10 ਦੋਸ਼ੀ 11 ਹਥਿਆਰਾਂ ਅਤੇ 5 ਗੱਡੀਆਂ ਸਮੇਤ ਕਾਬੂ- ਐਸ.ਐਸ.ਪੀ.
ਪਟਿਆਲਾ- ਪਟਿਆਲਾ ਪੁਲਿਸ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮੁੱਖ ਗੇਟ ‘ਤੇ ਦੋ ਧੜਿਆਂ ਵਿਚਕਾਰ ਹੋਏ ਝਗੜੇ ਦੇ 10 ਕਥਿਤ ਦੋਸ਼ੀਆਂ ਨੂੰ 11 ਹਥਿਆਰਾਂ ਅਤੇ 5 ਵਾਹਨਾਂ ਸਮੇਤ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ, ਇਸ ਬਾਰੇ ਜਾਣਕਾਰੀ ਐਸ.ਐਸ.ਪੀ. ਪਟਿਆਲਾ ਸ੍ਰ: ਗੁਰਪ੍ਰੀਤ ਸਿੰਘ ਗਿੱਲ ਨੇ ਪੁਲਿਸ ਲਾਈਨ ਪਟਿਆਲਾ ਵਿਖੇ ਸੱਦੇ ਗਏ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਦਿੰਦਿਆਂ ਦੱਸਿਆ ਕਿ ਬੀਤੀ 20 ਸਤੰਬਰ ਨੂੰ ਸ਼ਾਮ ਦੇ ਕਰੀਬ 7:00 ਵਜੇ ਪੰਜਾਬੀ ਯੂਨੀਵਰਸਿਟੀ ਦੇ ਮੁੱਖ ਗੇਟ ‘ਤੇ ਹਰਿੰਦਰ ਸਿੰਘ ਉਰਫ ਚੀਕੂ ਪੁੱਤਰ ਕੁਲਵੰਤ ਸਿੰਘ ਵਾਸੀ ਸੈਫਦੀਪੁਰ ਅਤੇ ਬਰਿੰਦਰ ਸਿੰਘ ਉਰਫ ਬੰਟੀ ਪੁੱਤਰ ਕੁਲਵਿੰਦਰ ਸਿੰਘ ਵਾਸੀ ਲਹਿਲ ਕਲੌਨੀ ਪਟਿਆਲਾ ਜਿਹਨਾਂ ਦੀ ਕਿ ਯੂਨੀਵਰਸਿਟੀ ਦੇ ਕੈਂਪਸ ਵਿੱਚ ਉਸੇ ਦਿਨ ਪਹਿਲਾਂ ਵੀ ਤਕਰਾਰਬਾਜੀ ਹੋਈ ਸੀ ਜਿਸ ਦੇ ਚਲਦਿਆਂ ਇਹਨਾਂ ਦੋਵਾਂ ਧੜਿਆਂ ਵਿੱਚ ਉਸੇ ਦਿਨ ਸ਼ਾਮ ਨੂੰ ਯੂਨੀਵਰਸਿਟੀ ਦੇ ਮੁੱਖ ਗੇਟ ‘ਤੇ ਲੜਾਈ ਹੋਈ ਅਤੇ ਦੋਵੇਂ ਪਾਸਿਓ ਤਕਰੀਬਨ 40 ਰੌਂਦ ਚਲਾਏ ਗਏ ਜਿਸ ਵਿੱਚ ਇੱਕ ਗਰੁੱਪ ਦੇ ਦੋ ਵਿਅਕਤੀ ਹਰਿੰਦਰ ਸਿੰਘ ਉਰਫ ਬੱਬੂ ਪੁੱਤਰ ਮਹਿਲ ਸਿੰਘ ਵਾਸੀ ਸਮਸ਼ਪੁਰ ਅਤੇ ਇੰਦਰਜੀਤ ਸਿੰਘ ਪੁੱਤਰ ਟਹਿਲ ਸਿੰਘ ਵਾਸੀ ਜਲਾਲਪੁਰ ਜ਼ਖਮੀ ਹੋ ਗਏ ਸਨ ਅਤੇ ਇਸ ਤੋਂ ਇਲਾਵਾਂ ਪੰਜਾਬੀ ਯੂਨੀਵਰਸਿਟੀ ਦੇ ਦੋ ਵਿਦਿਆਰਥੀ ਅਭਿਸ਼ੇਕ ਗਰੇਨ ਪੁੱਤਰ ਦਮੋਦਰ ਗਰੇਨ ਵਾਸੀ ਬਿਘਨੀ ਬਿਘਾ ਜ਼ਿਲ੍ਹਾ ਨਾਲੰਦ ਬਿਹਾਰ ਅਤੇ ਭਰਤ ਮੈਹਣ ਪੁੱਤਰ ਤਿਲਕ ਰਾਜ ਮੈਹਣ ਵਾਸੀ ਤਾਰਪੁਰ ਜ਼ਿਲ੍ਹਾ ਹੁਸ਼ਿਆਰਪੁਰ ਮਾਮੂਲੀ ਜਖ਼ਮੀ ਹੋ ਗਏ ਸਨ ਜਿਹਨਾਂ ਦਾ ਇਹਨਾਂ ਗਰੁੱਪਾਂ ਨਾਲ ਕੋਈ ਸਬੰਧ ਨਹੀਂ ਸੀ। ਇਸ ਤੋਂ ਇਲਾਵਾ ਇਮਲੇਸ਼ ਪਾਰਖ ਪੁੱਤਰ ਗੱਜਾ ਨੰਦ ਪਾਰਖ ਵਾਸੀ ਪ੍ਰੇਮ ਨਗਰ ਟਾਕਰੋਡ ਜੈਪੁਰ ਰਾਜਸਥਾਨ, ਅਕੁੰਜ ਜੈਨ ਪੁੱਤਰ ਅਮਿਤ ਜੈਨ ਵਾਸੀ ਸੰਤ ਨਗਰ ਹਿਸਾਰ ਹਰਿਆਣਾ ਜੋ ਕਿ ਆਪਣੀ ਗੱਡੀ ਨੰ: ਐਚ.ਆਰ.ਬੀ. 39-ਬੀ 7558 (ਐਗਜਾਇਲੋ) ਰਾਹੀਂ ਆਪਣੇ ਕੰਮ ਕਾਰ ਲਈ ਪੰਚਕੁਲਾ ਜਾ ਰਹੇ ਸਨ ਦੀ ਗੱਡੀ ਵਿੱਚ ਵੀ ਛਰੇ ਲੱਗੇ ਸਨ ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੀ।
ਸ੍ਰ: ਗਿੱਲ ਨੇ ਇਸ ਬਾਰੇ ਵਿਸਥਾਰ ਪੂਰਬਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰਿੰਦਰ ਸਿੰਘ ਉਰਫ ਚੀਕੂ ਐਨ.ਐਸ.ਐਫ.ਏ.(ਨੈਸ਼ਨਲ ਸਟੂਡੈਂਟਸ ਫਰੀਥਿੰਕਿੰਗ ਅਲਾਂਇਸ) ਦਾ ਪ੍ਰਧਾਨ ਹੈ ਜਦੋਂ ਕਿ ਬਰਿੰਦਰ ਸਿੰਘ ਉਰਫ ਬੰਟੀ ਐਨ.ਐਸ.ਯੂ.ਆਈ. (ਨੈਸ਼ਨਲ ਸਟੂਡੈਂਟਸ ਯੂਨੀਅਨ ਆਫ ਇੰਡੀਆ) ਦਾ ਪ੍ਰਧਾਨ ਹੈ। ਉਨ੍ਹਾਂ ਦੱਸਿਆ ਕਿ ਇਸ ਲੜਾਈ ਸਬੰਧੀ ਇੰਦਰਜੀਤ ਸਿੰਘ ਅਤੇ ਜਸ਼ਨਪ੍ਰਤਾਪ ਸਿੰਘ ਦੇ ਬਿਆਨਾਂ ‘ਤੇ ਮੁਕੱਦਮਾ ਨੰ: 91 ਮਿਤੀ 21-9-2011 ਥਾਣਾ ਅਰਬਨ ਅਸਟੇਟ ਵਿਖੇ ਆਈ.