*ਪਰਿਵਰਤਨ ਯਾਤਰਾ ਨਹੀਂ ਕਾਂਗਰਸ ਸ਼ੁਰੂ ਕਰਨ ਜਾ ਰਿਹੈ ਅੰਤਮ ਯਾਤਰਾ
*ਮਾਝੇ ਦੇ ਅਕਾਲੀ ਆਗੂਆਂ ਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਕੈਪਟਨ ਖ਼ਿਲਾਫ਼ ਜ਼ੋਰਦਾਰ ਬਿਗੁਲ ਵਜਾਇਆ
ਅੰਮ੍ਰਿਤਸਰ – ਸ਼੍ਰੋਮਣੀ ਅਕਾਲੀ ਦਲ ਅਤੇ ਯੂਥ ਅਕਾਲੀ ਦਲ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਨੂੰ ਭ੍ਰਿਸ਼ਟ ਸੂਬਾ ਕਹਿ ਕੇ ਬਦਨਾਮ ਕਰਨ ਦਾ ਗੰਭੀਰ ਨੋਟਿਸ ਲੈਂਦਿਆਂ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਕਾਂਗਰਸੀ ਪਿੱਠੂਆਂ ਦੀ ਲੱਕ ਤੋੜਵੀਂ ਹਾਰ ਅਤੇ ਪੰਜਾਬ ਕਾਂਗਰਸ ਦੀ ਅੰਦਰੂਨੀ ਕਾਟੋ-ਕਲੇਸ਼ ਵੱਧਦੀ ਵੇਖ ਕੇ ਕੈਪਟਨ ਸਦਮਾਗ੍ਰਸਤ ਹੋ ਚੁੱਕਾ ਹੈ। ਉਹਨਾ ਕਿਹਾ ਕਿ ਕਾਂਗਰਸ ਪਰਿਵਰਤਨ ਯਾਤਰਾ ਨਹੀਂ ਸਗੋਂ ਕਾਂਗਰਸ ਆਪਣੀ ਹੀ ਅੰਤਮ ਯਾਤਰਾ ਸ਼ੁਰੂ ਕਰਨ ਜਾ ਰਹੀ ਹੈ। ਅੱਜ ਇੱਥੇ ਇੱਕ ਪ੍ਰੈਸ ਕਾਂਨਫਰੰਸ ਦੌਰਾਨ ਅਕਾਲੀ ਵਿਧਾਇਕ ‘ਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਸ: ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਹੇਠ ਮਾਝੇ ਨਾਲ ਸਬੰਧਤ ਅਕਾਲੀ ਵਿਧਾਇਕਾਂ, ਸ਼੍ਰੋਮਣੀ ਕਮੇਟੀ ਮੈਂਬਰਾਂ ਅਤੇ ਸੀਨੀਅਰ ਆਗੂਆਂ ਨੇ ਕਿਹਾ ਕਿ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਵੱਲੋਂ ਰਾਜ ਵਿੱਚ ਅਥਾਹ ਵਿਕਾਸ ਕਰਵਾਏ ਜਾਣ ਅਤੇ ਸੂਬੇ ਦੇ ਹਰ ਵਰਗ ਨੂੰ ਸੁੱਖ-ਸਹੂਲਤਾਂ ਮੁਹੱਈਆ ਕਰਵਾਏ ਜਾਣ ਕਰਕੇ ਬਾਦਲ ਸਰਕਾਰ ਦੀ ਹਰਮਨਪਿਆਰਤਾ ਵਿੱਚ ਵਾਧਾ ਹੋਇਆ ਹੈ ਅਤੇ 2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਨੂੰ ਸੰਭਾਵੀ ਹਾਰ ਪ੍ਰਤੱਖ ਦਿਖਾਈ ਦੇਣ ਲੱਗ ਪਈ ਹੈ। ਇਸ ਭਾਰੀ ਸਦਮੇ ਕਾਰਨ ਪੰਜਾਬ ਕਾਂਗਰਸ ਦਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਬੁਰੀ ਤਰ੍ਹਾਂ ਬੌਖਲਾ ਗਿਆ ਹੈ, ਜਿਸ ਦੇ ਸਿੱਟੇ ਵਜੋਂ ਉਹ ਸੌੜੇ ਸਿਆਸੀ ਮੁਫ਼ਾਦ ਲਈ ਊਟ-ਪਟਾਂਗ ਅਤੇ ਦਿਸ਼ਾਹੀਣ ਬਿਆਨਬਾਜ਼ੀ ਕਰ ਰਿਹਾ ਹੈ। ਅਕਾਲੀ ਆਗੂਆਂ ਨੇ ਕਿਹਾ ਕਿ ਬੌਖਲਾਇਆ ਹੋਇਆ ਸਾਬਕਾ ਮੁੱਖ ਮੰਤਰੀ ਸਾਰੀ ਮਾਣ-ਮਰਿਆਦਾ ਭੁੱਲ ਕੇ ਪੰਜਾਬ ਸੂਬੇ ਨੂੰ ਹੀ ਦੇਸ਼ ਦਾ ਭ੍ਰਿਸ਼ਟ ਸੂਬਾ ਕਰਾਰ ਦੇਣ ਦੇ ਕੂੜ-ਪ੍ਰਚਾਰ ‘ਤੇ ਉਤਰ ਆਇਆ ਹੈ। ਉਸਨੂੰ ਇਹ ਵੀ ਖ਼ਿਆਲ ਨਹੀਂ ਕਿ ਆਪਣੇ ਸੂਬੇ ਦਾ ਮਾਣ-ਸਨਮਾਨ ਕਾਇਮ ਰੱਖਣਾ ਹਰੇਕ ਪੰਜਾਬੀ ਦਾ ਫ਼ਰਜ਼ ਹੁੰਦਾ ਹੈ ਭਾਂਵੇ ਉਹ ਵਿਰੋਧੀ ਧਿਰ ਵਿੱਚ ਹੀ ਕਿਉਂ ਨਾ ਹੋਵੇ। ਮਜੀਠੀਆ ਨੇ ਕਿਹਾ ਕਿ ਜੇਕਰ ਕੈਪਟਨ ਨੇ ਪੰਜਾਬ ਸੂਬੇ ਨੂੰ ਭੰਡਣ ਦੀ ਪ੍ਰਕਿਰਿਆ ਤੁਰੰਤ ਬੰਦ ਨਾ ਕੀਤੀ ਤਾਂ ਯੂਥ ਅਕਾਲੀ ਦਲ ਵੱਲੋਂ ਉਸਦਾ ਘੇਰਾਓ ਕਰਨ ਦਾ ਪ੍ਰੋਗਰਾਮ ਉਲੀਕਿਆ ਜਾਵੇਗਾ, ਜਿਸ ਦੇ ਸਿੱਿਟਆਂ ਲਈ ਉਹ ਖ਼ੁਦ ਜਿੰਮੇਵਾਰ ਹੋਵੇਗਾ।
ਸ: ਮਜੀਠੀਆ ਨੇ ਕਿਹਾ ਕਿ ਕੈਪਟਨ ਵੱਲੋਂ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਦੇ ਆਗੂ ਅੰਨਾ ਹਜ਼ਾਰੇ ਦੇ ਨਾਂਅ ‘ਤੇ ਸਿਆਸੀ ਰੋਟੀਆਂ ਸੇਕਣ ਦੀ ਕੋਸ਼ਿਸ਼ ਵੀ ਪੁੱਠੀ ਪੈ ਰਹੀ ਹੈ ਅਤੇ ਕੈਪਟਨ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਪੂਰੇ ਮੁਲਕ ਵਿੱਚ ਕਾਂਗਰਸ ਦੀ ਫੱਟੀ ਪੋਚ ਕੇ ਜੇਕਰ ਅੰਨਾ ਹਜ਼ਾਰੇ ਪੰਜਾਬ ਆਉਣਗੇ ਤਾਂ ਇੱਥੇ ਵੀ ਕਾਂਗਰਸ ਨੂੰ ਭੱਜਦਿਆਂ ਨੂੰ ਰਾਹ ਨਹੀਂ ਲੱਭੇਗਾ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ 26 ਰੁਪਏ ਅਤੇ ਸ਼ਹਿਰਾਂ ‘ਚ 32 ਰੁਪਏ ਰੋਜ਼ਾਨਾਂ ਖਰਚਣ ਵਾਲੇ ਨੂੰ ਅਮੀਰ ਮੰਨਣ ਸਬੰਧੀ ਕੇਂਦਰ ਦੀ ਕਾਂਗਰਸ ਸਰਕਾਰ ਦੁਆਰਾ ਮਿੱਥੇ ਮਾਪਦੰਡਾਂ ਕਾਰਨ ਅੱਜ ਪੂਰੇ ਦੇਸ਼ ਵਿੱਚ ਕਾਂਗਰਸ ਪਾਰਟੀ ਦੀ ਸਥਿਤੀ ਹਾਸੋਹੀਣੀ ਬਣੀ ਹੋਈ ਹੈ ਅਤੇ ਜਿੰਮੇਵਾਰ ਕਾਂਗਰਸੀ ਲੋਕਾਂ ਵਿੱਚ ਜਾਣ ਤੋਂ ਕੰਨੀ ਕਤਰਾ ਰਹੇ ਹਨ। ਕੇਂਦਰ ਸਰਕਾਰ ਦੀਆਂ ਨੀਤੀਆਂ ਕਾਰਨ ਹੋਈ ਮਹਿੰਗਾਈ ਨੇ ਲੋਕਾਂ ਦਾ ਕਚੁੰਬੜ ਕੱਢਿਆ ਹੋਇਆ ਹੈ। ਅੱਝ ਆਟਾ 16 ਰੁਪਏ ਕਿਲੋ, ਦਾਲ 60 ਤੋਂ 70 ਰੁਪਏ ਕਿਲੋ, ਖੰਡ 32 ਰੁਪਏ ਅਤੇ ਰਸੋਈ ਗੈਸ 420 ਅਕਾਲੀ ਆਗੂਆਂ ਨੇ ਕਿਹਾ ਕਿ ਇਸ ਨਮੋਸ਼ੀ ਭਰੀ ਸਥਿਤੀ ਤੋਂ ਨਿਕਲਣ ਲਈ ਕੁੱਝ ਸਾਰਥਿਕ ਕਰਨ ਦੀ ਬਜਾਏ ਕੈਪਟਨ ਅਵਾ-ਤਵਾ ਬੋਲ ਰਿਹਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਵੱਲੋਂ ਸਾਲ 2002 ਵਿੱਚ ਮੁੱਖ ਮੰਤਰੀ ਬਣਨ ਤੋ ਪਹਿਲਾਂ ਬਾਦਲ ਪਰਿਵਾਰ ਖ਼ਿਲਾਫ਼ 3500 ਕਰੋੜ ਦੀ ਜਾਇਦਾਦ ਬਣਾਉਣ ਦਾ ਕੂੜ-ਪ੍ਰਚਾਰ ਕਰਕੇ ਸੱਤਾ ਹਾਸਲ ਕੀਤੀ ਜਦ ਕਿ ਮੁੱਖ ਮੰਤਰੀ ਬਣਦਿਆਂ ਹੀ ਚਲਾਣ ਕੇਵਲ 70 ਕਰੋੜ ਦਾ ਹੀ ਕੀਤਾ ਪਰ ਮਾਣਯੋਗ ਅਦਾਲਤ ਨੇ ਇਨ੍ਹਾਂ ਸਾਰੇ ਕੇਸਾਂ ਨੂੰ ਝੂਠੇ ਕਰਾਰ ਦੇ ਕੇ ਬਾਦਲ ਪਰਿਵਾਰ ਨੂੰ ਬਾਇਜ਼ਤ ਬਰੀ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਤੋਂ ਕੋਈ ਸਬਕ ਸਿੱਖਣ ਦੀ ਬਜਾਏ ਇਹ ਬੌਖ਼ਲਾਇਆ ਆਗੂ ਹੁਣ ਚੋਣਾ ਨੇੜੇ ਆਉਂਦੀਆਂ ਵੇਖ ਕੇ ਮੁੜ ਕੂਕਣ ਲੱਗ ਪਿਆ ਹੈ ਪਰ ਐਤਕੀਂ ਪੰਜਾਬ ਦੇ ਲੋਕ ਦੁਬਾਰਾ ਗੁੰਮਰਾਹ ਨਹੀ ਹੋਣਗੇ। ਅਕਾਲੀ ਆਗੂਆਂ ਨੇ ਕਿਹਾ ਕਿ ਸਰਕਾਰ ‘ਤੇ ਰੇਤ-ਬੱਜਰੀ ਅਤੇ ਸ਼ਰਾਬ ਦੇ ਠੇਕਿਆਂ ਵਿੱਚ ਧਾਂਦਲੀਆਂ ਕਰਨ ਦੇ ਝੂਠੇ ਦੋਸ਼ ਲਾਉਣ ਵਾਲੇ ਇਸ ਆਗੂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਮੌਜੂਦਾ ਸਰਕਾਰ ਦੇ ਕਾਰਜਕਾਲ ਦੌਰਾਨ ਇਹਨਾਂ ਠੇਕਿਆਂ ਤੋਂ ਰਾਜ ਦੇ ਖ਼ਜ਼ਾਨੇ ਵਿੱਚ 300 ਫੀਸਦੀ ਤੋਂ ਵੀ ਵੱਧ ਵਾਧਾ ਹੋਇਆ ਹੈ ,ਜਿਸ ਸਬੰਧੀ ਸਮੁੱਚੇ ਅੰਕੜੇ ਸਰਕਾਰੀ ਦਸਤਾਵੇਜ਼ਾਂ ਵਿੱਚ ਦਰਜ ਹਨ। ਇਸੇ ਤਰ੍ਹਾਂ ਰਾਜ ਦੀ ਮੌਜੂਦਾ ਟਰਾਂਸਪੋਰਟ ਨੀਤੀ ਕਾਮਯਾਬ ਮੰਨੀ ਗਈ ਹੈ ਅਤੇ ਇਸ ਨਾਲ ਜਿੱਥੇ ਲੋਕਾਂ ਦੀ ਸਹੁਲਤ ਲਈ ਸਰਕਾਰੀ ਬੱਸਾਂ ਦੀ ਗਿਣਤੀ ਵਿੱਚ ਭਾਰੀ ਵਾਧਾ ਹੋਇਆ ਹੈ, ਉੱਥੇ ਹੋਰਨਾਂ ਰਾਜਾਂ ਦੇ ਮੁਕਾਬਲੇ ਸਰਕਾਰੀ ਟਰਾਂਸਪੋਰਟ ਖੇਤਰ ਦੇ ਘਾਟੇ ਵਿੱਚ ਵੀ ਭਾਰੀ ਕਮੀ ਆਈ ਹੈ। ਸਾਲ 2005-06 ਵਿੱਚ ਇਹ ਘਾਟਾ 125.80 ਕਰੋੜ ਸੀ ਜਦ ਕਿ ਹੁਣ ਡੀਜ਼ਲ ਦੀ ਕੀਮਤ ਅਤੇ ਤਨਖਾਹਾਂ ਵੱਧਣ ਦੇ ਬਾਵਜੂਦ ਵੀ ਇਹ ਘਾਟਾ 88.26 ਕਰੋੜ ਰਹਿ ਗਿਆ ਹੈ। ਸ: ਮਜੀਠੀਆ ਨੇ ਕਿਹਾ ਸਥਿਤੀ ਦਾ ਵਿਅੰਗ ਇਹ ਹੈ ਕਿ ਖੁੱਦ ਹਜ਼ਾਰਾਂ ਕਰੋੜ ਦੇ ਭ੍ਰਿਸ਼ਟਾਚਾਰ ਕਰਨ ਦੇ ਕੇਸਾਂ ਵਿੱਚ ਪੇਸ਼ੀਆਂ ਭੁਗਤਣ ਆਉਂਦਾ ਕੈਪਟਨ ਅਕਾਲੀ-ਭਾਜਪਾ ਸਰਕਾਰ ਖ਼ਿਲਾਫ਼ ਤੱਥਹੀਣ ਬਿਆਨ ਦੇਣ ਸਮੇਂ ਇਹ ਵੀ ਯਾਦ ਨਹੀਂ ਰੱਖਦਾ ਕਿ ਉਹ ਆਪ ਕਚਹਿਰੀਆਂ ਵਿੱਚ ਖੜਾ ਹੈ ਅਤੇ ਖ਼ੁਦ ਤਰੀਕਾਂ ਭੁਗਤ ਰਹੇ ਕੈਪਟਨ ਨੂੰ ਦੂਸਰਿਆਂ ‘ਤੇ ਚਿੱਕੜ ਉਛਾਲਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ।
ਸ: ਮਜੀਠੀਆ ਨੇ ਦੱਸਿਆ ਕਿ ਰਾਜ ਦੀ ਆਰਥਿਕ ਸਥਿਤੀ ਸਬੰਧੀ ਵੀ ਕੈਪਟਨ ਤੱਥਾਂ ਨੂੰ ਅਣਗੌਲਿਆ ਕਰ ਰਿਹਾ ਹੈ ਜਦ ਕਿ ਸਚਾਈ ਇਹ ਹੈ ਕਿ ਰਾਜ ਦੀ ਮਾਲੀਆ ਉਗਰਾਹੀ ਕੈਪਟਨ ਦੇ ਰਾਜ ਦੌਰਾਨ 36806 ਕਰੋੜ ਤੋਂ ਵੱਧ ਕੇ ਹੁਣ ਲਗਭਗ ਦੁੱਗਣੀ 70890 ਕਰੋੜ ਹੋ ਗਈ ਹੈ। ਕੇਂਦਰ ਸਰਕਾਰ ਵੱਲੋਂ ਕਣਕ ਦੇ ਐਲਾਨੇ ਸਮਰਥਨ ਮੁੱਲ 1300 ਰੁਪਏ ਪ੍ਰਤੀ ਕੁਇੰਟਲ ਨੂੰ ਰੱਦ ਕਰਦਿਆਂ ਅਕਾਲੀ ਆਗੂਆਂ ਨੇ ਇਹ ਮੁੱਲ 2200 ਰੁਪਏ ਮਿੱਥਣ ਦੀ ਜ਼ੋਰਦਾਰ ਮੰਗ ਕੀਤੀ ਅਤੇ ਕਿਹਾ ਕਿ ਜਦੋਂ ਡੀ.ਏ.ਪੀ. ਅਤੇ ਯੂਰੀਆ ਖਾਦਾਂ ਦੀਆਂ ਕੀਮਤਾਂ ਤੋਂ ਇਲਾਵਾ ਸਮੁੱਚੀ ਖੇਤੀ ਲਾਗਤ ਵਿੱਚ ਕਈ ਗੁਣਾਂ ਵਾਧਾ ਹੋਇਆ ਹੈ ਤਾਂ ਕੇਂਦਰ ਵੱਲੋਂ ਕਣਕ ਦੇ ਮੁੱਲ ਵਿੱਚ ਮਾਮੂਲੀ ਵਾਧਾ ਕਰਨਾ ਕਿਸਾਨਾਂ ਨਾਲ ਇੱਕ ਕੋਝਾ ਮਜ਼ਾਕ ਹੈ। ਕੈਪਟਨ ਅਮਰਿੰਦਰ ਸਿੰਘ ਦੁਆਰਾ ਪ੍ਰਸਤਾਵਿਤ ਯਾਤਰਾ ਨੂੰ ‘ਕਾਂਗਰਸ ਦੀ ਅੰਤਮ ਯਾਤਰਾ” ਦੀ ਸੰਗਿਆ ਦਿੰਦਿਆਂ ਕਿਹਾ ਕਿ ਜੇਕਰ ਕੈਪਟਨ ਸੱਚਮੁੱਚ ਹੀ ਪੰਜਾਬ ਹਿਤੈਸ਼ੀ ਹੈ ਤਾਂ ਉਸਨੂੰ ਪੰਜਾਬ ਦੇ ਕਿਸਾਨਾਂ ਨੂੰ ਜਿਣਸਾਂ ਦੇ ਵਾਜਿਬ ਮੁੱਲ ਦਿਵਾਉਣ ਅਤੇ ਖਾਦਾਂ-ਦਵਾਈਆਂ ਦੇ ਰੇਟ ਘਟਾਉਣ ਲਈ ਦਿੱਲੀ ਜਾ ਕੇ ਸੰਸਦ ਅੱਗੇ ਸੰਘਰਸ਼ ਕਰਨਾ ਚਾਹੀਦਾ ਹੈ।