October 14, 2011 admin

ਪੰਜਾਬੀ ਗ਼ਜ਼ਲ ਦੇ ਨਾਮਵਰ ਹਸਤਾਖਰ- ਸ. ਸ਼ਮਸ਼ੇਰ ਸਿੰਘ ਸੰਧੂ ਦਾ ਸਨਮਾਨ ਸਮਾਰੋਹ

ਸੁਰਿੰਦਰ ਗੀਤ [ਕੈਲਗਰੀ] ਪੰਜਾਬੀ ਸਾਹਿਤ ਸਭਾ ਕੈਲਗਰੀ ਵਲੋਂ ਪੰਜਾਬੀ ਜਗਤ ਦੇ ਪ੍ਰਸਿਧ ਸਾਹਿਤਕਾਰ ਅਤੇ ਗ਼ਜਲ਼ਕਾਰ ਦਾ ਸ. ਸ਼ਮਸ਼ੇਰ ਸਿੰਘ ਸੰਧੂ ਦੀਆਂ ਸਾਹਿਤਕ ਪ੍ਰਾਪਤੀਆਂ, ਪੰਜਾਬੀ ਬੋਲੀ ਦੇ ਵਾਧੇ ਅਤੇ ਪੰਜਾਬੀ ਸਾਹਿਤ ਵਿੱਚ ਪਾਏ ਵਡਮੁੱਲੇ ਯੋਗਦਾਨ ਲਈ 25 ਸਿਤੰਬਰ 2011 ਨੂੰ ਕੈਲਗਰੀ ਦੇ ਪਾਈਨਰਿਜ਼ ਕਮਿਊਨਿਟੀ ਹਾਲ ਵਿਚ ਇਕ ਸ਼ਾਨਦਾਰ ਸਨਮਾਨ ਸਮਾਰੋਹ ਅਯੋਜਿਤ ਕੀਤਾ ਗਿਆ। ਇਸ ਸਮਾਗਮ ਵਿਚ ਜਿੱਥੇ ਸ. ਸ਼ਮਸ਼ੇਰ ਸਿੰਘ ਸੰਧੂ [ਰਿਟ: ਡਿਪਟੀ ਡਾਇਰੈਕਟਰ ਸਿਖਿਆ ਵਿਭਾਗ ਪੰਜਾਬ] ਦੀ ਕਾਵਿਕ ਦ੍ਰਿਸਟੀ ਦੀ ਰਜਵੀਂ ਸਲਾਘਾ ਕੀਤੀ ਗਈ ਓਥੇ ਉਹਨਾਂ ਦੀ ਮਿਹਨਤ, ਸਿਰੜ ਅਤੇ ਪਰਪੱਕ ਇਰਾਦੇ ਨੂੰ ਵੀ ਹਰ ਇਕ ਆਏ ਮਹਿਮਾਨ ਨੇ ਸਲਾਮ ਕੀਤੀ।
            ਮੌਸਮਾਂ ਦੇ ਰਹਿਮ ਨੂੰ ਪਰਵਾਨ ਨਾ ਕਰਦੀ ਕਦੇ
ਜੋ ਹਵਾਵਾਂ ਚੀਰਦੀ ਉਹ ਹੀ ਕਹਾਉਂਦੀ ਜਿੰਦਗੀ।
ਪੰਜਾਬੀ ਸਾਹਿਤ ਸਭਾ ਦੀ ਪ੍ਰਧਾਨ ਸੁਰਿੰਦਰ ਗੀਤ ਨੇ ਆਪਣੇ ਪ੍ਰਧਾਨਗੀ ਭਾਸ਼ਨ ਵਿੱਚ ਸ. ਸੰਧੂ ਨੂੰ ਇਕ ਉਘਾ ਪੰਜਾਬੀ ਗ਼ਜ਼ਲਕਾਰ ਆਖਦਿਆਂ ਕਿਹਾ ਕਿ ਇਹ ਉਹਨਾਂ ਦੀ ਮਿਹਨਤ ਦਾ ਸਦਕਾ ਹੀ ਹੈ ਕਿ 65 ਸਾਲ ਦੀ ਉਮਰ ਵਿਚ ਗ਼ਜ਼ਲ ਲਿਖਣੀ ਸੁਰੂ ਕਰਕੇ ਕੁਝ ਹੀ ਸਾਲਾਂ ਵਿੱਚ ਆਪਣੇ ਮਨ ਦਾ ਅਜੇਹਾ ਮਣਕਾ ਫੇਰਿਆ ਕਿ 500 ਤੋਂ ਵੱਧ ਖੁਬਸੂਰਤ ਗ਼ਜ਼ਲਾਂ ਤੇ ਅਧਾਰਤ 6 ਪੁਸਤਕਾਂ ‘ਗਾ ਜਿੰਦਗੀ ਦੇ ਗੀਤ ਤੂੰ’ 2003, ’ਜੋਤ ਸਾਹਸ ਦੀ ਜਗਾ’ 2005, ‘ਬਣ ਸ਼ੁਆ ਤੂੰ’ 2006, ‘ਰੋਸ਼ਨੀ  ਦੀ ਭਾਲ਼’ 2007, ‘ਸੁਲਗਦੀ ਲੀਕ’ 2008, ਅਤੇ ‘ਢਲ਼ ਰਹੇ ਐ ਸੂਰਜਾ’ 2011, ਲਿੱਖੀਆਂ। ਸ. ਸੰਧੂ ਦੀ ਗ਼ਜ਼ਲ ਪ੍ਰਵਾਸੀ ਗ਼ਜ਼ਲ ਦੀ ਪ੍ਰਤੀਨਿਧਤਾ ਕਰਨ ਦੇ ਯੋਗ ਹੈ।
ਪ੍ਰੋ. ਸੰਧੂ ਦੀਆਂ ਗ਼ਜ਼ਲਾਂ ਵਿੱਚ ਬ੍ਰਿਹਾ, ਇਸ਼਼ਕ ਅਤੇ ਪ੍ਰੇਮ ਤਾਂ ਦਰਜ ਹਨ ਹੀ ਪਰ ਰੋਸ ਵਰਗੇ ਵਿਸ਼ੇ ਵੀ ਉਭਰਕੇ ਸਾਹਮਣੇ ਆਏ ਹਨ। ਮਨੁੱਖਤਾ ਪ੍ਰਤੀ ਵੱਡੇ ਸਰੋਕਾਰ ਵੀ ਗ਼ਜ਼ਲਾਂ ਵਿੱਚ ਚਿਤਰਤ ਹੋਏ ਹਨ। ਗ਼ਜ਼ਲਾਂ ਦਾ ਸਮੁੱਚਾ ਪ੍ਰਭਾਵ ਬਹੁ-ਰੰਗੀ ਹੈ। ਨੁਮਾਇਆ ਰੰਗ ਮਨੁੱਖਤਾ ਵਾਦੀ ਹੈ। ਪੇ੍ਮ ਵਿਗੂਤੇ ਮਨ ਦੀਆਂ ਕਸਕਾਂ ਹਨ ਇਹ ਸਾਰੀ ਦੀ ਸਾਰੀ ਸ਼ਾਇਰੀ। ਜਿਹੜਾ ਮਨ ਪੇ੍ਮ ਵਿੱਚ ਗੜੁੱਚ ਨਹੀਂ ਉਹ ਸੰਸਾਰ ਦੇ ਭਲੇ ਬਾਰੇ ਨਹੀਂ ਸੋਚ ਸਕਦਾ। ਸ਼ਬਦ ਕਵੀ ਦੇ ਮਨ ਦਾ ਸ਼ੀਸ਼ਾ ਹੁੰਦੇ ਹਨ। ਸ. ਸੰਧੂ ਦੀ ਸ਼ਾਇਰੀ ਦੱਸਦੀ ਹੈ ਕਿ ਲੇਖਕ ਸਰਬੱਤ ਦਾ ਭਲਾ ਮੰਗਦਾ ਹੈ ਅਤੇ ਸੰਸਾਰ ਵਿੱਚ ਅਮਨ ਦੇਖਣ ਦਾ ਚਾਹਵਾਨ ਹੈ ।
ਸ. ਸੰਧੂ ਨੇ ਮੁਹਾਵਰੇ, ਬਿੰਬ, ਪਰਤੀਕਾਂ, ਨੇਤਿਕਤਾ, ਜਵਿਨ-ਜਾਚ, ਘਰ ਦਾ ਪਿਆਰ, ਦੇਸ਼ ਵਿਛੋੜੇ ਦੀ ਕਸਕ, ਸਮਾਜਿਕ ਬੁਰਾਈਆਂ, ਰਾਜਨੀਤਕ ਚੋਭਾਂ, ਆਪਾ ਵਾਰਦੀ ਸਵੈ ਪੜਚੋਲ ਦੀਆਂ ਝਲਕੀਆਂ ਨੂੰ ਦਿਲਕਸ਼ ਅਤੇ ਨਵੀਨ ਢੰਗ ਨਾਲ ਗ਼ਜ਼ਲਾਂ ਵਿੱਚ ਪੇਸ਼ ਕੀਤਾ ਹੈ। ਰੂਪਕ ਪੱਖ ਤੋਂ ਕਲਾਤਮਿਕ ਜੁਗਤਾਂ ਦੀ ਸਫ਼ਲ ਵਰਤੋਂ ਕੀਤੀ ਹੈ ।
ਸਾਰੀ ਧਰਤੀ ਨੂੰ ਮਾਂ ਸਮਝਣ ਵਾਲੇ ਇਸ ਸ਼ਾਇਰ ਨੇ ਏਸੇ ਭਾਵਨਾ ਅਧੀਨ 2003 ਵਿੱਚ ਕੈਨੇਡਾ ਦੇ ਰਾਸ਼ਟਰੀ ਗੀਤ ‘ਓ ਕੈਨੇਡਾ’ ਦਾ ਪੰਜਾਬੀ ਰੂਪ ਤਿਆਰ ਕਰਕੇ ਕੈਨੇਡਾ ਭਰ ਵਿੱਚ ਨਾਮਨਾ ਖੱਟਿਆ ਜਿਸ ਤੇ ਸਾਨੂੰ ਸਾਰਿਆਂ ਨੂੰ ਬੜਾ ਮਾਨ ਹੈ। ਉਸ ਨੇ ‘ਓ ਕੈਨੇਡਾ’ ਦਾ ਹਿੰਦੀ ਤੇ ਉਰਦੂ ਰੂਪਾਂਤਰ ਤਿਆਰ ਕਰਕੇ ਇਕ ਹੋਰ ਮੱਲ ਮਾਰੀ ਹੈ। 2005 ਵਿੱਚ ਜਦ ਕੈਨੇਡਾ ਦਾ ਅਲਬਰਟਾ ਸੂਬਾ ਆਪਣਾ 100ਵਾਂ ਜਨਮ ਦਿਨ ਮਨਾ ਰਿਹਾ ਸੀ ਤਾਂ ਸ਼ਮਸ਼ੇਰ ਸਿੰਘ ਸੰਧੂ ਨੇ ਮੈਰੀ ਕੈਫਟਨਬੈਲਡ ਦੁਆਰਾ ਲਿਖੇ ਗੀਤ ‘ਅਲਬਰਟਾ’ ਦਾ ਬਹੁਤ ਖੁ਼ਬਸੂਰਤ ਪੰਜਾਬੀ ਰੂਪਾਂਤਰ ਤਿਆਰ ਕੀਤਾ। ਉਸ ਦੀਆਂ ਇਹ ਪ੍ਰਾਪਤੀਆਂ ਕੈਨੇਡਾ ਦੇ ਇਤਹਾਸ ਵਿੱਚ ਸਦਾ ਯਾਦ ਰੱਖੀਆਂ ਤੇ ਸਰਾਹੀਆਂ ਜਾਣਗੀਆਂ।
ਸ਼ਮਸ਼ੇਰ ਸਿੰਘ ਸੰਧੂ ਦਾ ਤਿਆਰ ਕੀਤਾ ‘ਓ ਕੈਨੇਡਾ’ ਦਾ ਪੰਜਾਬੀ ਰੂਪ ਕੈਨੇਡਾ ਦੇ ਅਰਕਾਈਵਜ਼ ਵਿੱਚ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ‘ਓ ਕੈਨੇਡਾ’ ਦਾ ਪੰਜਾਬੀ ਰੂਪ ਅਤੇ ‘ਅਲਬਰਟਾ’ ਦਾ ਪੰਜਾਬੀ ਅਨੁਵਾਦ ਅਲਬਰਟਾ ਅਸੈਂਬਲੀ ਦੇ ਸਥਾਈ ਰੀਕਾਰਡ ਤੇ ਰੱਖੇ ਗਏ ਹਨ ਜੋ ਪੰਜਾਬੀਆਂ, ਪੰਜਾਬੀ ਬੋਲੀ ਅਤੇ ਸੰਧੂ ਲਈ ਬੜੇ ਮਾਨ ਦੀ ਗੱਲ ਹੈ।
