October 14, 2011 admin

ਵੈਟਨਰੀ ਯੂਨੀਵਰਸਿਟੀ ਯੁਵਕ ਮੇਲੇ ਵਿੱਚ ਸ਼ਬਦ ਗਾਇਨ ਅਤੇ ਨਾਟਕੀ ਵਿਧਾਵਾਂ ਦਾ ਮੰਚਨ

ਲੁਧਿਆਣਾ – ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਯੁਵਕ ਮੇਲੇ ਵਿੱਚ ਜਿੱਥੇ ਅੱਜ ਅਧਿਆਤਮਕ ਰੰਗਤ ਦੀ ਝਲਕ ਦਿਸੀ ਉੱਥੇ ਸਮਾਜਿਕ ਅਤੇ ਭਾਵਨਾਤਮਕ ਮੁੱਦੇ ਵੀ ਆਪਣੇ ਪੂਰੇ ਪ੍ਰਭਾਵ ਨਾਲ ਸਾਹਮਣੇ ਆਏ। ਵੇਲਾ ਸੀ ਸ਼ਬਦ ਗਾਇਨ, ਮਾਇਮ, ਮਿਮਕਰੀ ਅਤੇ ਇਕਾਂਗੀ ਨਾਟਕਾਂ ਦੇ ਮੁਕਾਬਲਿਆਂ ਦਾ। ਸਵੇਰ ਦੇ ਸੈਸ਼ਨ ਵਿੱਚ ਸ਼ਬਦ ਗਾਇਨ ਦੇ ਸਮੂਹਕ ਅਤੇ ਏਕਲ ਮੁਕਾਬਲੇ ਕਰਵਾਏ ਗਏ ਅਤੇ ਦੁਪਹਿਰ ਬਾਅਦ ਦੇ ਸੈਸ਼ਨ ਵਿੱਚ ਨਾਟਕੀ ਕਲਾਵਾਂ ਦਾ ਮੰਚਨ ਕੀਤਾ ਗਿਆ। ਨਾਟਕ ਮੁਕਾਬਲੇ ਵਿੱਚ ਜਿੱਥੇ ਪਰਿਵਾਰਕ ਅਤੇ ਸਮਾਜਿਕ ਸਮੱਸਿਆਵਾਂ ਨੂੰ ਚਿਤਿਰਿਆ ਗਿਆ, ਉੱਥੇ ਚੌਗਿਰਦੇ ਦੀ ਸੰਭਾਲ ਤੇ ਵੀ ਰੌਸ਼ਨੀ ਪਾਈ ਗਈ।
ਪ੍ਰੋ. ਪਾਲੀ ਭੁਪਿੰਦਰ ਦੇ ਲਿਖੇ ਦੋ ਨਾਟਕਾਂ ਦਾ ਮੰਚਨ ਕੀਤਾ ਗਿਆ ਹੈ ‘ਘਰ ਗੁੰਮ ਹੈ’ ਨੇ ਜਿੱਥੇ ਟੁੱਟ ਰਹੇ ਪਰਿਵਾਰਾਂ ਅਤੇ ਬੱਚਿਆਂ ਦੇ ਸੰਤਾਪ ਦੀ ਗਾਥਾ ਚਿਤਰੀ ਉੱਥੇ ’15 ਅਗਸਤ’ ਅਜੌਕੀ ਰਾਜਨੀਤੀ ਤੇ ਤਿੱਖਾ ਵਿਅੰਗ ਸੀ। ‘ਨੀਰ ਨਿਰੂਪਣ’ ਨਾਟਕ ਪਾਣੀ ਦੀ ਵਿਕਰਾਲ ਹੋ ਰਹੀ ਸਮੱਸਿਆ ਦੀ ਪੇਸ਼ਕਾਰੀ ਸੀ।ਭਰੂਣ ਹੱਤਿਆ ਦੇ ਦੁਖਾਂਤ ਨੂੰ ਨਾਟਕ ‘ਸਿਸਕੀਆਂ’ ਨੇ ਉਭਾਰਿਆ। ਨਾਟਕ ‘ਮੁਕਤੀ’ ਬਜ਼ੁਰਗਾਂ ਦੀ ਅਜੋਕੇ ਸਮਾਜ ਵਿੱਚ ਹੋ ਰਹੀ ਦੁਰਗਤੀ ਨੂੰ ਮੁਖਾਤਿਬ ਸੀ ਅਤੇ ‘ਜਦੋਂ ਚੰਨ ਰੋਟੀ ਲਗਦਾ ਹੈ’ ਸਮਾਜ ਦੇ ਆਰਥਿਕ ਪਾੜੇ ਨੂੰ ਦਰਸਾਉਂਦਾ ਸੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੁੱਲੇ ਰੰਗ ਮੰਚ ਤੇ ਦਰਸ਼ਕਾਂ ਨੇ ਇਨ੍ਹਾਂ ਕਲਾਵਾਂ ਦਾ ਪੂਰਣ ਆਨੰਦ ਮਾਣਿਆ।
