October 14, 2011 admin

ਕੌਮਾਂਤਰੀ ਪੱਧਰ ਦਾ ਸਾਇੰਸਦਾਨਾਂ ਲਈ ਬਾਗਬਾਨੀ ਸੰਬੰਧੀ ਸਿਖਲਾਈ ਕੋਰਸ ਪੀ ਏ ਯੂ ਵਿਖੇ ਆਰੰਭ

ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਾਗਬਾਨੀ ਵਿਭਾਗ ਵੱਲੋਂ 21 ਦਿਨਾਂ ਦਾ ਇਕ ਸਿਖਲਾਈ ਕੋਰਸ ਅੱਜ ਆਰੰਭ ਹੋਇਆ। ਇਹ ਕੋਰਸ ਭਾਰਤੀ ਖੇਤੀ ਖੋਜ ਸੰਸਥਾ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਦੇਸ਼ ਦੀਆਂ ਵੱਖ ਵੱਖ ਯੂਨੀਵਰਸਿਟੀਆਂ ਤੋਂ 25 ਸਾਇੰਸਦਾਨ ਭਾਗ ਲੈ ਰਹੇ ਹਨ। ਇਸ ਕੋਰਸ ਦਾ ਉਦਘਾਟਨ ਅੱਜ ਨਿਰਦੇਸ਼ਕ ਪਸਾਰ ਸਿੱਖਿਆ ਡਾ: ਮੁਖਤਾਰ ਸਿੰਘ ਗਿੱਲ ਨੇ ਕੀਤਾ। ਉਨ੍ਹਾਂ ਆਪਣੇ ਭਾਸ਼ਣ ਵਿੱਚ ਦੱਸਿਆ ਕਿ ਪ੍ਰਤੀ ਇਕਾਈ ਅਮਰੂਦ ਅਤੇ ਅਨਾਰ ਦੇ ਬੂਟੇ ਜ਼ਿਆਦਾ ਮਾਤਰਾ ਵਿੱਚ ਲੈਣ ਦੇ ਨਾਲ ਝਾੜ ਵੱਧ ਪ੍ਰਾਪਤ ਹੁੰਦਾ ਹੈ। ਉਨ੍ਹਾਂ ਕਿਹਾ ਕਿ ਖੇਤੀ ਵਿਭਿੰਨਤਾ ਲਿਆਉਣ ਲਈ ਬਾਗਬਾਨੀ ਇਕ ਅਹਿਮ ਯੋਗਦਾਨ ਪਾ ਸਕਦੀ ਹੈ ਅਤੇ ਇਸ ਸੰਬੰਧੀ ਨਵੀਆਂ ਵਿਕਸਤ ਕੀਤੀਆਂ ਤਕਨੀਕਾਂ ਨੂੰ ਕਿਸਾਨਾਂ ਦੇ ਬਾਗਾਂ ਤਕ ਪਹੁੰਚਾਉਣਾ ਮੁੱਖ ਟੀਚਾ ਹੈ। ਇਸ ਮੌਕੇ ਵਿਭਾਗ ਦੇ ਮੁਖੀ ਡਾ: ਪੁਸ਼ਪਿੰਦਰ ਸਿੰਘ ਔਲਖ ਨੇ ਕੌਮਾਂਤਰੀ ਪੱਧਰ ਦੇ ਬਾਗਬਾਨੀ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਅਤੇ ਦੱਸਿਆ ਕਿ ਇਸ ਕੋਰਸ ਵਿੱਚ ਆਂਧਰਾ ਪ੍ਰਦੇਸ਼, ਗੁਜਰਾਤ, ਕਰਨਾਟਕਾ, ਉੜੀਸਾ, ਮਹਾਂਰਾਸ਼ਟਰਾ, ਮੱਧ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ, ਹਰਿਆਣਾ, ਛਤੀਸਗੜ੍ਹ ਆਦਿ ਸੂਬਿਆਂ ਤੋਂ ਸਾਇੰਸਦਾਨ ਭਾਗ ਲੈ ਰਹੇ ਹਨ। ਇਸ ਕੋਰਸ ਦੇ ਤਕਨੀਕੀ ਕੋਆਰਡੀਨੇਟਰ ਡਾ: ਵਿਸਾਖਾ ਸਿੰਘ ਢਿੱਲੀ ਨੇ ਕੋਰਸ ਸੰਬੰਧੀ ਵਿਸਥਾਰ ਵਿੱਚ ਭਾਗ ਲੈ ਰਹੇ ਸਾਇੰਸਦਾਨਾਂ ਨਾਲ ਸਾਂਝੀ ਕੀਤੇ। ਅੰਤ ਵਿੱਚ ਵਿਭਾਗ ਦੇ ਸਾਇੰਸਦਾਨ ਡਾ: ਜੀ ਐਸ ਕਾਹਲੋਂ ਨੇ ਮੁੱਖ ਮਹਿਮਾਨ ਅਤੇ ਹੋਰ ਸਾਇੰਸਦਾਨਾਂ ਦਾ ਧੰਨਵਾਦ ਕੀਤਾ। 

Translate »