ਸੁਰਿੰਦਰ ਗੀਤ ਨੇ ਦੱਸਿਆ ਕਿ ਸ੍ਰ. ਸੰਧੂ ਨੂੰ 31 ਅਗਸਤ 2002 ਨੂੰ ਸਿੱਖ ਵਰਸੇ ਨੇ ਸਨਮਾਨਿਤ ਕੀਤਾ। 16 ਮਈ 2003 ਨੂੰ ਪਰਵਾਸ ਟੀ. ਵੀ. ਕੈਲਗਰੀ ਨੇ ਸਾਹਿਤ ਵਿਚ ਯੋਗ ਦਾਨ ਲਈ ਸਨਮਾਨਿਤ ਕੀਤਾ, 13 ਜੂਨ  2003 ਨੂੰ ਵਾਈਲਡ ਰੋਜ਼ (ਵੈਨਕੂਵਰ) ਨੇ ਸਾਹਿਤ ਵਿਚ ਯੋਗ ਦਾਨ ਲਈ ਸਨਮਾਨਿਤ ਕੀਤਾ ਅਤੇ ਉਹਨਾਂ ਦੀ ਪੁਸਤਕ ‘ਗਾ ਜਿੰਦਗੀ ਦੇ ਗੀਤ ਤੂੰ’ ਲਈ ਲੁਧਿਆਣੇ ਸਥਿਤ ਸਹਿਤਕ ਸੰਸਥਾ ਸਿਰਜਨਧਾਰਾ ਨੇ 31 ਅਗਸਤ, 2003 ਨੂੰ ‘ਪੰਜਾਬ ਦੀ ਖੁਸ਼ਬੋ’ ਐਵਾਰਡ ਨਾਲ ਸਨਮਾਨਿਤ ਕੀਤਾ ਸੀ।
6 ਅਗਸਤ 2005 ਨੂੰ ਰੇਡੀਓ ਸੁਰ ਸੰਗਮ ਨੇ ਸਨਮਾਨਿਤ ਕੀਤਾ। ਦਸੰਬਰ 2005 ਵਿਚ ਅਲਬਰਟਾ ਸਰਕਾਰ ਵੱਲੋਂ ‘ਸਰਟੀਫੀਕੇਟ ਆਫ ਸੈਨਟੀਨੀਅਲ ਰੀਕਗਨੀਸ਼ਨ’ ਅਤੇ ਮੈਡਲ ਨਾਲ ਸਨਮਾਨਿਤ ਕੀਤਾ ਗਿਆ।
ਪੰਜਾਬੀ ਰਾਈਟਰਜ਼ ਕੋਅਪਰੇਟਿਵ ਸੋਸਾਇਟੀ ਲੁਧਿਆਣਾ- ਅੰਮ੍ਰਿਤਸਰ ਨੇ 23 ਫਰਵਰੀ 2009 ਨੂੰ ਅੰਮ੍ਰਿਤਸਰ ਵਿਖੇ ਸਾਹਿਤਕ ਸਮਾਗਮ ਵਿਚ ਸਰੋਪਾ ਅਤੇ ‘ਸਨਮਾਨ ਪੱਤਰ’ ਦੇਕੇ ਪ੍ਰੋ. ਸੰਧੂ ਨੂੰ ਸਨਮਾਨਿਤ ਕੀਤਾ।
ਇਸ ਤੋਂ ਇਲਾਵਾ 12 ਜੂਨ, 2010 ਨੂੰ ਸਿਟੀ ਆਫ ਕੈਲਗਰੀ ਵਲੋਂ ਸ. ਸ਼ਮਸ਼ੇਰ ਸਿੰਘ ਸੰਧੂ ਨੂੰ ‘ਆਊਟਸਟੈਡਿੰਗ ਕੈਲਗਰੀ ਸੀਨੀਅਰ’ ਦਾ ਦਰਜਾ ਦੇ ਕੇ ਵੀ ਸਨਮਾਨਿਤ ਕੀਤਾ ਗਿਆ।
27 ਫਰਵਰੀ 2011 ਨੂੰ ਪੰਜਾਬੀ ਸਾਹਿਤ ਸਭਾ, ਚੋਗਾਵਾਂ, ਅੰਮ੍ਰਿਤਸਰ ਨੇ ਪ੍ਰੋ. ਸੰਧੂ ਨੂੰ ਪੰਜਾਬੀ ਭਾਸ਼ਾ, ਖਾਸਕਰ ਪੰਜਾਬੀ ਗ਼ਜ਼ਲ, ਵਿਚ ਪ੍ਰਸੰਸਾਜਨਕ ਯੋਗਦਾਨ ਪਾਉਣ ਤੇ ਸਾਹਿਤਕ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ।
            ਅੱਜ 25 ਸਤੰਬਰ 2011 ਨੂੰ ਪੰਜਾਬੀ ਸਾਹਿਤ ਸਭਾ ਕੈਲਗਰੀ ਅਤੇ ਸਮੂਹ ਕੈਲਗਰੀ ਨਿਵਾਸੀ, ਸ. ਸ਼ਮਸ਼ੇਰ ਸਿੰਘ ਸੰਧੂ ਨੂੰ ਉਹਨਾਂ ਦੀਆਂ ਸਾਹਿਤਕ ਪ੍ਰਾਪਤੀਆਂ ਲਈ ਅਤੇ ਪੰਜਾਬੀ ਸਾਹਿਤ ਵਿੱਚ ਪਾਏ ਵਡਮੁੱਲੇ ਯੋਗਦਾਨ ਲਈ ਸਨਮਾਨਿਤ ਕਰਕੇ ਮਾਣ ਮਹਿਸੂਸ ਕਰ ਰਹੇ ਹਨ।
ਪੰਜਾਬੀ ਸਹਿਤ ਸਭਾ ਕੈਲਗਰੀ ਵਲੋਂ ਇਕ ਸਨਮਾਨ ਚਿੰਨ੍ਹ [ਪਲੈਕ] ਅਤੇ ਕੁਝ ਰਾਸ਼ੀ [ਚੈਕ] ਭੇਟ ਕੀਤੀ ਗਈ। ਲਿਖਾਰੀ ਸਭਾ ਦੇ ਪ੍ਰਧਾਨ ਸ: ਗੁਰਬਚਨ ਸਿੰਘ ਬਰਾੜ ਅਤੇ ਪੰਜਾਬੀ ਸਾਹਿਤ ਸਭਾ ਦੀ ਪ੍ਰਧਾਨ ਸੁਰਿੰਦਰ ਗੀਤ ਅਤੇ ਪੰਜਾਬੀ ਸਾਹਿਤ ਸਭਾ ਦੀ ਕਾਰਜਕਾਰਣੀ ਕਮੇਟੀ ਦੇ ਮੈਬਰਾਂ ਨੇ ਸਨਮਾਨ ਦੀ ਰਸਮ ਨਿਭਾਈ ।
ਸ. ਸ਼ਮਸ਼ੇਰ ਸਿਮਘ ਸੰਧੂ ਨੇ ਨਮਰਤਾ ਸਹਿਤ ਚੈਕ ਪੰਜਾਬੀ ਸਾਹਿਤ ਸਭਾ ਨੂੰ ਵਾਪਿਸ ਕਰਦਿਆਂ ਕਿਹਾ ਕਿ ਇਸ ਰਾਸ਼ੀ ਨੂੰ ਪੰਜਾਬੀ ਬੋਲੀ ਦੀ ਸੇਵਾ ਲਈ ਵਰਤ ਲਿਆ ਜਾਵੇ।
