October 14, 2011 admin

ਕਿਨੂੰ ਦੇ ਫ਼ਲਾਂ ਦਾ ਕੇਰਾ ਰੋਕਣ ਲਈ ਹੁਣੇ ਹੀ ਸੁਚੇਤ ਹੋਵੋ

ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਾਗਬਾਨੀ ਮਾਹਿਰਾਂ ਨੇ ਕਿਹਾ ਹੈ ਕਿ ਕਿਨੂੰ ਦੇ ਫ਼ਲਾਂ ਦੇ ਕੇਰੇ ਦੀ ਬੀਮਾਰੀ ਫ਼ਲ ਦੀ ਤੁੜਾਈ ਤੋਂ ਪਹਿਲਾਂ ਹੀ ਸ਼ੁਰੂ ਹੋ ਜਾਂਦੀ ਹੈ ਅਤੇ ਫ਼ਲ ਤੋੜਣ ਤੱਕ ਲਗਾਤਾਰ ਨੁਕਸਾਨ ਕਰਦੀ  ਰਹਿੰਦੀ ਹੈ। ਸਤੰਬਰ ਅਤੇ ਅਕਤੂਬਰ ਮਹੀਨੇ ਕੱਚੇ ਫ਼ਲਾਂ ਦੇ ਡਿੱਗਣ ਨਾਲ ਇਸ ਵੇਲੇ ਵੀ ਪੰਜਾਬ ਵਿੱਚ ਬਾਗਬਾਨਾਂ ਦਾ ਕਾਫੀ ਨੁਕਸਾਨ ਹੋ ਰਿਹਾ ਹੈ। ਪੁਰਾਣੇ ਬਾਗਾਂ ਵਿੱਚ ਇਸ ਬੀਮਾਰੀ ਦਾ ਹਮਲਾ ਨਵੇਂ ਬਾਗਾਂ ਦੇ ਮੁਕਾਬਲੇ ਜ਼ਿਆਦਾ ਹੁੰਦਾ ਹੈ। ਇਸ ਬੀਮਾਰੀ ਦੇ ਹਮਲੇ ਨਾਲ ਫ਼ਲ ਦੀ ਡੰਡੀ ਦੇ ਆਲੇ ਦੁਆਲੇ ਗੋਲਾਕਾਰ ਭੂਰੇ ਰੰਗ ਦੇ ਧੱਬੇ ਪੈ ਜਾਂਦੇ ਹਨ, ਜੋ ਬਾਅਦ ਵਿੱਚ ਵੱਧ ਕੇ ਸਿੱਕੇ ਵਾਲੇ ਰੁਪਏ ਦੀ ਸ਼ਕਲ ਵਾਂਗ ਲੱਗਣ ਲੱਗ ਪੈਂਦੇ ਹਨ। ਇਹ ਗਲਣਾ ਫ਼ਲ ਦੀ ਡੰਡੀ ਵਾਲੇ ਪਾਸੇ ਤੋਂ ਸ਼ੁਰੂ ਹੋ ਕੇ ਫ਼ਲ ਧੁੰਨੀ ਤਕ ਪਹੁੰਚ ਕੇ ਸਾਰੇ ਦੇ ਸਾਰੇ ਫ਼ਲ ਦੇ ਹਿੱਸੇ ਨੂੰ ਢਕ ਲੈਂਦਾ ਹੈ। ਰੋਗੀ ਫ਼ਲ ਜਾਂ ਤਾਂ ਤੁੜਾਈ ਤੋਂ ਪਹਿਲਾਂ ਹੀ ਕਿਰਨੇ ਸ਼ੁਰੂ ਹੋ ਜਾਂਦੇ ਹਨ ਜਾਂ ਫਿਰ ਬੂਟੇ ਤੇ ਹੀ ਲਟਕਦੇ ਰਹਿੰਦੇ ਹਨ। ਰੋਗੀ ਫ਼ਲ ਪਿਚਕੇ, ਸਖਤ ਤੇ ਭੁਰਭੁਰੇ ਹੁੰਦੇ ਹਨ। ਬੀਮਾਰ ਫ਼ਲਾਂ ਦੀਆਂ ਡੰਡੀਆਂ ਸਲੇਟੀ ਰੰਗ ਦੀਆਂ ਹੋ ਜਾਂਦੀਆਂ ਹਨ ਅਤੇ ਇਨ੍ਹਾਂ ਉਤੇ Àੁੱਲੀ ਦੇ ਰੰਗ ਦੇ ਟਿਮਕਣੇ ਜਿਹੇ ਦਿਖਾਈ ਦੇਣ ਲੱਗ ਪੈਂਦੇ ਹਨ। ਉੱਲੀ ਦੇ ਇਹ ਕਾਲੇ ਰੰਗ ਦੇ ਟਿਮਕਣੇ , ਰੋਗੀ ਟਾਹਣੀਆਂ ਪੱਤਿਆਂ ਅਤੇ ਫ਼ਲ ਦੀਆਂ ਡੰਡੀਆਂ ਤੇ ਪਲਦੇ ਰਹਿੰਦੇ ਹਨ ਅਤੇ ਅਗਲੇ ਸਾਲ ਬੀਮਾਰੀ ਲਾਗ ਲਗਾਉਣ ਵਿੱਚ ਸਹਾਈ ਹੁੰਦੇ ਹਨ।
