ਅੰਮ੍ਰਿਤਸਰ – ਅੰਮ੍ਰਿਤਸਰ ਜ਼ਿਲ੍ਹਾਂ ਯੋਜਨਾ ਕਮੇਟੀ ਦੇ ਚੇਅਰਮੈਨ ਅਤੇ ਸਾਬਕਾ ਵਿਧਾਇਕ ਸ੍ਰ. ਵੀਰ ਸਿੰਘ ਲੋਪੋਕੇ ਦੀ ਮਾਤਾ ਦਰਸ਼ਨ ਕੌਰ ਦਾ ਅੰਤਿਮ ਸਸਕਾਰ ਪੂਰਨ ਗੁਰ-ਮਰਿਯਾਦਾ ਅਨੁਸਾਰ ਪਿੰਡ ਲੋਪੋਕੇ ਵਿਖੇ ਹੋਇਆ, ਉਹ 87 ਵਰ੍ਹਿਆਂ ਦੇ ਸਨ ਅਤੇ 12 ਅਕਤੂਬਰ ਨੂੰ ਅਕਾਲ ਚਲਾਣਾ ਕਰ ਗਏ ਸਨ। ਅੱਜ ਮਾਤਾ ਦਰਸ਼ਨ ਕੌਰ ਦੇ ਮ੍ਰਿਤਕ ਸਰੀਰ ਨੂੰ ਪਿੰਡ ਲੋਪੋਕੇ ਦੇ ਸ਼ਮਸ਼ਾਨਘਾਟ ਵਿੱਚ ਅਗਨ ਭੇਂਟ ਕੀਤਾ ਗਿਆ ਅਤੇ ਉਨ੍ਹਾਂ ਨੂੰ ਅੰਤਿਮ ਅਗਨੀ ਭੇਂਟ ਕਰਨ ਦੀ ਰਸਮ ਉਨ੍ਹਾਂ ਦੇ ਸਪੁੱਤਰ ਵੀਰ ਸਿੰਘ ਲੋਪੋਕੇ ਨੇ ਨਿਭਾਈ। ਇਸ ਮੌਕੇ ਇਲਾਕੇ ਦੇ ਪਤਵੰਤੇ ਅਤੇ ਰਿਸ਼ਤੇਦਾਰਾਂ ਤੋਂ ਇਲਾਵਾ, ਮੈਂਬਰ ਪਾਰਲੀਮੈਂਟ ਅਤੇ ਸੀਨੀਅਰ ਅਕਾਲੀ ਆਗੂ, ਡਾ. ਰਤਨ ਸਿੰਘ ਅਜਨਾਲਾ, ਮੁੱਖ ਪਾਰਲੀਮਾਨੀ ਸਕੱਤਰ, ਸ੍ਰ. ਇੰਦਰਬੀਰ ਸਿੰਘ ਬੁਲਾਰੀਆ, ਯੂਥ ਅਕਾਲੀ ਦਲ ਦੇ ਪ੍ਰਧਾਨ ਅਤੇ ਵਿਧਾਇਕ ਸ੍ਰ. ਬਿਕਰਮਜੀਤ ਸਿੰਘ ਮਜੀਠੀਆ, ਸ੍ਰ. ਲੋਪੋਕੇ ਦੇ ਦੁੱਖ ਵਿੱਚ ਸ਼ਰੀਕ ਹੋਣ ਪਹੁੰਚੇ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਰਜਤ ਅਗਰਵਾਲ, ਸ੍ਰ. ਵੀਰ ਸਿੰਘ ਲੋਪੋਕੇ ਨਾਲ ਦੁੱਖ ਸਾਂਝਾ ਕਰਨ ਅਤੇ ਅੰਤਿਮ ਸਸਕਾਰ ਦੀਆਂ ਰਸਮਾਂ ਵਿੱਚ ਸ਼ਾਮਿਲ ਹੋਣ ਲਈ ਵਿਸ਼ੇਸ ਤੌਰ ਪਹੁੰਚੇ।