ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ:ਬਲਦੇਵ ਸਿੰਘ ਢਿੱਲੋਂ ਨੇ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਾ ਕੇ ਸਾੜਨਾ ਮਨੁੱਖਤਾ ਦੇ ਖਿਲਾਫ ਗੁਨਾਹ ਤੋਂ ਘੱਟ ਨਹੀਂ ਹੈ। ਡਾ: ਢਿੱਲੋਂ ਨੇ ਆਖਿਆ ਕਿ ਪੰਜਾਬ ‘ਚ ਬੀਜੇ ਜਾਂਦੇ 25 ਲੱਖ ਹੈਕਟੇਅਰ ਰਕਬੇ ਵਿਚੋਂ ਲਗਪਗ 21 ਮਿਲੀਅਨ ਟਨ ਪਰਾਲੀ ਪੈਦਾ ਹੁੰਦੀ ਹੈ । ਥੋੜੇ ਸਮੇਂ ਦੇ ਅੰਦਰ ਅੰਦਰ ਕਣਕ ਦੀ ਬੀਜਾਈ ਕਰਨ ਦੀ ਸਮੱਸਿਆ ਕਾਰਨ ਕੁੱਲ ਪਰਾਲੀ ਵਿਚੋਂ ਲਗਪਗ 55% ਪਰਾਲੀ ਅੱਗ ਦੀ ਭੇਂਟ ਚੜ੍ਹ ਜਾਂਦੀ ਹੈ । ਉਨ੍ਹਾਂ ਆਖਿਆ ਕਿ ਪਰਾਲੀ ਨੂੰ ਅੱਗ ਲਾਉਣ ਨਾਲ ਕਾਰਬਨ ਡਾਈਆਕਸਾਈਡ, ਕਾਰਬਨ ਮੋਨੋਆਕਸਾਈਡ, ਮੀਥੇਨ, ਨਾਈ ਆਕਸਾਈਡ ਵਰਗੀਆਂ ਗੈਸਾਂ ਪੈਦਾ ਹੁੰਦੀਆਂ ਹਨ ਜੋ ਸਿਹਤ ਲਈ ਮਾਰੂ ਹਨ। ਪਰਾਲੀ ਨੂੰ ਅੱਗ ਲਾਉਣ ਨਾਲ ਜ਼ਮੀਨ ‘ਚੋਂ ਚੰਗੇ ਖ਼ੁਰਾਕੀ ਤੱਤ ਅਤੇ ਕੁਦਰਤੀ ਸੋਮੇ ਵੀ ਸੜ ਜਾਂਦੇ ਹਨ ਜੋ ਮਗਰੋਂ ਜ਼ਮੀਨ ਦੀ ਉਪਜਾਉ ਸ਼ਕਤੀ ਨੂੰ ਢਾਹ ਲਾਉਂਦੇ ਹਨ ਇਸ ਲਈ ਝੋਨੇ ਦੇ ਕਾਸ਼ਤਕਾਰੀ ਅਤੇ ਕਟਾਈ ਉਪਰੰਤ ਸੋਮਿਆਂ ਦੀ ਸੰਭਾਲ ਵਧੇਰੇ ਧਿਆਨ ਦੀ ਮੰਗ ਕਰਦੇ ਹਨ ਤਾਂ ਜੋ ਕਣਕ-ਝੋਨਾ ਫ਼ਸਲ ਚੱਕਰ ਅਤੇ ਬਾਕੀ ਫ਼ਸਲਾਂ ਨੂੰ ਵੀ ਨੁਕਸਾਨ ਨਾ ਹੋਵੇ। ਪਰਾਲੀ ਨੂੰ ਅੱਗ ਲੱਗਣ ਨਾਲ ਧੂੰਏਂ ਦਾ ਗੁਬਾਰ ਜਿਥੇ ਵਾਤਾਵਰਣ ਨੂੰ ਪਲੀਤ ਕਰਦਾ ਹੈ ਉਥੇ ਵੱਸੋਂ ਦੀ ਸਿਹਤ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ । ਡਾ: ਢਿੱਲੋਂ ਨੇ ਆਖਿਆ ਕਿ ਝੋਨੇ ਦੇ ਵੱਢ ਵਿਚ ਕਣਕ ਦੀ ਕਾਸ਼ਤ ਲਈ ਹੈਪੀਸੀਡਰ ਮਸ਼ੀਨ ਬਹੁਤ ਕਾਰਗਰ ਸਾਬਤ ਹੋ ਰਹੀ ਹੈ । ਇਸ ਨਾਲ ਕਣਕ ਦੀ ਬੀਜਾਈ ਵੀ ਹੋ ਜਾਂਦੀ ਹੈ ਅਤੇ ਜ਼ਮੀਨ ਤੇ ਪਈ ਪਰਾਲੀ ਨਦੀਨਾਂ ਤੋਂ ਬਚਾਉ ਅਤੇ ਵੱਤਰ ਸੰਭਾਲਣ ਲਈ ਮਦਦਗਾਰ ਸਾਬਤ ਹੂੰਦੀ ਹੈ ਹੈਪੀਸੀਡਰ ਅਜਿਹੀ ਮਸ਼ੀਨ ਹੈ ਜੋ ਪਰਾਲੀ ਨੂੰ ਕੁਤਰ ਕੇ ਸੁੱਟੀ ਜਾਂਦੀ ਹੈ ਅਤੇ ਕਣਕ ਦੀ ਕਾਸ਼ਤ ਵੀ ਨਾਲੋ ਨਾਲ ਕਰੀ ਜਾਂਦੀ ਹੈ । ਪਰਾਲੀ ਨੂੰ ਅਗ ਲਾ ਕੇ ਸਾੜਨ ਦੀ ਕੁਰੀਤੀ ਤੋਂ ਬਚਣ ਲਈ ਪੰਜਾਬ ਸਰਕਾਰ ਇਸ ਮਸ਼ੀਨ ਨਾਲ ਕਾਸ਼ਤ ਨੂੰ ਉਤਸ਼ਾਹ ਦੇ ਰਹੀ ਹੈ। ਹੈਪੀਸੀਡਰ ਨਾਲ ਰਵਾਇਤੀ ਕਾਸ਼ਤ ਨਾਲੋਂ ਕਣਕ-ਬੀਜਾਈ ਖ਼ਰਚਾ 50 ਤੋਂ 60% ਘੱਟ ਹੁੰਦਾ ਹੈ । ਹੈਪੀ ਸੀਡਰ ਨਾਲ ਬੀਜੀ ਕਣਕ ਦਾ ਦੂਜਾ ਲਾਭ ਇਹ ਹੈ ਕਿ ਕਣਕ ਦੀ ਫ਼ਸਲ ਵਿਚ ਨਦੀਨ ਵੀ 60 ਤੋਂ 70% ਘੱਟ ਉਗਦੇ ਹਨ । ਬੀਜਾਈ ਤੋਂ ਪਹਿਲਾਂ ਲਾਉਣ ਵਾਲੇ ਪਾਣੀ ਦੀ ਬੱਚਤ ਹੁੰਦੀ ਹੈ । ਧਰਤੀ ਵਿਚ ਖ਼ੁਰਾਕੀ ਅਤੇ ਜੈਵਿਕ ਸੁਧਾਰ ਹੁੰਦਾ ਹੈ ਪਰਾਲੀ ਨੂੰ ਸਾੜਨ ਤੋਂ ਪੈਦਾ ਹੋਣ ਵਾਲੇ ਧੂੰਏ ਤੋ ਮੁਕਤੀ ਨਾਲ ਸੁਖ ਦਾ ਸਾਹ ਆਉਂਦਾ ਹੈ ਅਤੇ ਵਾਤਾਵਰਣ ਸੁਥਰਾ ਰਹਿੰਦਾ ਹੈ । ਸਾਡੇ ਵੱਲੋਂ ਹੁਣ ਇਹ ਵੀ ਯਤਨ ਜਾਰੀ ਹਨ ਕਿ ਹੈਪੀਸੀਡਰ ਚਲਾਉਣ ਲਈ 35 ਹਾਰਸ ਪਾਵਰ ਵਾਲੇ ਟਰੈਕਟਰਾਂ ਦੀ ਵਰਤੋਂ ਵੀ ਯਕੀਨੀ ਬਣਾਈ ਜਾ ਸਕੇ । ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਹੈਪੀਸੀਡਰ ਨਾਲ ਕਣਕ ਦੀ ਕਾਸ਼ਤ ਕਰਨ ਲਈ ਸਿਫਾਰਸ਼ ਕਰ ਦਿੱਤੀ ਹੈ । ਇਸ ਮਸ਼ੀਨ ਦੀ ਪਰਖ਼ ਮੂੰਗੀ ਕੱਟਣ ਲਈ ਵੀ ਕੀਤੀ ਜਾ ਚੁਕੀ ਹੈ । ਡਾ: ਢਿੱਲੋਂ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਪਰਾਲੀ ਨੂੰ ਅੱਗ ਲਾਉਣ ਨਾਲ ਜਿੱਥੇ ਅਸੀਂ ਕੁਦਰਤੀ ਸੋਮਾਂ ਦਾ ਘਾਣ ਕਰਦੇ ਹਾਂ ਉਥੇ ਬੀਮਾਰੀਆਂ ਨੂੰ ਵੀ ਸੱਦਾ ਪੱਤਰ ਦਿੰਦੇ ਹਾਂ । ਪਰਾਲੀ ਦੇ ਕੌੜੇ ਕੁਸੈਲੇ ਧੂੰਏਂ ਕਾਰਨ ਕਈ ਬੇਕਸੂਰ ਵੀਰ ਭੈਣਾਂ ਸੜਕ ਹਾਦਸਿਆਂ ਦਾ ਸ਼ਿਕਾਰ ਹੁੰਦੇ ਹਨ । ਇਸ ਲਈ ਐਤਕੀਂ ਸਾਵਧਾਨ ਹੋਈਏ।