ਕਿਨੂੰ ਦੇ ਫ਼ਲਾਂ ਦਾ ਕੇਰਾ ਰੋਕਣ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਾਗਬਾਨੀ ਵਿਭਾਗ ਦੇ ਮੁਖੀ ਡਾ: ਪੁਸ਼ਪਿੰਦਰ ਸਿੰਘ ਔਲਖ ਨੇ ਕਿਹਾ ਹੈ ਕਿ ਹੁਣ ਘਬਰਾਹਟ ‘ਚ ਪੈਣ ਦੀ ਥਾਂ ਅਗਲੇ ਸਾਲ ਦੀ ਯੋਜਨਾਕਾਰੀ ਹੀ ਅਜਿਹੀ ਕਰੋ ਕਿ ਇਹ ਰੋਗ ਨੁਕਸਾਨ ਨਾ ਕਰੇ। ਇਸ ਰੋਗ ਤੋਂ ਮੁਕਤੀ ਲਈ ਕਿਨੂੰ ਦੇ ਰੋਗੀ ਬੂਟੇ ਦੀਆਂ ਟਾਹਣੀਆਂ ਜਨਵਰੀ-ਫਰਵਰੀ ਦੇ ਮਹੀਨੇ ਕੱਟ ਕੇ ਨਸ਼ਟ ਕਰ ਦਿਉ। ਕੱਟੇ ਹੋਏ ਥਾਵਾਂ ਨੂੰ ਬੋਰਡੋ ਪੇਸਟ ਲਾ ਕੇ ਰੋਗ ਰਹਿਤ ਕਰੋ। ਹੇਠਾਂ ਡਿੱਗੇ ਰੋਗੀ ਫ਼ਲਾਂ ਨੂੰ ਅਤੇ ਬੂਟੇ ਉੱਤੇ ਲਟਕਦੇ ਫ਼ਲਾਂ ਨੂੰ ਤੋੜ ਕੇ ਇਕੱਠਾ ਕਰਨਾ ਅਤੇ ਜ਼ਮੀਨ ਵਿੱਚ ਟੋਏ ਪੁੱਟ ਕੇ ਦੱਬਣਾ ਜਾਂ ਸਾੜਨਾ ਲਾਹੇਵੰਦ ਹੁੰਦਾ ਹੈ ਕਿਉਂਕਿ ਇਹਨਾਂ ਰੋਗੀ ਫ਼ਲਾਂ ਤੋਂ ਇਹ ਬੀਮਾਰੀ ਬਹੁਤ ਫੈਲਦੀ ਹੈ। ਡਾ: ਔਲਖ ਨੇ ਕਿਹਾ ਕਿ ਕਿਨੂੰ ਦੇ ਬਾਗਾਂ ਵਿੱਚ ਚੰਗੇ ਜਲ ਨਿਕਾਸ ਦਾ ਪ੍ਰਬੰਧ ਕਰੋ। ਬਾਗਬਾਨੀ ਵਿਭਾਗ ‘ਚ ਕੰਮ ਕਰਦੇ ਬਨਸਪਤੀ ਰੋਗ ਵਿਗਿਆਨੀਆਂ ਨੇ ਦੱਸਿਆ ਕਿ ਕਿਨੂੰ ਦੇ ਫ਼ਲਾਂ ਦੇ ਕੇਰੇ ਰੂਪੀ ਇਸ ਬੀਮਾਰੀ ਦੀ ਰੋਕਥਾਮ ਲਈ ਜ਼ੀਰਮ 27 ਐਸ ਸੀ (2.5 ਗਰਾਮ ਪ੍ਰਤੀ ਲਿਟਰ ਪਾਣੀ)+2,4-ਡੀ (10 ਪੀ ਪੀ ਐਮ) ਜਾਂ ਪ੍ਰੋਪੀਕੋਨਾਜੌਲ/ਟਿਲਟ 25 ਈ ਸੀ (1 ਮਿਲੀਲਿਟਰ ਪ੍ਰਤੀ ਲਿਟਰ ਪਾਣੀ)+2, 4-ਡੀ (10 ਪੀ ਪੀ ਐਮ) ਜਾਂ ਬਾਵਿਸਟਨ 50 ਤਾਕਤ (1 ਗਰਾਮ ਪ੍ਰਤੀ ਲਿਟਰ ਪਾਣੀ)+2,4-ਡੀ (10 ਪੀ ਪੀ ਐਮ) ਦੇ ਤਿੰਨ ਛਿੜਕਾਅ ਅੱਧ ਅਪ੍ਰੈਲ, ਅੱਧ ਅਗਸਤ ਅਤੇ ਅੱਧ ਸਤੰਬਰ ਵਿੱਚ ਕਰੋ। ਇਨ੍ਹਾਂ ਵਿਚੋਂ ਕਿਸੇ ਵੀ ਉੱਲੀਨਾਸ਼ਕ ਦੇ ਦੋ ਹੋਰ ਛਿੜਕਾਅ ਅਖੀਰ ਜੁਲਾਈ ਅਤੇ ਅਖ਼ੀਰ ਸਤੰਬਰ ਵਿੱਚ ਕਰੋ।

Translate »