October 14, 2011 admin

ਡਿਪਟੀ ਕਮਿਸ਼ਨਰ ਵੱਲੋਂ ਜੇਲ੍ਹ ਦੀਆਂ ਤਿਆਰੀਆਂ ਦਾ ਜਾਇਜ਼ਾ

ਕਪੂਰਥਲਾ – ਮਾਡਰਨ ਜੇਲ੍ਹ ਕਪੂਰਥਲਾ ਦੀ ਉਸਾਰੀ ਮੁਕੰਮਲ ਹੋ ਚੁੱਕੀ ਹੈ ਅਤੇ ਉਸ ‘ਚ ਰਹਿੰਦੇ ਨਿੱਕੇ-ਮੋਟੇ ਕੰਮ ਇਕ ਦੋ ਦਿਨਾਂ ‘ਚ ਪੂਰੇ ਕਰ ਦਿਓ, ਤਾਂ ਜੋ ਇਹ ਜੇਲ੍ਹ ਛੇਤੀ ਤੋਂ ਛੇਤੀ ਜੇਲ੍ਹ ਵਿਭਾਗ ਦੇ ਹਵਾਲੇ ਕੀਤੀ ਜਾ ਸਕੇ। ਉਕਤ ਨਿਰਦੇਸ਼ ਡਿਪਟੀ ਕਮਿਸ਼ਨਰ ਕਪੂਰਥਲਾ ਡਾ. ਹਰਕੇਸ਼ ਸਿੰਘ ਸਿੱਧੂ ਨੇ ਮਾਡਰਨ ਜੇਲ੍ਹ ਕਪੂਰਥਲਾ ਦੀ ਉਸਾਰੀ ਨੂੰ ਲੈ ਕੇ ਕੀਤੀ ਵਿਸ਼ੇਸ਼ ਮੀਟਿੰਗ ਦੀ ਪ੍ਰਧਾਨਗੀ ਕਰਦੇ ਅਧਿਕਾਰੀਆਂ ਨੂੰ ਦਿੱਤੇ। ਉਨ੍ਹਾਂ ਜੇਲ੍ਹ ਦੀ ਤਿਆਰੀ ਸਬੰਧੀ ਅੱਜ ਜੇਲ੍ਹ ਵਿਭਾਗ, ਪੀ. ਡਬਲਿਊ. ਡੀ., ਸਿਹਤ, ਬਾਗਬਾਨੀ, ਜੰਗਲਾਤ ਅਤੇ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ‘ਚ ਉਨ੍ਹਾਂ ਜੇਲ੍ਹ ਦੀ ਸੁਰੱਖਿਆ, ਜੇਲ੍ਹ ਕੰਪਲੈਕਸ ‘ਚ ਪਾਣੀ ਅਤੇ ਸੀਵਰੇਜ਼ ਦੇ ਪ੍ਰਬੰਧਾਂ, ਡਾਕਟਰੀ ਸਹੂਲਤਾਂ, ਬਿਜਲੀ ਦੀ ਸਪਲਾਈ ਅਤੇ ਲੈਂਡ ਸਕੇਪਿੰਗ ਆਦਿ ਬਾਰੇ ਬਾਰੀਕੀ ਨਾਲ ਜਾਣਕਾਰੀ ਲਈ ਅਤੇ ਰਹਿੰਦੇ ਕੰਮ ਛੇਤੀ ਪੂਰੇ ਕਰਨ ਦੇ ਹੁਕਮ ਦਿੱਤੇ। ਉਨ੍ਹਾਂ ਦੱਸਿਆ ਕਿ ਇਸ ਜੇਲ੍ਹ ਦੀ ਉਸਾਰੀ ਪੂਰੀ ਹੋਣ ‘ਤੇ ਕੇਂਦਰੀ ਜੇਲ੍ਹ ਜਲੰਧਰ ਦੇ ਸਾਰੇ ਕੈਦੀ, ਜਿਨ੍ਹਾਂ ਦੀ ਗਿਣਤੀ 1700 ਦੇ ਕਰੀਬ ਬਣਦੀ ਹੈ, ਇੱਥੇ ਤਬਦੀਲ ਕਰ ਦਿੱਤੇ ਜਾਣਗੇ। ਇਸ ਦੇ ਨਾਲ ਹੀ ਜਲੰਧਰ ਜੇਲ੍ਹ ਦਾ ਸਾਰਾ ਅਮਲਾ ਵੀ ਇਥੇ ਆਵੇਗਾ। ਅੱਜ ਦੀ ਇਸ ਮੀਟਿੰਗ ‘ਚ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ ਸ. ਗੁਰਮੇਲ ਸਿੰਘ, ਐਸ. ਡੀ.ਐਮ. ਕਪੂਰਥਲਾ ਸ੍ਰੀਮਤੀ ਅਨੁਪਮਾ ਕਲੇਰ, ਡੀ. ਐਸ. ਪੀ. ਸ. ਪ੍ਰਿਥੀਪਾਲ ਸਿੰਘ, ਡਿਪਟੀ ਸੁਪਰਡੈਂਟ ਦਲਬੀਰ ਸਿੰਘ, ਡਿਪਟੀ ਸੁਪਰਡੈਂਟ ਕਪੂਰਥਲਾ ਜ਼ਿਲ੍ਹਾ ਜੇਲ੍ਹ ਇਕਬਾਲ ਸਿੰਘ ਧਾਲੀਵਾਲ, ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਰਾਜ ਕੁਮਾਰ, ਬਾਗਬਾਨੀ ਦੇ ਡਿਪਟੀ ਡਾਇਰੈਕਟਰ ਕੁਲਵਿੰਦਰ ਸਿੰਘ ਸੰਧੂ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

Translate »