ਸ. ਜੋਗਾ ਸਿੰਘ ਸਹੋਤਾ ਹੋਰਾਂ ਪ੍ਰੋ. ਸੰਧੂ ਦੀ ਖੂਬਸੂਰਤ ਗ਼ਜ਼ਲ ਗਾਈ [ਜੋ ਹੁਣ ਯੂ ਟਿਊਬ ਤੇ ਵੀ ਸੁਣੀ ਜਾ ਸਕਦੀ ਹੈ]
ਦੇਖੋ ਨਾ ਡੁੱਬ ਜਾਏ ਕਿਸ਼ਤੀ ਤੁਫਾਨ ਘੇਰੇ
ਮੰਜਲ ਨਾ ਪਹੁੰਚ ਪਾਏ, ਚੀਰੇ ਨਾ ਜੋ ਹਨੇਰੇ।
ਲਗਦੀ ਹੈ ਇੰਜ ਮੈਨੂੰ ਸਾਰੀ ਬਜ਼ਮ ਹੀ ਖਾਲੀ
ਜਿੱਥੇ ਨਾ ਯਾਰ ਮੇਰਾ ਮਹਿਫਲ ਨਾ ਕੰਮ ਮੇਰੇ।
ਬੀਜਾ ਰਾਮ ਨੇ ਸੰਧੂ ਸਾਹਿਬ ਦੀ ਗ਼ਜ਼ਲ ਮਿੱਠੀ ਤੇ ਪਿਆਰੀ ਅਵਾਜ਼ ਵਿਚ ਗਾ ਕੇ ਪੇਸ਼ ਕੀਤੀ-   
ਬਲਣ ਬਰੂਹੀਂ ਦੀਪਕ, ਜੀਕਣ ਸ਼ਾਮ ਢਲ਼ੇ
ਯਾਦ ਤੇਰੀ ਨਿਤ ਲਟਲਟ ਦੀਪਕ ਵਾਂਗ ਬਲ਼ੇ।
ਕਿਣਮਿਣ ਕਿਣਮਿਣ ਬਰਸ ਰਹੀ ਹੈ ਬਦਲ਼ੀ ਤੇ
ਯਾਰਾਂ ਵਾਂਗੂੰ  ਮਿੱਟੀ ਪਾਣੀ ਮਿਲਣ ਗਲ਼ੇ।
ਰਾਮ ਸਰੂਪ ਸੈਣੀ ਹੋਰਾਂ ਪ੍ਰੋ. ਸੰਧੂ ਹੋਰਾਂ ਦੀ ਇੱਕ ਹੋਰ ਗ਼ਜ਼ਲ ਦੇ ਬਹੁਤ ਹੀ ਪਿਆਰੇ ਬੋਲਾਂ ਨੂੰ ਬਹੁਤ ਪਿਆਰੀ ਆਵਾਜ਼ ਵਿਚ ਗਾਇਆ ਜੋ ਕਿ ਹੁਣ ਯੂ ਟਿਉਬ ਤੇ ਵੀ ਸੁਣੀ ਜਾ ਸਕਦੀ ਹੈ –
ਪੈਰ ਨੰਗੇ ਬਿਖਮ ਰਸਤਾ ਆਉਂਦਾ ਤੇਰੇ ਤੀਕ ਹੈ
ਯਾਦ ਤੇਰੀ ਹੈ ਸਤਾਉਂਦੀ ਸੁਲਗਦੀ ਇਕ ਲੀਕ ਹੈ।
ਮੰਗਦੀ ਹੈ ਧਰਤ ਸਾਰੀ ਛਾਂਵ ਠੰਡੀ ਪਿਆਰ ਦੀ
ਪਿਆਰ ਰੂਹਾਂ ਨੂੰ ਮਿਲਾਵੇ ਰੱਬ ਦਾ ਪਰਤੀਕ ਹੈ।
ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਨੇ ਪੰਜਾਬੀ ਸਾਹਿਤ ਸਭਾ ਕੈਲਗੀ ਅਤੇ ਹਾਜ਼ਰੀਨ ਦਾ ਧੰਨਵਾਦ ਕੀਤਾ ਅਤੇ ਆਪਣੀਆਂ ਗ਼ਜ਼ਲਾਂ ਦੇ ਕੁਛ ਸਿ਼ਅਰ ਸੁਣਾਏ-
