October 14, 2011 admin

ਝੋਨੇ ਦੀ ਸਿੱਧੀ ਬੀਜਾਈ ਬਾਰੇ ਖੇਤ ਦਿਵਸ ਆਯੋਜਿਤ

ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਫ਼ਸਲ ਵਿਗਿਆਨ ਵਿਭਾਗ ਵੱਲੋਂ ਫਾਰਮ ਸਲਾਹਕਾਰ ਸੇਵਾ ਕੇਂਦਰ ਪਟਿਆਲਾ ਅਤੇ ਬਾਇਰ ਕਰਾਪ ਸਾਇੰਸ ਦੇ ਸਹਿਯੋਗ ਨਾਲ ਝੋਨੇ ਦੀ ਸਿੱਧੀ ਬੀਜਾਈ ਸੰਬੰਧੀ ਪਿੰਡ ਬਲਬੇੜਾ ਜ਼ਿਲ੍ਹਾ ਪਟਿਆਲਾ ਵਿਖੇ ਖੇਤ ਦਿਵਸ ਕਰਵਾਇਆ ਗਿਆ। ਪ੍ਰਧਾਨਗੀ ਕਰਦਿਆਂ ਯੂਨੀਵਰਸਿਟੀ ਦੇ ਪਸਾਰ ਸਿੱਖਿਆ ਨਿਰਦੇਸ਼ਕ ਡਾ: ਮੁਖਤਾਰ ਸਿੰਘ ਗਿੱਲ ਨੇ ਆਖਿਆ ਕਿ ਖੇਤੀ ਖਰਚੇ ਘਟਾਉਣ ਅਤੇ ਲੇਬਰ ਦੀ ਕਮੀ ਨੂੰ ਧਿਆਨ ਵਿੱਚ ਰੱਖਦੇ ਹੋਏ ਹੁਣ ਝੋਨੇ ਦੀ ਸਿੱਧੀ ਬੀਜਾਈ ਵੱਲ ਵੀ ਧਿਆਨ ਦੇਣ ਦੀ ਲੋੜ ਹੈ। ਇਸ ਨਾਲ ਕੁਦਰਤੀ ਸੋਮਿਆਂ ਦੀ ਵੀ ਬੱਚਤ ਹੋਵੇਗੀ ਪਰ ਇਹ ਸਾਰਾ ਕੁਝ ਯੂਨੀਵਰਸਿਟੀ ਵੱਲੋਂ ਸਿਫਾਰਸ਼ ਤਕਨੀਕਾਂ ਵਰਤ ਕੇ ਹੀ ਸੰਭਵ ਹੈ। ਫ਼ਸਲ ਵਿਗਿਆਨ ਵਿਭਾਗ ਦੇ ਮੁਖੀ ਡਾ: ਗੁਰਮੀਤ ਸਿੰਘ ਬੁੱਟਰ ਨੇ ਕਿਸਾਨ ਭਰਾਵਾਂ ਨੂੰ ਝੋਨੇ ਦੀ ਸਿੱਧੀ ਬੀਜਾਈ ਦੇ ਤਕਨੀਕੀ ਪੱਖਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਡਾ: ਸੋਹਣ ਸਿੰਘ ਵਾਲੀਆ, ਡਾ: ਜਸਵਿੰਦਰ ਸਿੰਘ , ਡਾ: ਅਮਨਦੀਪ ਕੌਰ, ਡਾ: ਗੁਰਪ੍ਰੀਤ ਕੌਰ, ਡਾ: ਗੁਰਜਿੰਦਰਪਾਲ ਸਿੰਘ ਸੋਢੀ ਅਤੇ ਡਾ: ਤਰੁਣਦੀਪ ਕੌਰ ਨੇ ਵੀ ਸੰਬੋਧਨ ਕੀਤਾ। ਜ਼ਿਲ੍ਹਾ ਪਟਿਆਲਾ ਦੇ 500 ਤੋਂ ਵੱਧ ਕਿਸਾਨਾਂ ਨੇ ਇਸ ਖੇਤ ਦਿਵਸ ਵਿੱਚ ਹਿੱਸਾ ਲਿਆ। ਡਾ: ਜਸਵਿੰਦਰ ਸਿੰਘ ਨੇ ਆਏ ਮਹਿਮਾਨਾਂ ਅਤੇ ਕਿਸਾਨਾਂ ਦਾ ਧੰਨਵਾਦ ਕੀਤਾ।

Translate »