ਲੁਧਿਆਣਾ – ਸਾਡੇ ਅਲੋਪ ਹੋ ਰਹੇ ਅਮੀਰ ਪੁਰਾਤਨ ਸੱਭਿਆਚਾਰਕ ਵਿਰਸੇ ਨੂੰ ਮੁੜ ਸੁਰਜੀਤ ਕਰਨ ਅਤੇ ਧੀਆਂ ਨੂੰ ਸੱਭਿਆਚਾਰਕ ਵਿਰਸੇ ਨਾਲ ਜੋੜ ਕੇ ਸਮਾਜ ਵਿੱਚੋਂ ਕੁਰੀਤੀਆਂ ਦੂਰ ਕਰਨ ਦੇ ਮਕਸਦ ਨਾਲ 21 ਅਤੇ 22 ਅਕਤੂਬਰ ਨੂੰ ਸਰਕਾਰੀ ਕਾਲਜ ਫ਼ਾਰ ਵੋਮੈਨ ਵਿਖੇ ਰਾਜ ਪੱਧਰੀ ਵਿਰਾਸਤੀ ਮੇਲਾ ‘ਮੇਲਾ ਧੀਆਂ ਦਾ’ ਆਯੋਜਿਤ ਕੀਤਾ ਜਾਵੇਗਾ। ਇਹ ਪ੍ਰਗਟਾਵਾ ਸ. ਹੀਰਾ ਸਿੰਘ ਗਾਬੜੀਆ ਜੇਲ੍ਹਾਂ, ਸੈਰ-ਸਪਾਟਾ, ਸੱਭਿਆਚਾਰਕ ਅਤੇ ਛਪਾਈ ਤੇ ਲਿਖਣ ਸਮੱਗਰੀ ਮੰਤਰੀ ਪੰਜਾਬ ਨੇ ਅੱਜ ਸਰਕਾਰੀ ਕਾਲਜ ਫ਼ਾਰ ਵੋਮੈਨ ਵਿਖੇ ਆਯੋਜਿਤ ਕੀਤੇ ਜਾ ਰਹੇ ਦੋ-ਰੋਜ਼ਾ ਮੇਲੇ ਦੇ ਅਗੇਤਰੇ ਪ੍ਰਬੰਧਾਂ ਲਈ ਬੁਲਾਈ ਗਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ।
ਸ੍ਰ. ਗਾਬੜੀਆ ਨੇ ਕਿਹਾ ਕਿ ਸ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਪੰਜਾਬੀ ਸੱਭਿਆਚਾਰ ਤੇ ਅਮੀਰ ਵਿਰਸੇ ਨੂੰ ਪ੍ਰਫੁੱਲਤ ਕਰਨ ਲਈ ਗੰਭੀਰ ਯਤਨ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਰਾਜ ਸਰਕਾਰ ਵੱਲੋਂ ਧੀਆਂ ਨੂੰ ਸਮਾਜ ਵਿੱਚ ਮਾਣ-ਸਨਮਾਨ ਦੇਣ ਅਤੇ ਸਮਾਜਿਕ ਬੁਰਾਈਆਂ ਖਤਮ ਕਰਨ ਲਈ ਹਰ ਸਾਲ ਵਿਰਾਸਤੀ ਮੇਲਾ ਧੀਆਂ ਦਾ ਆਯੋਜਿਤ ਕੀਤਾ ਜਾਂਦਾ ਹੈ ਤਾਂ ਜੋ ਇੱਕ ਨਰੋਏ ਸਮਾਜ ਦੀ ਸਿਰਜਣਾ ਹੋ ਸਕੇ। ਉਹਨਾਂ ਕਿਹਾ ਕਿ ਇਸ ਕਾਲਜ ਵਿੱਚ ਇਹ ਵਿਰਾਸਤੀ ਮੇਲਾ ਚੌਥੀ ਵਾਰ ਆਯੋਜਿਤ ਕੀਤਾ ਜਾ ਰਿਹਾ ਹੈ ਅਤੇ ਇਸ ਵਾਰ ਮੇਲੇ ਵਿੱਚ ਨਵੀਆਂ ਵੰਨਗੀਆਂ ਸ਼ਾਮਲ ਕੀਤੀਆਂ ਜਾਣਗੀਆਂ। ਉਹਨਾਂ ਕਿਹਾ ਕਿ ਮੇਲੇ ਵਿੱਚ ਸਮਾਜਿਕ ਬੁਰਾਈਆਂ ਦੇ ਵੱਖ-ਵੱਖ ਵਿਸ਼ਿਆਂ ‘ਤੇ ਲੜਕੀਆਂ ਦੇ ਭਾਸ਼ਣ ਮੁਕਾਬਲੇ ਕਰਵਾਏ ਜਾਣਗੇ ਜੋ ਕਿ ਉਹਨਾਂ ਨੂੰ ਸਮਾਜਿਕ ਬੁਰਾਈਆਂ ਬਾਰੇ ਜਾਗਰੂਕ ਅਤੇ ਖਤਮ ਕਰਨ ਲਈ ਸਹਾਈ ਸਿੱਧ ਹੋਣਗੇ। ਉਹਨਾਂ ਕਿਹਾ ਕਿ ਲੜਕੀਆਂ ਦੀਆਂ ਹਾਕੀ, ਕਬੱਡੀ ਅਤੇ ਫੁੱਟਵਾਲ ਆਦਿ ਦੇ ਮੁਕਾਬਲੇ ਵੀ ਕਰਵਾਏ ਜਾਣਗੇ। ਉਹਨਾਂ ਕਿਹਾ ਕਿ 21 ਅਤੇ 22 ਦੀ ਰਾਤ ਨੂੰ ਹਰਪਾਲ ਟਿਵਾਣਾ ਅਕੈਡਮੀ ਵੱਲੋਂ ਸੱਭਿਆਚਾਰਕ ਨਾਟਕ ਖੇਡੇ ਜਾਣਗੇ।ਉਹਨਾਂ ਦੱਸਿਆ ਕਿ ਵੱਖ-ਵੱਖ ਮੁਕਾਬਲਿਆਂ ਵਿੱਚ ਜੇਤੂ ਲੜਕੀਆਂ ਨੂੰ ਉਘੀਆਂ ਲੋਕ ਗਾਇਕਾ ਬੀਬੀ ਸੁਰਿੰਦਰ ਕੌਰ ਅਤੇ ਨਰਿੰਦਰ ਬੀਬਾ ਦੇ ਨਾਂ ਤੇ ਨਕਦ ਇਨਾਮ ਵੀ ਦਿੱਤੇ ਜਾਣਗੇ।
ਸ੍ਰ. ਗਾਬੜੀਆ ਨੇ ਦੱਸਿਆ ਕਿ ਦੋ ਦਿਨਾਂ ਚੱਲਣ ਵਾਲੇ ਇਸ ਵਿਰਾਸਤੀ ਮੇਲੇ ਨੂੰ ਇੱਕ ਪਿੰਡ ਦਾ ਰੂਪ ਦਿੱਤਾ ਜਾਵੇਗਾ, ਜਿਸ ਵਿੱਚ ਭਰੂਣ-ਹੱਤਿਆ ਅਤੇ ਵਾਤਾਵਰਣ ਤੇ ਪੋਸਟਰ ਬਨਾਉਣ, ਕਲੇਅ ਮਾਡਲਿੰਗ, ਨਾਲਾ ਬੁਣਨਾ, ਕਰੋਸ਼ੀਏ ਦੀ ਬੁਣਤੀ, ਪੀੜੀ ਬਨਾਉਣਾ, ਕੰਧ ਚਿਤਰਕਾਰੀ, ਹੇਕਾਂ ਵਾਲੇ ਗੀਤ, ਮਹਿੰਦੀ ਲਗਾਉਣ, ਪੰਜਾਬੀ ਰਸੋਈ ਦੇ ਮੁਕਾਬਲੇ ਆਦਿ ਕਰਵਾਏ ਜਾਣਗੇ ਅਤੇ ਇਸੇ ਤਰ੍ਹਾਂ ਕਵਿਤਾ ਉਚਾਰਨ, ਕਵੀਸ਼ਰੀ, ਵਾਰ ਗਾਇਨ; ਲੋਕ ਗੀਤ ਅਤੇ ਪਹਿਰਾਵਾ ਪ੍ਰਦਰਸ਼ਨੀ ਦੇ ਮੁਕਾਬਲੇ ਸਟੇਜ ਤੇ ਕਰਵਾਏ ਜਾਣਗੇ। ਉਹਨਾਂ ਦੱਸਿਆ ਕਿ ਸਰਕਾਰੀ ਕਾਲਜ ਦੀ ਗਰਾਊਂਡ ਨੂੰ ਪੂਰੀ ਤਰ੍ਹਾਂ ਪੇਂਡੂ ਮਾਹੌਲ ਵਿੱਚ ਸਿਰਜਿਆ ਜਾਵੇਗਾ, ਜਿਸ ਵਿੱਚ ਪੁਰਾਤਨ ਅਤੇ ਰਵਾਇਤੀ ਚੁੱਲ੍ਹੇ ਚੌਂਕੇ, ਚਰਖੇ ਕੱਤਣਾ, ਤ੍ਰਿੰਝਣ, ਚਾਟੀ-ਮਧਾਣੀ, ਪੀਂਘਾਂ ਝੂਟਣਾ, ਗੁੱਡੀਆਂ ਪਟੋਲੇ, ਦਰੀਆਂ ਤੇ ਪੱਖੀਆਂ ਬੁਣਨਾ ਅਤੇ ਦਾਣੇ ਭੁੰਨਣ ਵਾਲੀ ਭੱਠੀ ਆਦਿ ਪੇਸ਼ ਕੀਤੀ ਜਾਵੇਗੀ। ਇਸ ਤੋਂ ਇਲਾਵਾ ਖਾਣ-ਪੀਣ ਦੇ ਸਟਾਲਾਂ ਵਿੱਚ ਪੰਜਾਬੀ ਖਾਣਿਆਂ ਨੂੰ ਅਹਿਮੀਅਤ ਦਿੱਤੀ ਜਾਵੇਗੀ।ਉਹਨਾਂ ਦੱਸਿਆ ਕਿ ਇਸ ਮੇਲੇ ਵਿੱਚ ਕੇਵਲ ਔਰਤਾਂ ਅਤੇ ਲੜਕੀਆਂ ਦਾ ਹੀ ਦਾਖਲਾ ਹੋਵੇਗਾ। ਉਹਨਾ ਕਿਹਾ ਕਿ ਇਸ ਵਾਰ ਇਹ ਮੇਲਾ ਇੱਕ ਨਿਵੇਕਲੀ ਛਾਪ ਛੱਡ ਕੇ ਜਾਵੇਗਾ ਅਤੇ ਹਰ ਸਾਲ ਇਸੇ ਤਰ੍ਹਾਂ ਜਾਰੀ ਰਹੇਗਾ।ਉਹਨਾਂ ਮੀਟਿੰਗ ਵਿੱਚ ਹਾਜ਼ਰ ਅਧਿਕਾਰੀਆਂ, ਵੱਖ-ਵੱਖ ਕਾਲਜਾਂ ਦੇ ਪ੍ਰਿੰਸੀਪਲਾਂ ਅਤੇ ਪੰਜਾਬ ਕਲਾ ਪ੍ਰੀਸ਼ਦ ਦੇ ਨੁਮਾਇੰਦਿਆਂ ਨੂੰ ਇਸ ਮੇਲੇ ਦੀ ਸਫ਼ਲਤਾ ਲਈ ਇੱਕ-ਜੁੱਟ ਹੋ ਕੇ ਕੰਮ ਕਰਨ ਲਈ ਕਿਹਾ ਅਤੇ ਵੱਧ ਤੋਂ ਵੱਧ ਲੜਕੀਆਂ ਅਤੇ ਔਰਤਾਂ ਨੂੰ ਸ਼ਾਮਲ ਹੋਣ ਦੀ ਅਪੀਲ ਵੀ ਕੀਤੀ।
ਸ. ਰਣਜੋਧ ਸਿੰਘ ਪ੍ਰਧਾਨ ਪੰਜਾਬ ਲਲਿਤ ਕਲਾ ਅਕੈਡਮੀ ਨੇ ਕਿਹਾ ਕਿ ‘ਮੇਲਾ ਧੀਆਂ ਦਾ’ ਲੜਕੀਆਂ ਨੂੰ ਲੋਕ ਵਿਰਸੇ ਨਾਲ ਜੋੜਨ ਦਾ ਮਹੱਤਵ-ਪੂਰਣ ਉਪਰਾਲਾ ਹੈ ਅਤੇ ਵਿਰਸੇ ਦੀ ਸੰਭਾਲ ਤੇ ਪਹਿਰਾ ਦੇ ਕੇ ਹੀ ਨੌਜਵਾਨਾਂ ਵਿੱਚ ਵਿਰਸੇ ਦੇ ਵਿਸਰ ਰਹੇ ਰੁਝਾਨ ਨੂੰ ਮੁੜ ਸੁਰਜੀਤ ਕੀਤਾ ਜਾ ਸਕਦਾ ਹੈ। ਉਹਨਾਂ ਕਿਹਾ ਕਿ ਇਸ ਮੇਲੇ ਵਿੱਚ ਸਿੱਖ ਇਤਿਹਾਸ ਬਾਰੇ ਜਾਣਕਾਰੀ ਭਰਪੂਰ ਫ਼ਿਲਮਾਂ ਵਿਖਾਈਆਂ ਜਾਣਗੀਆਂ ਅਤੇ ਅਲੋਪ ਹੋ ਰਹੀਆਂ ਕਲਾ-ਕ੍ਰਿਤੀਆਂ ਨੂੰ ਵੀ ਡਿਸਪਲੇਅ ਕੀਤਾ ਜਾਵੇਗਾ।
