October 14, 2011 admin

ਵਿਦੇਸ਼ ਭੇਜਣ ਦੀ ਆੜ ਵਿੱਚ ਭੋਲੇ ਭਾਲੇ ਨੌਜਵਾਨਾਂ ਦੇ ਬੈਂਕ ਖਾਤਿਆਂ ਰਾਹੀਂ ਕਰੋੜਾਂ ਰੁਪਏ ਦੇ ਲੈਣ ਦੇਣ ਦਾ ਪਰਦਾਫਾਸ਼: ਐਸ.ਐਸ.ਪੀ.

ਪਟਿਆਲਾ-  ਐਸ.ਐਸ.ਪੀ. ਪਟਿਆਲਾ ਸ੍ਰ: ਗੁਰਪ੍ਰੀਤ ਸਿੰਘ ਗਿੱਲ ਨੇ ਪੁਲਿਸ ਲਾਈਨ ਪਟਿਆਲਾ ਵਿਖੇ ਹੋਏ ਪੱਤਰਕਾਰ ਸੰਮੇਲਨ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਔਸਕਨ ਕੰਨਸਲਟੈਂਟ ਇੰਡੀਆ ਲਿਮਟਿਡ ਦੇ ਡਾਇਰੈਕਟਰ ਅਤੇ ਐਕਸਿਸ ਬੈਂਕ ਦੇ ਮੈਨੇਜਰ ਵੱਲੋਂ ਵਿਦਿਆਰਥੀਆਂ ਨੂੰ ਪੜ੍ਹਾਈ ਲਈ ਵਿਦੇਸ਼ਾਂ ਵਿੱਚ ਭੇਜਣ ਦੇ ਨਾਮ ‘ਤੇ ਕਰੋੜਾਂ ਰੁਪਏ ਦੀ ਲੈਣ ਦੇਣ (ਟਰਾਂਜੈਕਸ਼ਨ) ਕਰਨ ਦਾ ਮਾਮਲਾ ਬੇਨਕਾਬ ਕੀਤਾ ਗਿਆ ਹੈ। ਇਸ ਸਬੰਧੀ ਵਿਸਥਾਰ ਪੂਰਬਕ ਜਾਣਕਾਰੀ ਦਿੰਦਿਆਂ ਸ੍ਰ: ਗਿੱਲ ਨੇ ਦੱਸਿਆ ਕਿ ਕਰਨਾਲ ਦੇ ਵਾਸੀ ਸ਼੍ਰੀ ਬੰਸੀ ਲਾਲ ਵੱਲੋਂ ਇੱਕ ਦਰਖਾਸਤ ਆਈ.ਜੀ. ਪਟਿਆਲਾ ਜੋਨ ਨੂੰ ਦਿੱਤੀ ਸੀ ਜਿਸ ਦੀ ਪੜਤਾਲ ਐਸ.ਪੀ. ਰਾਜਪੁਰਾ ਸ਼੍ਰੀ ਮਨਮੋਹਨ ਸ਼ਰਮਾ ਦੀ ਅਗਵਾਈ ਵਿੱਚ ਏ.ਐਸ.ਪੀ. ਸ਼੍ਰੀ ਸਵਪਨ ਸ਼ਰਮਾ ਨੂੰ ਦਿੱਤੀ ਗਈ ਸੀ ਅਤੇ ਪੜਤਾਲ ਦੌਰਾਨ ਪਾਇਆ ਗਿਆ ਕਿ ਉਕਤ ਬੰਸੀ ਲਾਲ ਨੇ ਆਪਣੇ ਪੁੱਤਰ ਪਾਰਸ ਗੇਰਾ ਨੂੰ ਪੜਾਈ ਲਈ ਇੰਗਲੈਂਡ ਭੇਜਣ ਵਾਸਤੇ ਔਸਕਨ ਕੰਨਸਲਟੈਂਟ ਇੰਡੀਆ ਲਿਮ: ਚੰਡੀਗੜ੍ਹ ਦੇ ਡਾਇਰੈਕਟਰ ਸੁਨੀਲ ਜੱਗੀ ਨਾਲ ਗੱਲਬਾਤ ਕੀਤੀ ਜਿਸ ‘ਤੇ ਸੁਨੀਲ ਜੱਗੀ ਨੇ ਪਾਰਸ ਗੇਰਾ ਨੂੰ ਕਿਹਾ ਕਿ ਸਬੰਧਤ ਅੰਬੈਸੀ ਦੀਆਂ ਹਦਾਇਤਾਂ ਅਨੁਸਾਰ ਉਸ ਨੂੰ ਆਪਣੇ ਖਾਤੇ ਵਿੱਚ 7/8 ਲੱਖ ਰੁਪਏ ਜਮ੍ਹਾਂ ਵਿਖਾਉਣੇ ਪੈਣਗੇ ਜਦੋਂ ਸ਼੍ਰੀ ਪਾਰਸ ਗੇਰਾ ਨੇ ਦੱਸਿਆ ਕਿ ਉਸ ਪਾਸ ਇੰਨੀ ਰਕਮ ਨਹੀਂ ਹੈ ਤਾਂ ਜੱਗੀ ਨੇ ਕਿਹਾ ਕਿ ਉਹ ਐਕਸਿਸ ਬੈਂਕ ਸੈਕਟਰ 35 ਚੰਡੀਗੜ੍ਹ ਦੇ ਮੁਨੀਤ ਬਿੰਦਰਾ ਨੂੰ ਮਿਲਣ ਜੋ ਤੁਹਾਡੇ ਖਾਤੇ ਵਿੱਚ ਆਪ ਹੀ ਇਹ ਰਕਮ ਜਮ੍ਹਾਂ ਵਿਖਾ ਦੇਵੇਗਾ। ਉਨ੍ਹਾਂ ਦੱਸਿਆ ਕਿ ਜਦੋਂ ਪਾਰਸ ਗੇਰਾ ਦੇ ਪਿਤਾ ਬੰਸੀ ਲਾਲ ਮੁਨੀਤ ਬਿੰਦਰਾ ਨੂੰ ਮਿਲੇ ਤਾਂ ਉਸ ਨੇ ਕਿਹਾ ਕਿ ਮੈਂ ਰਾਜਪੁਰਾ ਦੇ ਐਕਸਿਸ ਬੈਂਕ ਵਿੱਚ ਤੁਹਾਡਾ ਖਾਤਾ ਖੁਲਵਾ ਦਿੰਦਾ ਹਾਂ ਪਰ ਤੁਹਾਨੂੰ 7 ਲੱਖ ਰੁਪਏ ਵਿਖਾਉਣ ਦੇ ਬਦਲੇ 42 ਹਜ਼ਾਰ ਰੁਪਏ ਵਿਆਜ ਦੇਣਾ ਪਵੇਗਾ। ਇਸ ਤੋਂ ਇਲਾਵਾ 7 ਲੱਖ ਰੁਪਏ ਦੀ ਸਕਿਉਰਿਟੀ ਵਜੋਂ ਮਕਾਨ ਦੀ ਰਜਿਸਟਰੀ ਅਤੇ ਪਾਰਸ ਗੇਰਾ ਦੀ ਦਸਤਖਤ ਕੀਤੀ ਖਾਲੀ ਚੈਕ ਬੁੱਕ ਵੀ ਦੇਣੀ ਪਵੇਗੀ।  ਇਸ ਉਪਰੰਤ ਉਸ ਨੇ ਪਾਰਸ ਗੇਰਾ ਦਾ ਖਾਤਾ ਰਾਜਪੁਰਾ ਦੇ ਐਕਸਿਸ ਬੈਂਕ ਵਿੱਚ ਖੁਲਵਾ ਦੇ ਲੋਨ ਸ਼ੋਅ ਕਰ ਦਿੱਤਾ ਅਤੇ ਪਾਰਸ ਗੇਰਾ ਨੂੰ 27 ਸਤੰਬਰ 2010 ਨੂੰ ਪੜਾਈ ਲਈ ਇੰਗਲੈਂਡ ਭੇਜ ਦਿੱਤਾ।

