October 14, 2011 admin

ਖੇਤੀ ਨਾਲ ਸਬੰਧਤ ਨਵੀਂਆਂ ਖੋਜਾਂ ਅਤੇ ਤਕਨੀਕਾਂ ਨੂੰ ਅਮਲ ਵਿੱਚ ਲਿਆਉਣ ਵਾਲੇ ਕਿਸਾਨਾਂ ਦਾ ਭਵਿੱਖ ਸੁਰੱਖਿਅਤ: ਰੱਖੜਾ

* ਹਾੜੀ ਦੀਆਂ ਫਸਲਾਂ ਬਾਰੇ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਲਗਾਇਆ
ਪਟਿਆਲਾ – ” ਪੰਜਾਬ ਦੇ ਖੇਤੀ ਮਾਹਿਰਾਂ ਵੱਲੋਂ ਕਿਸਾਨਾਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਲਗਾਤਾਰ ਨਵੀਂਆਂ ਖੋਜਾਂ ਕੀਤੀਆਂ ਜਾ ਰਹੀਆਂ ਹਨ ਅਤੇ ਕਿਸਾਨਾਂ ਨੂੰ ਵੀ ਚਾਹੀਦਾ ਹੈ ਕਿ ਉਹ ਇਨ੍ਹਾਂ ਨਵੀਂਆਂ ਖੋਜਾਂ ਅਤੇ ਤਕਨੀਕਾਂ ਦਾ ਲਾਭ ਉਠਾਉਂਦੇ ਹੋਏ ਖੇਤੀ ਕਰਨ ਦੇ ਢੰਗਾਂ ਵਿੱਚ ਤਬਦੀਲੀ ਲਿਆਉਣ ਨਹੀਂ ਤਾਂ ਉਨ੍ਹਾਂ ਨੂੰ ਭਵਿੱਖ ਵਿੱਚ ਕਈ ਕਿਸਮ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ । ” ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹਾ ਯੋਜਨਾ ਕਮੇਟੀ ਪਟਿਆਲਾ ਦੇ ਚੇਅਰਮੈਨ ਸ. ਸੁਰਜੀਤ ਸਿੰਘ ਰੱਖੜਾ ਨੇ ਸੈਂਟਰਲ ਸਟੇਟ ਲਾਇਬ੍ਰੇਰੀ ਵਿਖੇ ਖੇਤੀਬਾੜੀ ਵਿਭਾਗ ਪੰਜਾਬ ਵੱਲੋਂ ਕਿਸਾਨਾਂ ਨੂੰ ਹਾੜੀ ਦੀਆਂ ਫਸਲਾਂ ਬਾਰੇ ਜਾਣਕਾਰੀ ਦੇਣ ਲਈ ਲਗਾਏ ਗਏ ਇੱਕ ਰੋਜ਼ਾ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਦਾ ਉਦਘਾਟਨ ਕਰਨ ਤੋਂ ਬਾਅਦ ਕਿਸਾਨਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ । ਸ. ਰੱਖੜਾ ਨੇ ਕਿਹਾ ਕਿ ਹਾੜੀ ਅਤੇ ਸਾਉਣੀ ਦੀਆਂ ਫਸਲਾਂ ਬਾਰੇ ਸੁਚੱਜੀ ਅਤੇ ਗਿਆਨਬੱਧ ਜਾਣਕਾਰੀ ਰੱਖਣ ਵਾਲੇ ਕਿਸਾਨ ਹੀ ਆਪਣੇ ਸਮੇਂ ਅਤੇ ਧਨ ਦੀ ਬੱਚਤ ਕਰਨ ਵਿੱਚ ਸਫਲ ਸਾਬਿਤ ਹੋ ਸਕਦੇ ਹਨ । ਇਸ ਕੈਂਪ ਦੀ ਪ੍ਰਧਾਨਗੀ ਡਿਪਟੀ ਕਮਿਸ਼ਨਰ ਪਟਿਆਲਾ ਸ਼੍ਰੀ ਵਿਕਾਸ ਗਰਗ ਨੇ ਕੀਤੀ ।