ਸ੍ਰੀਮਤੀ ਗੁਰਮਿੰਦਰ ਕੌਰ ਪ੍ਰਿੰਸੀਪਲ ਨੇ ਮੰਤਰੀ ਨੂੰ ਜੀ ਆਇਆਂ ਕਹਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਰੰਭ ਕੀਤੇ ਗਏ ਵਿਰਾਸਤੀ ਮੇਲਾ ‘ਮੇਲਾ ਧੀਆਂ ਦਾ’ ਦੌਰਾਨ ਲੜਕੀਆਂ ਦੇ ਵੱਖ-ਵੱਖ ਮੁਕਾਬਲਿਆਂ ਦੀ ਲੜੀ ਨਾਲ ਲੜਕੀਆਂ ਨੂੰ ਆਪਣੇ ਵਿੱਚ ਛੁਪੀ ਪ੍ਰਤਿਭਾ ਨੂੰ ਉਜਾਗਰ ਕਰਨ ਲਈ ਚੰਗੇਰੇ ਅਵਸਰ ਉਪਲੱਭਦ ਹੁੰਦੇ ਹਨ ਅਤੇ ਕਾਲਜ ਨੂੰ ਭਰਪੂਰ ਤਜਰਬਾ ਹਾਸਲ ਹੋਇਆ ਹੈ।
ਇਸ ਮੌਕੇ ਤੇ ਉਘੇ ਹਾਸਰਸ ਫ਼ਿਲਮੀ ਕਲਾਕਾਰ ਮੇਹਰ ਮਿੱਤਲ ਵੀ ਪੁੱਜੇ ਅਤੇ ਉਹਨਾਂ ਨੇ ਆਪਣੇ ਫ਼ਿਲਮੀ ਕੈਰੀਅਰ ਦੀਆਂ ਯਾਦਾਂ ਵਿੱਚੋਂ ਚੁਟਕਲੇ ਵੀ ਸੁਣਾਏ। ਸ੍ਰ. ਗਾਬੜੀਆ ਨੇ ਮੇਹਰ ਮਿੱਤਲ ਦਾ ਸਨਮਾਨ ਵੀ ਕੀਤਾ।
ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸ੍ਰੀ ਪ੍ਰਦੀਪ ਅਗਰਵਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਸ. ਰਣਜੋਧ ਸਿੰਘ ਪ੍ਰਧਾਨ ਪੰਜਾਬ ਲਲਿਤ ਕਲਾ ਅਕੈਡਮੀ, ਸ. ਜਗਦੇਵ ਸਿੰਘ ਗੋਹਲਵੜੀਆ,ਸ੍ਰੀ ਮਹਿੰਦਰ ਸਿੰਘ ਜ਼ਿਲਾ ਵਿਕਾਸ ਤੇ ਪੰਚਾਇਤ ਅਫ਼ਸਰ, ਕਾਲਜ ਦੇ ਪ੍ਰਿੰਸੀਪਲ ਸ੍ਰੀਮਤੀ ਗੁਰਮਿੰਦਰ ਕੌਰ, ਡਾ: ਮਹਿੰਦਰ ਕੌਰ ਗਰੇਵਾਲ, ਸ੍ਰੀਮਤੀ ਕੁਲਦੀਪ ਕੌਰ ਟਿਵਾਣਾ ਸਕੱਤਰ ਪੰਜਾਬ ਆਰਟ ਕੌਂਸਲ, ਪ੍ਰੋ. ਕੁਲਦੀਪ ਸਿੰਘ, ਸ. ਬਲਜਿੰਦਰ ਸਿੰਘ ਪਨੇਸਰ, ਸ. ਮਲਕੀਤ ਸਿੰਘ ਸ਼ੀਰਾ, ਪ੍ਰੋ.ਰਾਜਪਾਲ ਸਿੰਘ, ਵੱਖ-ਵੱਖ ਕਾਲਜਾਂ ਦੇ ਪ੍ਰਿੰਸੀਪਲ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਨੁਮਾਇੰਦੇ ਹਾਜ਼ਰ ਸਨ।