ਪੀ.ਸੀ. ਦੀ ਧਾਰਾ 307/148/149 ਤੇ ਅਸਲਾ ਐਕਟ ਦੀ ਧਾਰਾ 25/27/54/59 ਅਧੀਨ ਦਰਜ਼ ਕੀਤਾ ਗਿਆ। ਸ੍ਰ: ਗਿੱਲ ਨੇ ਦੱਸਿਆ ਕਿ ਇਸ ਲੜਾਈ ਦੇ ਦੋਸ਼ੀਆਂ ਨੂੰ ਫੜਨ ਲਈ ਪਟਿਆਲਾ ਪੁਲਿਸ ਵੱਲੋਂ ਐਸ.ਪੀ. (ਡੀ) ਸ੍ਰ: ਪ੍ਰਿਤਪਾਲ ਸਿੰਘ ਥਿੰਦ ਦੀ ਅਗਵਾਈ ਵਿੱਚ ਇੱਕ ਟੀਮ ਦਾ ਗਠਨ ਕੀਤਾ ਗਿਆ ਜਿਸ ਵਿੱਚ ਡੀ.ਐਸ.ਪੀ. (ਡੀ) ਸ੍ਰ: ਮਨਜੀਤ ਸਿੰਘ ਬਰਾੜ, ਡੀ.ਐਸ.ਪੀ. (ਸਿਟੀ-2) ਸ੍ਰ: ਦਵਿੰਦਰ ਸਿੰਘ ਬਰਾੜ, ਸੀ.ਆਈ.ਏ. ਪਟਿਆਲਾ ਦੇ ਇੰਚਾਰਜ ਇੰਸਪੈਕਟਰ ਸੁਖਵਿੰਦਰ ਸਿੰਘ ਚੌਹਾਨ ਤੇ ਐਸ.ਆਈ. ਕੁਲਜੀਤ ਸਿੰਘ ਮੁੱਖ ਅਫਸਰ ਥਾਣਾ ਅਰਬਨ ਅਸਟੇਟ ਤੋਂ ਇਲਾਵਾ ਹੋਰ ਅਧਿਕਾਰੀ ਵੀ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਇਸ ਮੁਕੱਦਮੇ ਵਿੱਚ ਲੋੜੀਂਦਾ ਕਥਿਤ ਦੋਸ਼ੀ ਜਸਨਪ੍ਰੀਤ ਸਿੰਘ ਪੁੱਤਰ ਚਰਨਜੀਤ ਸਿੰਘ ਵਾਸੀ ਅਰਬਨ ਅਸਟੇਟ ਪਟਿਆਲਾ ਜੋ ਕਿ ਚੀਕੂ ਗਰੁੱਪ ਨਾਲ ਸਬੰਧ ਰੱਖਦਾ ਹੈ ਨੂੰ 21 ਸਤੰਬਰ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਅਤੇ ਅਮਰਿੰਦਰ ਸਿੰਘ ਚੀਮਾਂ ਪੁੱਤਰ ਸਤਪਾਲ ਸਿੰਘ ਚੀਮਾ ਵਾਸੀ ਭਾਦਸੋਂ ਰੋਡ ਪਟਿਆਲਾ 23 ਸਤੰਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਪਾਸੋਂ 32 ਬੋਰ ਦਾ ਨਜਾਇਜ ਪਿਸਤੌਲ ਬਰਾਮਦ ਹੋਇਆ ਹੈ । ਉਨ੍ਹਾਂ ਦੱਸਿਆ ਕਿ ਇਸ ਕੇਸ ਵਿੱਚ ਦੋਨੋ ਮੁਦੱਈਆਂ ਦੀਆਂ ਵਾਰਦਾਤ ਵਿੱਚ ਵਰਤੀਆਂ ਗੱਡੀਆਂ ਨੰ: ਪੀ.