         ਸ. ਰੱਖੜਾ ਨੇ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤੀ ਮਾਹਿਰ ਲਗਾਤਾਰ ਕਿਸਾਨਾਂ ਨੂੰ ਜਾਗਰੂਕ ਕਰ ਰਹੇ ਹਨ ਅਤੇ ਅਜੋਕੇ ਸਮੇਂ ਵਿੱਚ ਆਪਣੇ ਆਪ ਨੂੰ ਸੁਰੱਖਿਅਤ ਕਰਨ ਦਾ ਇਕੋ ਇੱਕ ਢੰਗ ਹੈ ਕਿ ਕਿਸਾਨ ਫਸਲੀ ਚੱਕਰ ਵਿੱਚੋਂ ਨਿਕਲ ਕੇ ਫਸਲੀ ਵਿਭਿੰਨਤਾ ਨੂੰ ਅਪਣਾਉਣ । ਉਨ੍ਹਾਂ ਕਿਹਾ ਕਿ ਆਧੁਨਿਕ ਖੇਤੀ ਸਬੰਧੀ ਗਿਆਨ ਮੁਹੱਈਆ ਕਰਵਾਉਣ ਵਿੱਚ ਖੇਤੀਬਾੜੀ ਵਿਭਾਗ ਵੱਲੋਂ ਲਗਾਏ ਜਾਂਦੇ ਅਜਿਹੇ ਜਾਗਰੂਕਤਾ ਕੈਂਪ ਲਾਹੇਵੰਦ ਹੁੰਦੇ ਹਨ ਅਤੇ ਅਜਿਹੇ ਕੈਂਪਾਂ ਦੇ ਸਾਰਥਕ ਨਤੀਜੇ ਵੀ ਸਾਹਮਣੇ ਆਉਂਦੇ ਹਨ । ਉਨ੍ਹਾਂ ਕਿਹਾ ਕਿ ਹਾੜੀ ਦੀਆਂ ਫਸਲਾਂ ਵਿੱਚ ਸ਼ਾਮਿਲ ਕਣਕ ਦੇ ਨਾਲ-ਨਾਲ ਜੌਂ, ਛੋਲੇ, ਮਸਰੀ ਤੇ ਹੋਰ ਦਾਲਾਂ ਵੱਲ ਕਿਸਾਨਾਂ ਦਾ ਵੱਧ ਰਿਹਾ ਰੁਝਾਨ ਖੇਤੀਬਾੜੀ ਵਿਭਾਗ ਦੇ ਉਦੇਸ਼ਾਂ ਦੀ ਪੂਰਤੀ ਕਰਦਾ ਨਜ਼ਰ ਆਉਂਦਾ ਹੈ ।
         ਸਿਖਲਾਈ ਕੈਂਪ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਗਰਗ ਨੇ ਕਿਹਾ ਕਿ ਕਣਕ ਸਮੇਤ ਹਾੜੀ ਦੀਆਂ ਹੋਰ ਫਸਲਾਂ ਬਾਰੇ ਕਿਸਾਨਾਂ ਨੂੰ ਜਾਣਕਾਰੀ ਦੇਣ ਦੇ ਨਾਲ-ਨਾਲ ਮਿਆਰੀ ਖਾਦਾਂ ਅਤੇ ਚੰਗੇ ਬੀਜ ਕਿਸਾਨਾਂ ਨੂੰ ਮੁਹੱਈਆ ਕਰਵਾਉਣ ਵਿੱਚ ਅਜਿਹੇ ਕੈਂਪ ਲਾਭਦਾਇਕ ਸਾਬਿਤ ਹੁੰਦੇ ਹਨ । ਉਨ੍ਹਾਂ ਕਿਹਾ ਕਿ ਰਾਜ ਸਰਕਾਰ ਵੱਲੋਂ ਕਿਸਾਨਾਂ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਜਿਥੇ ਅਨੇਕਾਂ ਭਲਾਈ ਸਕੀਮਾਂ ਚਲਾਈਆਂ ਜਾ ਰਹੀਆਂ ਹਨ ਉਥੇ ਹੀ ਕਿਸਾਨਾਂ ਨੂੰ ਸਬਸਿਡੀ ‘ਤੇ ਬੀਜ ਅਤੇ ਖੇਤੀਬਾੜੀ ਲਈ ਲੋੜੀਂਦੇ ਆਧੁਨਿਕ ਸੰਦ ਤੇ ਔਜਾਰ ਵੀ ਮੁਹੱਈਆ ਕਰਵਾਏ ਜਾ ਰਹੇ ਹਨ । ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਭਾਗ ਪਟਿਆਲਾ ਨੇ ਸਾਲ 2011-12 ਲਈ 2 ਲੱਖ 36 ਹਜ਼ਾਰ ਹੈਕਟੇਅਰ ਰਕਬੇ ਵਿੱਚੋਂ 11 ਲੱਖ 42 ਹਜ਼ਾਰ ਮੀਟਰਕ ਟਨ ਕਣਕ ਦੀ ਪੈਦਾਵਾਰ ਕਰਨ ਦਾ ਟੀਚਾ ਮਿੱਥਿਆ ਹੈ ਜਿਸ ਨੂੰ ਵਿਭਾਗ ਵੱਲੋਂ ਯਕੀਨੀ ਤੌਰ ‘ਤੇ ਪੂਰਾ ਕਰ ਲਿਆ ਜਾਵੇਗਾ । ਉਨ੍ਹਾਂ ਕਿਹਾ ਕਿ ਪੰਜਾਬ ਸ਼ੁਰੂ ਤੋਂ ਹੀ ਖੇਤੀ ਵਿੱਚ ਮੋਢੀ ਸੂਬਾ ਰਿਹਾ ਹੈ ਅਤੇ ਕਿਸਾਨਾਂ ਵੱਲੋਂ ਖੇਤੀ ਮਾਹਿਰਾਂ ਦੁਆਰਾ ਕੀਤੀਆਂ ਜਾਣ ਵਾਲੀਆਂ ਖੋਜਾਂ ਨੂੰ ਅਪਣਾ ਕੇ ਭਵਿੱਖ ਵਿੱਚ ਵੀ ਇਸ ਦਰਜੇ ਨੂੰ ਕਾਇਮ ਰੱਖਿਆ ਜਾ ਸਕਦਾ ਹੈ ।
