ਕਪੂਰਥਲਾ – ਸੁਲਤਾਨਪੁਰਲੋਧੀ ਸ਼ਹਿਰ ਦੀ ਧਾਰਮਿਕ ਮਹੱਤਤਾ ਨੂੰ ਵੇਖਦੇ ਹੋਏ ਬਾਦਲ ਸਰਕਾਰ ਨੇ ਇਸ ਦੇ ਵਿਕਾਸ ਵੱਲ ਵਿਸ਼ੇਸ਼ ਧਿਆਨ ਦਿੱਤਾ ਅਤੇ ਇਸ ਵੇਲੇ ਸ਼ਹਿਰ ‘ਚ ਚੱਲ ਰਹੇ ਵਿਕਾਸ ਦੇ ਪ੍ਰਾਜੈਕਟ ਇਸ ਦੀ ਕਾਇਆ ਕਲਪ ਕਰ ਦੇਣਗੇ।’ ਉਕਤ ਸ਼ਬਦਾਂ ਦਾ ਪ੍ਰਗਟਾਵਾ ਵਿੱਤ ਤੇ ਯੋਜਨਾ ਮੰਤਰੀ ਬੀਬੀ ਉਪਿੰਦਰਜੀਤ ਕੌਰ ਨੇ ਪ੍ਰੈਸ ਨੋਟ ‘ਚ ਕੀਤਾ। ਉਨ੍ਹਾਂ ਦੱਸਿਆ ਕਿ ਸ਼ਹਿਰ ਨੂੰ ਸੈਲਾਨੀ ਸ਼ਹਿਰ ਵਜੋਂ ਵਿਕਸਤ ਕਰਨ ਲਈ ਵਿਸ਼ੇਸ਼ ਤਵੱਜੋਂ ਦਿੱਤੀ ਗਈ। ਸ਼ਹਿਰ ਦੀਆਂ ਸਾਰੀਆਂ ਸੜਕਾਂ ਦੀ ਮੁਰੰਮਤ ਕਰਵਾਈ ਅਤੇ ਸ਼ਹਿਰ ਨੂੰ ਪੰਜਾਬ ਦੇ ਦੂਸਰੇ ਸ਼ਹਿਰਾਂ ਨਾਲ ਜੋੜਦੀਆਂ ਸੜਕਾਂ ਨੂੰ ਵੀ ਚੌੜਾ ਕੀਤਾ ਗਿਆ। ਸ਼ਹਿਰ ‘ਚ ਬਿਹਤਰ ਬਿਜਲੀ ਸਪਲਾਈ ਯਕੀਨੀ ਬਣਾਈ ਗਈ ਹੈ। ਸੁਲਤਾਨਪੁਰ ਲੋਧੀ ਵਿਖੇ ‘ਬੇਬੇ ਨਾਨਕੀ ਅਰਬਨ ਅਸਟੇਟ’ ਦਾ ਪ੍ਰਾਜੈਕਟ ਦਿੱਤਾ ਗਿਆ ਅਤੇ 67 ਏਕੜ ਰਕਬੇ ਵਿੱਚ ਅਰਬਨ ਅਸਟੇਟ ਸਥਾਪਿਤ ਕੀਤਾ ਗਿਆ, ਜਿੱਥੇ ਸ਼ਹਿਰ ਦੀਆਂ ਸਾਰੀਆਂ ਸੁੱਖ-ਸਹੂਲਤਾਂ ਹੋਣਗੀਆਂ। ਸੁਲਤਾਨਪੁਰ ਲੋਧੀ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਗਿਆ।ਸੁਲਤਾਨਪੁਰ ਲੋਧੀ ਸ਼ਹਿਰ ਦੇ ਸਮੁੱਚੇ ਵਿਕਾਸ ਲਈ ਯੋਜਨਾ ਉਲੀਕੀ ਗਈ ਹੈ, ਜਿਸ ਤਹਿਤ 100 ਫੀਸਦ ਵਾਟਰ ਸਪਲਾਈ ਅਤੇ ਸੀਵਰੇਜ ਦੀ ਸਹੂਲਤ ਲਈ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਇਸੇ ਤਰਾਂ ਸ਼ਹਿਰ ਦੀਆਂ ਸੜਕਾਂ, ਗਲੀਆਂ ਅਤੇ ਨਾਲੀਆਂ ਦੇ ਵਿਕਾਸ ਲਈ ਕਰੋੜਾਂ ਰੁਪਏ ਖਰਚ ਕੀਤੇ ਗਏ। ਸੁਲਤਾਨਪੁਰ ਲੋਧੀ ਸ਼ਹਿਰ ਵਿਚ ਸਾਰੀਆਂ ਸੜਕਾਂ ‘ਤੇ ਛਾਂਦਾਰ ਰੁੱਖ ਲਗਵਾਏ ਗਏ ਅਤੇ ਪਾਰਕਾਂ ਦਾ ਨਵ-ਨਿਰਮਾਣ ਕੀਤਾ ਗਿਆ। ਤਹਿਸੀਲ ਕੰਪਲੈਕਸ ਦੀ ਮੁਰੰਮਤ ਅਤੇ ਨਵ-ਨਿਰਮਾਣ ਲਈ 40 ਲੱਖ ਰੁਪਏ ਦੀ ਰਕਮ ਮੁਹੱਈਆ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸੁਲਤਾਨਪੁਰ ਲੋਧੀ ਦੇ ਸਮੁੱਚੇ ਵਿਕਾਸ ਲਈ ਪੰਜਾਬ ਦੇ ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ‘ਸੁਲਤਾਨਪੁਰ ਲੋਧੀ ਵਿਕਾਸ ਬੋਰਡ’ ਬਣਾਇਆ ਗਿਆ ਅਤੇ ਇਸ ਪੁਰਾਣੇ ਤੇ ਇਤਿਹਾਸਕ-ਧਾਰਮਿਕ ਮਹੱਤਤਾ ਵਾਲੇ ਸ਼ਹਿਰ ਦੀ ਸਾਂਭ-ਸੰਭਾਲ ਅਤੇ ਸੈਲਾਨੀ ਕੇਂਦਰ ਵਜੋਂ ਵਿਕਸਿਤ ਕਰਨ ਲਈ ਵੀ ਯੂਨੈਸਿਕੋ ਵਲੋਂ ਫੰਡ ਮੁਹੱਈਆ ਕਰਵਾਏ ਗਏ ਹਨ। ਇਸ ‘ਤੇ ਕਾਰਵਾਈ ਚੱਲ ਰਹੀ ਹੈ। ਇਸੇ ਤਰਾਂ ਸ਼ਹਿਰ ਵਿਖੇ 50 ਏਕੜ ਰਕਬੇ ਵਿੱਚ ਨਵੀਂ ਅਨਾਜ ਅਤੇ ਸਬਜ਼ੀ ਮੰਡੀ ਸਥਾਪਤ ਕਰਨ ਦਾ ਉਪਰਾਲਾ ਕੀਤਾ ਗਿਆ।