ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਬਠਿੰਡਾ ਅਤੇ ਮਾਨਸਾ ਜ਼ਿਲ੍ਹਿਆਂ ਦੇ ਦੋ ਪਿੰਡ ਕਿੱਲੀ ਨਿਹਾਲ ਸਿੰਘ (ਬਠਿੰਡਾ) ਅਤੇ ਖੋਖਰ ਖੁਰਦ (ਮਾਨਸਾ) ਨੂੰ ਕੁਦਰਤੀ ਸੋਮਿਆਂ ਦੀ ਸੁਯੋਗ ਵਰਤੋਂ ਅਤੇ ਸੰਭਾਲ ਲਈ ਅਪਣਾਇਆ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਦੱਸਿਆ ਕਿ ਅਜਿਹਾ ਕਰਨ ਦਾ ਮਨੋਰਥ ਇਹ ਹੈ ਕਿ ਯੂਨੀਵਰਸਿਟੀ ਵੱਲੋਂ ਵਿਕਸਤ ਤਕਨੀਕ ਦਾ ਪ੍ਰਚਾਰ ਪ੍ਰਸਾਰ ਜ਼ਿਲ੍ਹੇ ਦੇ ਬਾਕੀ ਹਿੱਸਿਆਂ ਵਿੱਚ ਵੀ ਹੋਵੇ। ਇਸ ਕਾਰਜ ਲਈ ਭਾਰਤ ਸਰਕਾਰ ਦੇ ਬਰਾਨੀ ਖੇਤੀ ਨਾਲ ਸਬੰਧਿਤ ਖੋਜ ਸੰਸਥਾਨ ਵੱਲੋਂ ਆਰਥਿਕ ਅਤੇ ਤਕਨੀਕੀ ਸਹਾਇਤਾ ਨਾਲ ਲੋੜੀਂਦੀ ਮਸ਼ੀਨਰੀ ਖਰੀਦ ਲਈ ਗਈ ਹੈ। ਇਸ ਮਸ਼ੀਨਰੀ ਅਤੇ ਤਕਨਾਲੋਜੀ ਨਾਲ ਪੌਣ ਪਾਣੀ ਵਿੱਚ ਆ ਰਹੀ ਤਬਦੀਲੀ ਦਾ ਟਾਕਰਾ ਕਰਨ ਲਈ ਵੀ ਗਿਆਨ ਪਸਾਰ ਕੀਤਾ ਜਾਵੇਗਾ। ਬਠਿੰਡਾ ਅਤੇ ਮਾਨਸਾ ਜ਼ਿਲ੍ਹਿਆਂ ਦੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੀ ਵਿਗਿਆਨ ਸਲਾਹਕਾਰ ਕਮੇਟੀ ਦੀ ਪ੍ਰਧਾਨਗੀ ਕਰਨ ਉਪਰੰਤ ਡਾ: ਢਿੱਲੋਂ ਨੇ ਦੱਸਿਆ ਕਿ ਕੁਦਰਤੀ ਸੋਮਿਆਂ ਦੀ ਸਰਵਪੱਖੀ ਸੰਭਾਲ ਅਤੇ ਸੁਯੋਗ ਵਰਤੋਂ ਲਈ ਪੰਜਾਬ ਸਰਕਾਰ ਦੇ ਖੇਤੀਬਾੜੀ ਵਿਭਾਗ, ਸਹਿਕਾਰਤਾ ਵਿਭਾਗ, ਕੌਮੀ ਖੇਤੀ ਵਿਕਾਸ ਬੈਂਕ ਅਤੇ ਖੇਤੀਬਾੜੀ ਵਿਕਾਸ ਨਾਲ ਸਬੰਧਿਤ ਸਮੂਹ ਅਦਾਰਿਆਂ ਦਾ ਸਹਿਯੋਗ ਲਿਆ ਜਾਵੇਗਾ।
ਯੂਨੀਵਰਸਿਟੀ ਦੇ ਪਸਾਰ ਸਿੱਖਿਆ ਨਿਰਦੇਸ਼ਕ ਡਾ: ਮੁਖਤਾਰ ਸਿੰਘ ਗਿੱਲ ਨੇ ਇਸ ਮੀਟਿੰਗ ਤੋਂ ਪਰਤਣ ਉਪਰੰਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਨਸਾ ਜ਼ਿਲ੍ਹੇ ਵਿੱਚ ਇਸ ਪਿੰਡ ਦੀ ਝੋਨੇ ਦੇ ਵੱਢ ਵਿੱਚ ਕਣਕ ਬੀਜਾਈ ਵਾਸਤੇ ਹੈਪੀ ਸੀਡਰ ਮਸ਼ੀਨ ਮੁੱਖ ਖੇਤੀਬਾੜੀ ਅਫਸਰ ਮਾਨਸਾ ਮੁਹੱਈਆ ਕਰਵਾਉਣਗੇ ਜਦ ਕਿ ਬਠਿੰਡਾ ਜ਼ਿਲ੍ਹੇ ਦੇ ਪਿੰਡ ਕਿੱਲੀ ਨਿਹਾਲ ਸਿੰਘ ਵਿੱਚ ਯੂਨੀਵਰਸਿਟੀ ਵੱਲੋਂ ਹੈਪੀ ਸੀਡਰ ਮਸ਼ੀਨਾਂ ਭੇਜੀਆਂ ਜਾਣਗੀਆਂ। ਡਾ: ਗਿੱਲ ਨੇ ਦੱਸਿਆ ਕਿ ਪਰਾਲੀ ਦੀ ਸੰਭਾਲ ਵਾਸਤੇ ਗੱਠਾਂ ਬੰਨਣ ਵਾਲੀ ਬੇਲਰ ਮਸ਼ੀਨ ਵੀ ਇਨ੍ਹਾਂ ਪਿੰਡਾਂ ਵਿੱਚ ਯੂਨੀਵਰਸਿਟੀ ਵੱਲੋਂ ਭੇਜੀ ਜਾਵੇਗੀ। ਇਵੇਂ ਹੀ ਪਰਾਲੀ ਇਕੱਠੀ ਕਰਕੇ ਸੰਭਾਲਣ ਅਤੇ ਉਸ ਦੀ ਸੁਯੋਗ ਵਰਤੋਂ ਬਾਰੇ ਵੀ ਤਕਨੀਕੀ ਅਤੇ ਵਿਹਾਰਕ ਸਿੱਖਿਆ ਇਨ੍ਹਾਂ ਜ਼ਿਲ੍ਹਿਆਂ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਮੁਹੱਈਆ ਕਰਵਾਉਣਗੇ। ਡਾ: ਗਿੱਲ ਨੇ ਦੱਸਿਆ ਕਿ ਇਨ੍ਹਾਂ ਦੋਹਾਂ ਜ਼ਿਲ੍ਹਿਆਂ ਦੇ ਅਗਲੇ ਸਾਲ ਲਈ ਸਿਖਲਾਈ ਪ੍ਰੋਗਰਾਮਾਂ ਦੀ ਰੂਪ ਰੇਖਾ ਨੂੰ ਵੀ ਪ੍ਰਵਾਨਗੀ ਦਿੱਤੀ ਗਈ। ਦੋਹਾਂ ਜ਼ਿਲ੍ਹਿਆਂ ਦੇ ਵਿਕਾਸ ਨਾਲ ਸਬੰਧਿਤ ਵਿਭਾਗਾਂ ਦੇ ਮੁਖੀ ਇਨ੍ਹਾਂ ਮੀਟਿੰਗਾਂ ਵਿੱਚ ਸ਼ਾਮਿਲ ਹੋਏ।