            1-ਤੇਰੇ ਆਵਣ ਦੀ ਖੁਸ਼ੀ ਦਿਲ ਚੁੰਗੀਆਂ ਭਰਦਾ ਫਿਰੇ
            ਅਲਵਲੱਲੀ ਗੱਲ ਜੀਕਣ ਬਾਲਕਾ ਕਰਦਾ ਫਿਰੇ।
            ਵਿਚ ਹਵਾਵਾਂ ਉੱਡਦਾ ਦਿਲ ਜਿਵੇਂ ਮਖਮੂਰ ਹੋ
            ਜਾਪਦਾ ਜੀਕਣ ਖੁਸ਼ੀ ਦੀ ਲਹਿਰ ਤੇ ਤਰਦਾ ਫਿਰੇ।
2- ਤੇਜ਼ ਹਵਾ ਵਿਚ ਕਦ ਤਕ ਸੰਧੂ, ਦੀਵਾ ਰੋਜ਼ ਜਗਾਵੇਂਗਾ
ਲੋਹਾ ਲੈਣਾ ਸਚ ਦੀ ਖਾਤਰ, ਕਦ ਤਕ ਵਚਨ ਨਿਭਾਵੇਂਗਾ।
ਮੰਦਰ  ਮਸਜਦ  ਮੱਲੀ  ਬੈਠੈ, ਹਰ ਥਾਂ  ਟੋਲੇ  ਠੱਗਾਂ ਦੇ
ਤਾੜੀ ਲਾ ਕੇ  ਬੈਠੇ  ਸਾਰੇ, ਕਿਸ  ਛਤਰੀ  ਤੇ  ਆਵੇਂਗਾ।
ਹਰਮੰਦਰ  ਦੀ  ਨੀਂਹ  ਉਡੀਕੇ,  ਮੀਆਂ  ਮੀਰੀ  ਛੋਹਾਂ ਨੂੰ
ਕਦ ਤੂੰ ਉਸ ਦੇ ਨਾਂ ਦਾ ਨੌਗਾ, ਵਿਚ ਅਰਦਾਸਾਂ ਪਾਵੇਂਗਾ।
ਸਭਾ ਦੇ ਮੀਤ-ਪ੍ਰਧਾਨ ਸੁਰਜੀਤ ਸਿੰਘ ਪੰਨੂੰ, ਹੋਰਾਂ ਵੀ ਆਪਣੀ ਇਕ ਰਚਨਾ ਸੁਣਾਈ-
ਸ਼ਾਂਤ ਦਿਸਦਾ ਪੁਰਸ਼ ਹੈ
ਅਸ਼ਾਂਤ ਹੀ ਹੈ ਅੰਦਰੋਂ।
ਫਿਰਦਾ ਹੈ ਸ਼ਾਂਤੀ ਭਾਲਦਾ
ਗੁਰਦੁਆਰਿੳਂ ਤੇ ਮੰਦਰੋਂ।
ਜੋਗਾ ਸਿੰਘ ਸੀਹੋਤਾ ਨੇ ਸੁਰਿੰਦਰ ਗੀਤ ਦੀ ਸੁੰਦਰ ਰਚਨਾ ਸੁਣਾਈ-
            ਨਾ ਇਹ ਤੇਰਾ ਹੈ ਨਾ ਇਹ ਮੇਰਾ ਹੈ
ਇਹ ਨਸੀਬ ਦਾ ਹੀ ਕਸੂਰ ਹੈ
ਹੈ ਪਤਾ ਕਿਸੇ ਨੇ ਹੈ ਤੋੜਨਾ
ਤਾਂ ਵੀ ਖਿੜਦਾ ਫੁੱਲ ਜ਼ਰੂਰ ਹੈ 
ਤਰਲੋਚਨ ਸੈਂਬੀ ਨੇ ਗਾਇਆ-
ਪੀੜ ਪੀਕੇ ਲਫਜ਼ ਮੇਰੇ ਕਵਿਤਾ ਬਣਕੇ ਬਹਿ ਗਏ
