ, ਕਿਸੇ ਵੀ ਰਿਹਾਇਸ਼ੀ ਅਤੇ ਭੀੜ ਭੜੱਕੇ ਵਾਲੀ ਥਾਂ ਤੇ ਪਟਾਕੇ ਵੇਚਣ ਅਤੇ ਸਟੋਰ ਕਰਨ ਦੀ ਪ੍ਰਵਾਨਗੀ ਨਹੀਂ ਦਿੱਤੀ ਜਾਵੇਗੀ ਅਤੇ ਪ੍ਰਵਾਨਗੀ ਦੇਣ ਸਮੇਂ ਉੱਪ ਮੰਡਲ ਮੈਜਿਸਟਰੇਟ ਵੱਲੋਂ ਰਿਹਾਇਸ਼ੀ, ਮਾਰਕੀਟ ਅਤੇ ਸੰਘਣੀ ਆਬਾਦੀ ਵਾਲੇ ਏਰੀਏ ਤੋਂ ਬਾਹਰ ਦੀ ਜਗ੍ਹਾ ਦੀ ਸ਼ਨਾਖਤ ਕਰਕੇ ਹੀ ਲਾਈਸੰਸ ਜਾਰੀ ਕੀਤੇ ਜਾਣਗੇ। ਜ਼ਿਲ੍ਹੇ ਵਿੱਚ ਇਹ ਹੁਕਮ 14 ਨਵੰਬਰ 2011 ਤੱਕ ਲਾਗੂ ਰਹਿਣਗੇ।