         ਸ੍ਰ: ਗਿੱਲ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਾਰਸ ਗੇਰਾ ਦੇ ਵਿਦੇਸ਼ ਜਾਣ ਤੋਂ ਬਾਅਦ ਉਸ ਦੇ ਬੈਂਕ ਖਾਤੇ ਵਿੱਚੋਂ ਵੱਖ-ਵੱਖ ਤਰੀਕਾਂ ਨੂੰ ਮੁਨੀਤ ਬਿੰਦਰਾ ਅਤੇ ਟਰੈਵਲ ਏਜੰਟ ਸੁਨੀਲ ਜੱਗੀ ਨੇ ਉਸਦੇ ਖਾਤੇ ਵਿੱਚ ਲੱਖਾਂ ਰੁਪਏ ਜਮ੍ਹਾਂ ਕਰਵਾ ਕੇ ਉਸ ਦੇ ਖਾਲੀ ਚੈਕਾਂ ਰਾਹੀਂ ਕਢਵਾ ਲਏ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਇਹਨਾਂ ਦੋਵਾਂ ਕਥਿਤ ਦੋਸ਼ੀਆਂ ਨੇ ਆਪਸ ਵਿੱਚ ਮਿਲ ਕੇ ਅਸਟਰੇਲੀਆ ਅਤੇ ਹੋਰ ਬੈਂਕਾਂ ਦੇ ਖਾਤਾਧਾਰੀਆਂ ਤੋਂ ਪਾਰਸ ਗੇਰਾ ਦੀ ਜਾਣਕਾਰੀ ਬਿਨਾਂ ਉਸ ਦੇ ਖਾਤੇ ਵਿੱਚੋਂ ਖਾਲੀ ਚੈਕਾਂ ਵਿੱਚ ਰਕਮ ਭਰ ਕੇ ਕਰੀਬ 50-60 ਲੱਖ ਰੁਪਏ ਦੀ ਟਰਾਂਜੈਕਸ਼ਨ ਕੀਤੀ। ਐਸ.ਐਸ.ਪੀ. ਨੇ ਦੱਸਿਆ ਕਿ ਪੜਤਾਲ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਇਹਨਾਂ ਦੋਵਾਂ ਕਥਿਤ ਦੋਸ਼ੀਆਂ ਨੇ ਪਾਰਸ ਗੇਰਾ ਦੇ ਖਾਤੇ ਵਾਂਗ ਕਰੀਬ 30 ਹੋਰ ਵੀ ਵੱਖ-ਵੱਖ ਖਾਤੇ ਖੋਲ੍ਹੇ ਹੋਏ ਹਨ ਜਿਹਨਾਂ ਵਿੱਚ ਕਰੀਬ 1.5 ਕਰੋੜ ਤੋਂ 2 ਕਰੋੜ ਦੀ ਟਰਾਂਜੈਕਸ਼ਨ ਆਸਟਰੇਲੀਆ ਅਤੇ ਭਾਰਤ ਦੇ ਹੋਰ ਸ਼ਹਿਰਾਂ ਵਿੱਚ ਕੀਤੀ ਗਈ ਹੈ ਜਦੋਂ ਕਿ ਪਾਰਸ ਗੇਰਾ ਦਾ ਆਸਟਰੇਲੀਆ ਨਾਲ ਕੋਈ ਲੈਣ ਦੇਣ ਹੀ ਨਹੀਂ ਹੈ ਅਤੇ ਉਹ ਪੜਾਈ ਲਈ ਇੰਗਲੈਂਡ ਗਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਥਾਣਾ ਸਿਟੀ ਰਾਜਪੁਰਾ ਵਿਖੇ ਮੁਕੱਦਮਾ ਨੰਬਰ 267 ਮਿਤੀ 11-10-2011 ਧਾਰਾ 406,420,467,468,471,120 ਬੀ ਅਧੀਨ ਦਰਜ਼ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਸੁਨੀਲ ਜੱਗੀ ਨੇ ਕਰੀਬ ਦੋ ਢਾਈ ਸੋ ਵਿਅਕਤੀਆਂ ਨੂੰ ਵੱਖ-ਵੱਖ ਦੇਸ਼ਾਂ ਵਿੱਚ ਭੇਜਿਆ ਹੋਇਆ ਹੈ ਜਿਸ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਇਸ ਤੋਂ ਕਈ ਅਹਿਮ ਸੁਰਾਗ ਸਾਹਮਣੇ ਆਉਣ ਦੀ ਸੰਭਾਵਨਾ ਹੈ। ਸ੍ਰ: ਗਿੱਲ ਨੇ ਦੱਸਿਆ ਕਿ ਇਸ ਕੇਸ ਨੂੰ ਬੇਨਕਾਬ ਕਰਨ  ਵਿੱਚ ਇਨਕਮ ਟੈਕਸ ਅਤੇ ਹੋਰ ਏਜੰਸੀਆਂ ਦੀ ਮਦਦ ਲਈ ਜਾਵੇਗੀ। ਉਨ੍ਹਾਂ ਦੱਸਿਆ ਕਿ ਦੋਸ਼ੀ ਫਰਾਰ ਹਨ ਜਿਹਨਾਂ ਨੂੰ ਫੜਨ ਲਈ ਛਾਪੇਮਾਰੀ ਜਾਰੀ ਹੈ।