ਬੀ.02 ਬੀ.ਕੇ.-0068 (ਫਾਰਚੂਨ) ਅਤੇ ਇੰਡੀਕਾ ਕਾਰ ਪੀ.ਬੀ. 11-ਏ.ਟੀ. 3314 ਬਰਾਮਦ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਸ ਮੁਕੱਦਮੇ ਦੇ ਇੱਕ ਹੋਰ ਦੋਸ਼ੀ ਅਮਰਿੰਦਰ ਸਿੰਘ ਉਰਫ ਕੈਪਟਨ ਪੁੱਤਰ ਜਲੰਧਰ ਸਿੰਘ ਵਾਸੀ ਸ਼ੁਤਰਾਣਾ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 32 ਬੋਰ ਦਾ ਨਜਾਇਜ ਪਿਸਤੋਲ ਬਰਾਮਦ ਹੋਇਆ ਹੈ।
ਐਸ.ਐਸ.ਪੀ. ਨੇ ਦੱਸਿਆ ਕਿ ਮੁਕੱਦਮੇ ਦੇ ਕਥਿਤ ਦੋਸ਼ੀ ਜੈ ਦੀਪ ਸਿੰਘ ਪੁੱਤਰ ਮਨਮੋਹਨ ਸਿੰਘ ਉਰਫ ਮੋਹਨੀ ਸਰਪੰਚ ਸ਼ਾਦੀਪੁਰ ਜ਼ਿਲ੍ਹਾ ਪਟਿਆਲਾ ਅਤੇ ਹਰਿੰਦਰ ਸਿੰਘ ਉਰਫ ਚੀਕੂ ਨੇ ਮਾਣਯੋਗ ਅਦਾਲਤ ਵਿੱਚ 28 ਸਤੰਬਰ ਨੂੰ ਆਤਮ ਸਮਰਪਣ ਕੀਤਾ ਸੀ। ਉਨ੍ਹਾਂ ਦੱਸਿਆ ਕਿ ਜੈ ਦੀਪ ਸਿੰਘ ਵੱਲੋਂ ਲੜਾਈ ਵਿੱਚ ਵਰਤੇ ਇੱਕ 32 ਬੋਰ ਦੇ ਰਿਵਾਲਵਰ ਸਮੇਤ 6 ਖੋਲ, ਇੱਕ ਰਾਈਫਲ 12 ਬੋਰ ਸਮੇਤ ਦੋ ਖੋਲ ਵੀ ਬਰਾਮਦ ਕੀਤੇ ਗਏ ਹਨ ਜੋ ਕਿ ਉਸ ਦੇ ਪਿਤਾ ਮਨਮੋਹਨ ਸਿੰਘ ਦੇ ਨਾਮ ‘ਤੇ ਹੈ । ਉਨ੍ਹਾਂ ਦੱਸਿਆ ਕਿ ਹਰਿੰਦਰ ਸਿੰਘ ਉਰਫ ਚੀਕੂ ਵੱਲੋਂ ਲੜਾਈ ਵਿੱਚ ਵਰਤੇ ਗਏ ਇੱਕ 32 ਬੋਰ ਰਿਵਾਲਵਰ ਸਮੇਤ 6 ਖੋਲ ਅਤੇ ਇੱਕ ਰਾਈਫਲ 315 ਬੋਰ ਸਮੇਤ 6 ਖੋਲ ਵੀ ਬਰਾਮਦ ਕੀਤੇ ਗਏ ਹਨ । ਸ੍ਰ: ਗਿੱਲ ਨੇ ਦੱਸਿਆ ਕਿ ਇੰਦਰਜੀਤ ਸਿੰਘ ਪੁੱਤਰ ਟਹਿਲ ਸਿੰਘ ਜੋ ਕਿ ਜ਼ਖਮੀ ਹੋਣ ਕਾਰਨ ਹਸਪਤਾਲ ਵਿੱਚ ਜ਼ੇਰ-ਏ-ਇਲਾਜ ਸੀ ਉਸ ਨੂੰ ਛੁੱਟੀ ਮਿਲਣ ‘ਤੇ ਗ੍ਰਿਫਤਾਰ ਕਰ ਲਿਆ ਗਿਆ ਹੈ । ਉਨ੍ਹਾਂ ਦੱਸਿਆ ਕਿ ਹਰਿੰਦਰ ਸਿੰਘ ਉਰਫ ਬੱਬੂ ਪੁੱਤਰ ਮਾਹਲ ਸਿੰਘ ਵਾਸੀ ਸਮਸ਼ਪੁਰ ਵੱਲੋਂ ਲੜਾਈ ਵਿੱਚ ਵਰਤੇ ਗਏ ਲਾਇਸੈਂਸੀ ਅਸਲਾ ਇੱਕ 315 ਬੋਰ ਰਾਈਫਲ ਅਤੇ ਇੱਕ 12 ਬੋਰ ਰਾਈਫਲ ਬਰਾਮਦ ਵੀ ਬਰਾਮਦ ਕਰ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਸੀ.ਆਈ. ਪਟਿਆਲਾ ਦੇ ਏ.ਐਸ.ਆਈ. ਜਸਪਾਲ ਸਿੰਘ ਅਤੇ ਥਾਣਾ ਅਰਬਨ ਅਸਟੇਟ ਦੇ ਏ.ਐਸ.ਆਈ. ਤੇਜ ਸਿੰਘ ਨੇ ਸਮੇਤ ਪੁਲਿਸ ਪਾਰਟੀ 10 ਅਕਤੂਬਰ ਨੂੰ ਰਾਜਪੁਰਾ-ਸਰਹੰਦ ਬਾਈਪਾਸ ‘ਤੇ ਕੀਤੀ ਨਾਕੇਬੰਦੀ ਦੌਰਾਨ ਬਰਿੰਦਰ ਸਿੰਘ ਉਰਫ ਬੰਟੀ ਅਤੇ ਅਮਨਦੀਪ ਸਿੰਘ ਉਰਫ ਰਾਣਾ ਪੁੱਤਰ ਰਣਬੀਰ ਸਿੰਘ ਵਾਸੀ ਸੰਗਰੂਰ ਨੂੰ ਵੈਨਟੋ ਕਾਰ ਨੰ: ਪੀ.ਬੀ. 11-ਏ.ਐਸ. 9336 ਵਿੱਚੋਂ ਕਾਬੂ ਕਰਕੇ ਬਰਿੰਦਰ ਸਿੰਘ ਉਰਫ ਬੰਟੀ ਦੇ ਕਬਜੇ ਵਿੱਚੋਂ ਇੱਕ 32 ਬੋਰ ਪਿਸਤੌਲ ਸਮੇਤ ਪੰਜ ਰੌਂਦ ਬਰਾਮਦ ਕੀਤੇ ਗਏ ਹਨ ।
ਸ੍ਰ: ਗਿੱਲ ਨੇ ਦੱਸਿਆ ਕਿ ਹਰਦੀਪ ਸਿੰਘ ਉਰਫ ਦੀਪ ਪੁੱਤਰ ਨਾਜ਼ਰ ਸਿੰਘ ਵਾਸੀ ਹੰਸ ਡਾਇਰ ਨੇੜੇ ਖਨੌਰੀ ਅਤੇ ਮਨਜਿੰਦਰ ਸਿੰਘ ਉਰਫ ਮੰਨੂ ਪਹਿਲਵਾਨ ਪੁੱਤਰ ਅਮਰੀਕ ਸਿੰਘ ਵਾਸੀ ਡੇਰਾ ਜੱਟਾਂ ਵਾਲਾ ਸ਼ੁਤਰਾਣਾ ਨੂੰ ਵਰਨਾ ਕਾਰ ਨੰ: ਐਚ.