ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਅੰਤਰ ਰਾਸ਼ਟਰੀ ਪੱਧਰ ਦੀ ਉੱਘੀ ਨਿੱਜੀ ਕੰਪਨੀ ਸਿੰਜੈਂਟਾ ਵਿਚਾਲੇ ਖੋਜ ਅਤੇ ਪਸਾਰ ਨੂੰ ਹੋਰ ਮਜ਼ਬੂਤ ਕਰਨ ਲਈ ਇਕਰਾਰਨਾਮਾ ਹੋਇਆ । ਰਸਮੀ ਤੌਰ ਤੇ ਇਸ ਇਕਰਾਰਨਾਮੇ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਡਾ: ਬਲਦੇਵ ਸਿੰਘ ਢਿੱਲੋਂ ਅਤੇ ਸਿੰਜੈਂਟਾ ਕੰਪਨੀ ਦੇ ਦੱਖਣੀ ਏਸ਼ੀਆ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਅਕਸ਼ੇ ਕਾਮਤ ਨੇ ਹਸਤਾਖਰ ਕੀਤੇ। ਰਸਮੀ ਤੌਰ ਤੇ ਇਹ ਸਮਾਗਮ ਵਾਈਸ ਚਾਂਸਲਰ ਦੇ ਕਮੇਟੀ ਰੂਮ ਵਿੱਚ ਆਯੋਜਿਤ ਕੀਤਾ ਗਿਆ ਜਿਸ ਵਿੱਚ ਯੂਨੀਵਰਸਿਟੀ ਦੇ ਸਾਰੇ ਡੀਨਜ ਡਾਇਰੈਕਟਰਾਂ ਤੋਂ ਇਲਾਵਾ ਸਿੰਜੈਂਟਾ ਕੰਪਨੀ ਵੱਲੋਂ ਇਕ ਵਫਦ ਨੇ ਵੀ ਭਾਗ ਲਿਆ। ਇਸ ਮੌਕੇ ਡਾ: ਢਿੱਲੋਂ ਨੇ ਸੁਆਗਤੀ ਭਾਸ਼ਣ ਵਿੱਚ ਕਿਹਾ ਕਿ ਅਜਿਹੇ ਇਕਰਾਰਨਾਮੇ ਪੰਜਾਬ ਦੀ ਕਿਰਸਾਨੀ ਨੂੰ ਅਗਾਂਹ ਵਧਾਉਣ ਲਈ ਅਤੇ ਦੇਸ਼ ਦੀ ਭੋਜਨ ਸੁਰੱਖਿਆ ਲਈ ਅਹਿਮ ਯੋਗਦਾਨ ਪਾਉਂਦੇ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਸਮਿਆਂ ਦੌਰਾਨ ਸੰਯੁਕਤ ਰੂਪ ਵਿੱਚ ਖੇਤੀਬਾੜੀ ਯੂਨੀਵਰਸਿਟੀ ਅਤੇ ਸਿੰਜੈਂਟਾ ਕੰਪਨੀ ਵੱਲੋਂ ਨੇਪਰੇ ਚਾੜੇ ਗਏ ਹਨ। ਇਸ ਮੌਕੇ ਸਿੰਜੈਂਟਾ ਕੰਪਨੀ ਵੱਲੋਂ ਸ਼੍ਰੀ ਰਾਜੇਸ਼ ਜੈਨ ਨੇ ਦੱਸਿਆ ਕਿ ਸਿੰਜੈਂਟਾ ਕੰਪਨੀ ਕੀਟਨਾਸ਼ਕਾਂ, ਬੀਜ ਉਤਪਾਦਨ, ਬਾਗਬਾਨੀ ਆਦਿ ਦੇ ਖੇਤਰ ਵਿੱਚ ਦੁਨੀਆਂ ਦੀ ਅਗਲੇਰੀ ਕੰਪਨੀਆਂ ਵਿੱਚੋਂ ਅਖਵਾਈ ਜਾਂਦੀ ਹੈ। ਸ਼੍ਰੀ ਕਾਮਤ ਨੇ ਆਪਣੇ ਧੰਨਵਾਦੀ ਸ਼ਬਦਾਂ ਵਿੱਚ ਕਿਹਾ ਕਿ ਉਹ ਇਸ ਇਕਰਾਰਨਾਮੇ ਨਾਲ ਮਾਣ ਮਹਿਸੂਸ ਕਰਦੇ ਹਨ ਕਿ ਇਹ ਇਕਰਾਰਨਾਮਾ ਦੇਸ਼ ਦੀ ਮੋਹਰੀ ਯੂਨੀਵਰਸਿਟੀ ਦੇ ਨਾਲ ਕੀਤਾ ਗਿਆ ਹੈ ਜਿਸ ਦਾ ਦੇਸ਼ ਵਿੱਚ ਹਰਾ ਇਨਕਲਾਬ ਲਿਆਉਣ ਲਈ ਅਹਿਮ ਰੋਲ ਰਿਹਾ ਹੈ।