         ਇਸ ਮੌਕੇ ਐਸ.ਪੀ. (ਡੀ) ਸ੍ਰ: ਪ੍ਰਿਤਪਾਲ ਸਿੰਘ ਥਿੰਦ, ਐਸ.ਪੀ. ਰਾਜਪੁਰਾ ਸ਼੍ਰੀ ਮਨਮੋਹਨ ਸ਼ਰਮਾ, ਏ.ਐਸ.ਪੀ. ਸ਼੍ਰੀ ਸਵਪਨ ਸ਼ਰਮਾ, ਡੀ.ਐਸ.ਪੀ. (ਡੀ) ਸ੍ਰ: ਮਨਜੀਤ ਸਿੰਘ ਬਰਾੜ, ਡੀ.ਐਸ.ਪੀ. (ਸਿਟੀ-2) ਸ੍ਰ: ਡੀ.ਐਸ.ਬਰਾੜ, ਸੀ.ਆਈ.ਏ. ਪਟਿਆਲਾ ਦੇ ਇੰਚਾਰਜ ਸ੍ਰ: ਸੁਖਵਿੰਦਰ ਸਿੰਘ ਚੌਹਾਨ ਤੋਂ ਇਲਾਵਾ ਹੋਰ ਪੁਲਿਸ ਅਧਿਕਾਰੀ ਵੀ ਹਾਜ਼ਰ ਸਨ।

Translate »