ਆਰ. 49 ਈ-0032 ਵਿੱਚੋਂ ਕਾਬੂ ਕਰਕੇ ਹਰਦੀਪ ਸਿੰਘ ਦੇ ਕਬਜੇ ਵਿੱਚੋਂ ਇੱਕ 32 ਬੋਰ ਪਿਸਤੌਲ ਸਮੇਤ 5 ਰੌਂਦ ਬਰਾਮਦ ਕੀਤੇ ਗਏ ਹਨ। ਜਦੋਂਕਿ ਮਨਜਿੰਦਰ ਸਿੰਘ ਉਰਫ ਮੰਨੂ ਪਹਿਲਵਾਨ ਦੇ ਕਬਜੇ ਵਿੱਚੋਂ ਇੱਕ 32 ਬੋਰ ਪਿਸਤੌਲ ਸਮੇਤ 5 ਰੌਂਦ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਲੜਾਈ ਵਿੱਚ ਵਰਤੇ ਗਏ ਹਥਿਆਰਾਂ ਵਿੱਚੋਂ ਕੁਝ ਲਾਇਸੈਂਸੀ ਸਨ ਅਤੇ ਕੁਝ ਗੈਰ ਕਾਨੂੰਨੀ ਹਥਿਆਰ ਸਨ । ਸ੍ਰ: ਗਿੱਲ ਨੇ ਕਿਹਾ ਕਿ ਜਿਹੜੇ ਲਾਇਸੈਂਸੀ ਹਥਿਆਰ ਹਨ ਉਹਨਾ ਨੂੰ ਰੱਦ ਕਰਨ ਲਈ ਜ਼ਿਲ੍ਹਾ ਮੈਜਿਸਟ੍ਰੇਟ ਪਟਿਆਲਾ ਨੂੰ ਲਿਖਿਆ ਜਾਵੇਗਾ। ਉਹਨਾਂ ਦੱਸਿਆ ਕਿ ਇਸ ਲੜਾਈ ਵਿੱਚ ਸ਼ਾਮਲ ਇੱਕ ਕਥਿਤ ਦੋਸ਼ੀ ਹਸਪਤਾਲ ਵਿੱਚ ਇਲਾਜ਼ ਅਧੀਨ ਹੈ ਅਤੇ ਜਦੋਂ ਵੀ ਉਸ ਨੂੰ ਹਸਪਤਾਲ ਵਿੱਚੋਂ ਛੁੱਟੀ ਮਿਲੇਗੀ ਤਾਂ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਪ੍ਰਸ਼ਾਸ਼ਨ ਨੂੰ ਆਖਿਆ ਗਿਆ ਹੈ ਕਿ ਯੂਨੀਵਰਸਿਟੀ ਵਿੱਚ ਸੁਰੱਖਿਆ ਨੂੰ ਹੋਰ ਵਧੇਰੇ ਮਜਬੂਤ ਕੀਤਾ ਜਾਵੇ। ਸ੍ਰ: ਗਿੱਲ ਨੇ ਦੱਸਿਆ ਕਿ ਇਸ ਲੜਾਈ ਵਿੱਚ ਸ਼ਾਮਲ ਕਥਿਤ ਦੋਸ਼ੀਆਂ ਵਿੱਚੋਂ ਕੁਝ ਯੂਨੀਵਰਸਿਟੀ ਦੇ ਵਿਦਿਆਰਥੀ ਸਨ ਅਤੇ ਕੁਝ ਫਰਜ਼ੀ ਵਿਦਿਆਰਥੀ ਸਨ ਜੋ ਕਿ ਆਪਣੀ ਬਦਮਾਸ਼ੀ ਵਿਖਾਉਣ ਕਾਰਨ ਯੂਨੀਵਰਸਿਟੀ ਦੇ ਭੋਲੋ-ਭਾਲੇ ਵਿਦਿਆਰਥੀਆਂ ‘ਤੇ ਰੋਅਬ ਪਾਕੇ ਪੈਸੇ ਖਰਚਵਾਉਂਦੇ ਸਨ।