ਅੱਜ ਦੇ ਮੁਕਾਬਲਿਆਂ ਵਿੱਚ ਯੂਨੀਵਰਸਿਟੀ ਦੇ ਤਿੰਨੋਂ ਕਾਲਜਾਂ ਦੇ ਨਾਲ ਸਕੂਲ ਆਫ ਐਨੀਮਲ ਬਾਇਓਟੈਕਨਾਲੋਜੀ, ਵੈਟਨਰੀ ਪਾਲੀਟੈਕਨਿਕ ਕਾਲਝਰਾਣੀ, ਬਠਿੰਡਾ ਅਤੇ ਖਾਲਸਾ ਕਾਲਜ ਆਫ ਵੈਟਨਰੀ ਸਾਇੰਸ, ਅੰਮ੍ਰਿਤਸਰ ਨੇ ਹਿੱਸਾ ਲਿਆ।ਯੁਵਕ ਮੇਲੇ ਦੇ ਪ੍ਰਬੰਧਕੀ ਸਕੱਤਰ ਡਾ. ਦਰਸ਼ਨ ਸਿੰਘ ਔਲਖ ਨੇ ਦੱਸਿਆ ਕਿ ਕੱਲ ਦੇ ਮੁਕਾਬਲਿਆਂ ਵਿੱਚ ਸਵੇਰ ਦੇ ਸੈਸ਼ਨ ਵਿੱਚ ਸਕਿਟ ਅਤੇ ਮੋਨੋ ਐਕਟਿੰਗ ਦੇ ਮੁਕਾਬਲੇ ਹੋਣਗੇ ਜਦਕਿ ਦੁਪਹਿਰ ਦੇ ਮੁਕਾਬਲਿਆਂ ਵਿੱਚ ਲੋਕ ਨਾਚ (ਭੰਗੜਾ, ਗਿੱਧਾ) ਪ੍ਰਦਰਸ਼ਿਤ ਕੀਤੇ ਜਾਣਗੇ। ਮੁਕਾਬਲਿਆਂ ਤੋਂ ਬਾਅਦ ਇਨਾਮ ਵੰਡ ਸਮਾਰੋਹ ਹੋਏਗਾ ਜਿਸ ਉਪਰੰਤ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਾਏਗਾ। ਡਾ. ਔਲਖ ਨੇ ਦੱਸਿਆ ਕਿ ਉੱਘੇ ਮਜ਼ਾਹੀਆ ਕਲਾਕਾਰ ਮਿਹਰ ਮਿੱਤਲ ਅਤੇ ਭਜਨਾ ਅਮਲੀ (ਗੁਰਦੇਵ ਢਿੱਲੋਂ) ਵੀ ਸ਼ਾਮ ਦੀ ਮਹਿਫ਼ਿਲ ਦਾ ਸ਼ਿੰਗਾਰ ਹੋਣਗੇ।  ਡਾ. ਸਤਿੰਦਰ ਪਾਲ ਸਿੰਘ ਸੰਘਾ ਨਿਰਦੇਸ਼ਕ ਵਿਦਿਆਰਥੀ ਭਲਾਈ ਨੇ ਦੱਸਿਆ ਕਿ ਕੱਲ ਦੇ ਸਮਾਗਮ ਦੇ ਮੁਖ ਮਹਿਮਾਨ ਡਾ. ਬਲਦੇਵ ਸਿੰਘ ਢਿੱਲੋਂ, ਉਪ ਕੁਲਪਤੀ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਹੋਣਗੇ ਅਤੇ ਡਾ. ਵਿਜੇ ਕੁਮਾਰ ਤਨੇਜਾ ਉਪ ਕੁਲਪਤੀ ਵੈਟਨਰੀ ਯੂਨੀਵਰਸਿਟੀ ਸਮਾਰੋਹ ਦੀ ਪ੍ਰਧਾਨਗੀ ਕਰਨਗੇ।

Translate »