         ਇਸ ਮੌਕੇ ਖੇਤੀਬਾੜੀ ਵਿਭਾਗ ਦੇ ਸੰਯੁਕਤ ਡਾਇਰਕੈਟਰ ਡਾ. ਗੁਰਸੇਵਕ ਸਿੰਘ ਸੰਧੂ ਨੇ ਕਿਹਾ ਕਿ ਇਸ ਸਾਲ ਲਗਭਗ 31 ਲੱਖ ਹੈਕਟੇਅਰ ਰਕਬਾ ਕਣਕ, 20 ਹਜ਼ਾਰ ਹੈਕਟੇਅਰ ਜੌਂ, 13 ਹਜ਼ਾਰ ਹੈਕਟੇਅਰ ਦਾਲਾਂ ਅਤੇ 20 ਹਜ਼ਾਰ ਹੈਕਟੇਅਰ ਸੂਰਜਮੁਖੀ ਅਧੀਨ ਲਿਆਂਦਾ ਜਾਵੇਗਾ ਜਿਸ ਲਈ ਵਿਭਾਗ ਨੇ 13.50 ਲੱਖ ਟਨ ਯੂਰੀਆ, 4.15 ਲੱਖ ਟਨ ਡੀ.ਏ.ਪੀ ਅਤੇ 50 ਹਜ਼ਾਰ ਟਨ ਮਿਉਰੇਟਾਰ ਪੋਟਾਸ਼ ਦੇ ਪ੍ਰਬੰਧ ਕਰ ਲਏ ਹਨ । ਇਸ ਮੌਕੇ ਖੇਤੀਬਾੜੀ ਵਿਭਾਗ ਦੇ ਪ੍ਰਬੰਧਾਂ ਹੇਠ ਲਗਾਈਆਂ ਗਈਆਂ ਵੱਖ-ਵੱਖ ਪ੍ਰਦਰਸ਼ਨੀਆਂ ਵਿੱਚੋਂ ਡੇਅਰੀ ਵਿਕਾਸ ਵਿਭਾਗ ਪਟਿਆਲਾ ਦੀ ਪ੍ਰਦਰਸ਼ਨੀ ਨੂੰ ਜੇਤੂ ਐਲਾਨਿਆ ਗਿਆ । ਸਿਖਲਾਈ ਕੈਂਪ ਦੌਰਾਨ ਮੁੱਖ ਖੇਤੀਬਾੜੀ ਅਫਸਰ ਡਾ. ਰਜਿੰਦਰ ਸਿੰਘ ਸੋਹੀ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ । ਇਸ ਮੌਕੇ ਪ੍ਰਬੰਧਕਾਂ ਵੱਲੋਂ ਮੁੱਖ ਮਹਿਮਾਨ ਸ. ਰੱਖੜਾ ਅਤੇ ਡਿਪਟੀ ਕਮਿਸ਼ਨਰ ਸ੍ਰੀ ਗਰਗ ਸਮੇਤ ਹੋਰ ਵੱਖ-ਵੱਖ ਸ਼ਖਸ਼ੀਅਤਾਂ ਨੂੰ ਯਾਦਗਾਰੀ ਚਿੰਨ੍ਹਾਂ ਨਾਲ ਸਨਮਾਨਿਤ ਕੀਤਾ ਗਿਆ । ਇਸ ਮੌਕੇ ਡਾ. ਸੰਤੋਖ ਸਿੰਘ ਚਾਹਲ, ਕ੍ਰਿਸ਼ੀ ਵਿਗਿਆਨ ਕੇਂਦਰ ਦੇ ਡਿਪਟੀ ਡਾਇਰੈਕਟਰ ਡਾ. ਗੁਰਜਿੰਦਰਪਾਲ ਸਿੰਘ ਸੋਢੀ, ਡੇਅਰੀ ਵਿਕਾਸ ਵਿਭਾਗ ਦੇ ਡਿਪਟੀ ਡਾਇਰੈਕਟਰ ਸ਼੍ਰੀ ਅਸ਼ੋਕ ਕੁਮਾਰ ਰੌਣੀ, ਸ਼੍ਰੀ ਹਰਜਿੰਦਰ ਸਿੰਘ ਬੱਲ, ਸ਼੍ਰੀ ਬਲਦੇਵ ਸਿੰਘ ਬਠੋਈ, ਡਾ. ਇੰਦਰਪਾਲ ਸਿੰਘ ਸੰਧੂ, ਸ਼੍ਰੀ ਗੁਰਮੀਤ ਸਿੰਘ, ਸ਼੍ਰੀ ਅਰਵਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਅਤੇ ਖੇਤੀਬਾੜੀ ਮਹਿਕਮੇ ਦੇ ਅਧਿਕਾਰੀ ਹਾਜ਼ਰ ਸਨ ।

Translate »