ਮੈਂ ਨਹੀਂ ਕੁਝ ਆਖਿਆ ਪਰ ਉਹ ਬੜਾ ਕੁਝ ਕਹਿ ਗਏ
ਹਰਭਜਨ ਸਿੰਘ ਚੇਰਾ ਨੇ ਅਪਣੀ ਰਚਨਾ ਖੂਬਸੂਰਤ ਅੰਦਾਜ਼ ਵਿਚ ਗਾਈ-
ਜਿੰਦਗੀ ਦਾ ਵਹਾ ਇਉ ਵਹਿੰਦਾ ਗਿਆ
ਮੈਂ ਤਸ਼ਦਦ ਸਹਿੰਦਾ ਗਿਆ
ਜਸਵੰਤ ਸਿੰਘ ਸੇਖੋਂ, ਅਜੈਬ ਸਿੰਘ ਸੇਖੋਂ, ਭਗਵੰਤ ਸਿੰਘ ਰੰਧਾਵਾ, ਡਾ, ਮਨਮੋਹਨ ਸਿੰਘ ਬਾਠ, ਕੁਲਬੀਰ ਸਿੰਘ ਸ਼ੇਰਗਿਲ, ਜਸ ਚਾਹਲ, ਸਬਾ ਸੇ਼ਖ, ਹਰੀਪਲ, ਮਹਿੰਦਰ ਸ. ਪਾਲ, ਭੋਲਾ ਸਿੰਘ ਚੌਹਾਨ, ਜੋਰਾਵਰ ਸਿੰਘ ਬਾਂਸਲ, ਗੁਰਚਰਨ ਕੌਰ ਥਿੰਦ, ਹਰਚਰਨ ਕੌਰ ਬਾਸੀ, ਮਨਜੀਤ ਕੌਰ ਬਾਸੀ ਤੇ ਹੋਰ ਬੁਲਾਰਿਆਂ ਨੇ ਵੀ ਆਪਣੀਆਂ ਰਚਨਾਵਾਂ ਸੁਣਾਈਆਂ ਅਤੇ ਪ੍ਰੋ. ਸੰਧੂ  ਨੂੰ ਵਧਾਈ ਦਿੱਤੀ। ਪੰਜਾਬੀ ਲਿਖਾਰੀ ਸਭਾ ਦੇ ਪ੍ਰਧਾਨ ਸ: ਗੁਰਬਚਨ ਸਿੰਘ ਬਰਾੜ ਵੀ ਪ੍ਰੋ. ਸੰਧੂ ਨੂੰ ਸਾਹਿਤਕ ਖੇਤਰ ਵਿੱਚ ਵਡਮੁੱਲੀਆਂ ਪ੍ਰਪਤੀਆਂ ਲਈ ਵਧਾਈ ਦਿੱਤੀ। ਅੰਤ ਵਿਚ ਪ੍ਰੋ. ਸੰਧੂ ਦੇ ਵੱਡੇ ਬੇਟੇ ਹਰਪ੍ਰੀਤ ਸਿੰਘ ਸੰਧੂ ਨੇ ਆਏ ਹੋਏ ਸਾਹਿਤਕਾਰਾਂ ਅਤੇ ਸਰੋਤਿਆ ਦਾ ਬੜੇ ਸੁਚੱਜੇ ਸ਼ਬਦਾਂ ਨਾਲ ਧੰਨਵਾਦ ਕੀਤਾ।
ਸਕੱਤਰ ਜਸਬੀਰ ਸਿੰਘ ਸੀਹੋਤਾ ਨੇ ਸਾਰੇ ਸਰੋਤਿਆਂ ਤੇ ਸਪਾਂਸਰਜ਼ ਭਾਟੀਆ ਕਲਾਥ ਹਾਊਸ, ਓ ਕੇ ਜੈਨਰਲ ਫੂਡ ਸਟੋਰ, ਕੋਹੇਨੂਰ ਜਯੂਲਰਜ਼, ਹਰਦਿਆਲ ਦਿਓ, ਮਦਰਜ਼ ਡੇਅਰੀ ਅਤੇ 3ਸੀ ਆਟੋ ਰੀਪੇਅਰਜ਼ ਤੇ ਹੋਰ ਦਾ ਵੀ ਧੰਨਵਾਦ ਕੀਤਾ।

Translate »